18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਆਜ਼ਾਦੀ ਦਿਵਸ ਮੌਕੇ ਚੰਡੀਗੜ੍ਹ ’ਚ ਕੌਮੀ ਇਨਸਾਫ਼ ਮੋਰਚਾ ਦੇ ਪ੍ਰਦਰਸ਼ਨ ਦੌਰਾਨ 17 ਗ੍ਰਿਫ਼ਤਾਰੀਆਂ ਦੀ ਪੁਸ਼ਟੀ

ਆਜ਼ਾਦੀ ਦਿਵਸ ਮੌਕੇ ਚੰਡੀਗੜ੍ਹ ’ਚ ਕੌਮੀ ਇਨਸਾਫ਼ ਮੋਰਚਾ ਦੇ ਪ੍ਰਦਰਸ਼ਨ ਦੌਰਾਨ 17 ਗ੍ਰਿਫ਼ਤਾਰੀਆਂ ਦੀ ਪੁਸ਼ਟੀ

ਅਜੀਤ ਡੈਸਕ 18-08-2026

**ਸੈਕਟਰ-26 ਮਾਮਲੇ ’ਚ 9 ਜਣੇ ਭੇਜੇ ਜੇਲ੍ਹ
ਚੰਡੀਗੜ੍ਹ, 17 ਅਗਸਤ (ਕਪਿਲ ਵਧਵਾ)- ਆਜ਼ਾਦੀ ਦਿਵਸ ਮੌਕੇ 15 ਅਗਸਤ ਨੂੰ ਕੌਮੀ ਇਨਸਾਫ਼ ਮੋਰਚ ਦੀ ਅਗਵਾਈ ਹੇਠ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਤੇ ਕਾਰਕੁਨਾਂ ਵਲੋਂ ਚੰਡੀਗੜ੍ਹ ਸਥਿਤ ਪੰਜਾਬ ਲੋਕ ਭਵਨ ਵੱਲ ਕੂਚ ਕਰਨ ਦੌਰਾਨ ਕੀਤੇ ਗਏ ਰੋਸ ਪ੍ਰਦਰਸ਼ਨ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਿਸ ਵਲੋਂ ਦਰਜ ਕੀਤੇ ਗਏ ਵੱਖ-ਵੱਖ ਮਾਮਲਿਆਂ ’ਚ ਹੁਣ ਤੱਕ 35 ਵਿਅਕਤੀਆਂ ਨੂੰ ਨਾਮਜ਼ਦ ਕਰਨ ਅਤੇ 17 ਆਗੂਆਂ ਅਤੇ ਕਾਰਕੁੰਨਾਂ ਦੀ ਗ੍ਰਿਫ਼ਤਾਰੀ ਹੋਣ ਦੀ ਪੁਸ਼ਟੀ ਹੋਈ ਹੈ। ਹਾਲਾਂਕਿ ਥਾਣਾ ਸੈਕਟਰ-36 ਵਲੋਂ ਦਰਜ ਮਾਮਲੇ ’ਚ ਨਾਮਜ਼ਦ 14 ਵਿਅਕਤੀਆਂ, ਜਿਨ੍ਹਾਂ ’ਚ ਬਾਪੂ ਗੁਰਚਰਨ ਸਿੰਘ ਸਮੇਤ ਹੋਰ ਆਗੂ ਸ਼ਾਮਲ ਹਨ, ਦੀ ਗ੍ਰਿਫ਼ਤਾਰੀ ਸਬੰਧੀ ਪੁਲਿਸ ਵਲੋਂ ਕੋਈ ਅਧਿਕਾਰਿਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਪੁਲਿਸ ਵਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਨਾਰਥ ਵਿਖੇ ਐੱਫ਼.ਆਈ.ਆਰ. ਨੰਬਰ 97 ਮਿਤੀ 15 ਅਗਸਤ ਨੂੰ ਬੀ.ਐੱਨ.ਐੱਸ. ਦੀ ਧਾਰਾ 223 ਤਹਿਤ ਦਰਜ ਕੀਤੀ ਗਈ ਸੀ। ਇਸ ਮਾਮਲੇ ’ਚ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਈਮਾਨ ਸਿੰਘ ਮਾਨ, ਰਛਪਾਲ ਸਿੰਘ, ਸੰਤ ਬਾਬਾ ਚਰਨਜੀਤ ਸਿੰਘ, ਜਤਿੰਦਰ ਸਿੰਘ, ਜਸਵੀਰ ਸਿੰਘ, ਗੁਰਪੰਤ ਸਿੰਘ, ਮਨਦੀਪ ਕੌਰ ਅਤੇ ਰਾਜਿੰਦਰ ਕੌਰ ਸਰਨ ਨੂੰ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰੀ ਤੋਂ ਬਾਅਦ ਇਨ੍ਹਾਂ ਸਾਰੇ 8 ਵਿਅਕਤੀਆਂ ਨੂੰ ਥਾਣੇ ਤੋਂ ਹੀ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਇਸੇ ਥਾਣੇ ’ਚ ਐੱਫ਼.ਆਈ.ਆਰ. ਨੰਬਰ 96 ਵੀ ਦਰਜ ਕੀਤੀ ਗਈ ਹੈ। ਇਸ ’ਚ ਬੀ.ਐੱਨ.ਐੱਸ. ਦੀਆਂ ਧਾਰਾਵਾਂ 217, 223, 353(1)(ਬੀ), 3(5) ਅਤੇ ਪੰਜਾਬ ਸਕਿਉਰਿਟੀ ਆਫ਼ ਸਟੇਟ ਐਕਟ ਦੀ ਧਾਰਾ 9 ਲਗਾਈ ਗਈ ਹੈ। ਮਾਮਲਾ ਹੀਰਾ ਸਿੰਘ ਚੌਕ ਵਿਖੇ ਹੋਏ ਪ੍ਰਦਰਸ਼ਨ ਨਾਲ ਸਬੰਧਤ ਹੈ। ਇਸ ਮਾਮਲੇ ’ਚ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਦਪਿੰਦਰ ਪ੍ਰਤਾਪ ਸਿੰਘ, ਗੋਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਦੀ ਗ੍ਰਿਫ਼ਤਾਰੀ ਹੋਣੀ ਅਜੇ ਬਾਕੀ ਦੱਸੀ ਜਾ ਰਹੀ ਹੈ। ਪੁਲਿਸ ਮੁਤਾਬਕ ਸਿਮਰਨਜੀਤ ਸਿੰਘ ਮਾਨ ਨੇ ਮਰੀਜ਼ ਦਾ ਭੇਸ ਬਣਾ ਕੇ ਐਂਬੂਲੈਂਸ ’ਚ ਬੈਠ ਕੇ ਲੋਕ ਭਵਨ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਉਸ ਸਮੇਂ ਉਨ੍ਹਾਂ ਨੂੰ ਨਜ਼ਰਬੰਦ ਜ਼ਰੂਰ ਕੀਤਾ ਗਿਆ ਸੀ ਪਰ ਬਾਅਦ ਵਿਚ ਮੈਡੀਕਲ ਅਧਾਰ ’ਤੇ ਛੱਡ ਦਿੱਤਾ ਗਿਆ ਸੀ। ਉਧਰ, ਥਾਣਾ ਸੈਕਟਰ-36 ਵਿਖੇ ਬੀ. ਐਨ. ਐੱਸ. ਦੀਆਂ ਧਾਰਾਵਾਂ 190, 191(1), 191(2), 191(3), 192, 195(1), 221, 115(2), 324(3), 121(1), 132, 223 ਅਤੇ 61(2), ਅਸਲਾ ਐਕਟ ਦੀਆਂ ਧਾਰਾਵਾਂ 25/54/59 ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਰੋਕਣ ਸੰਬੰਧੀ ਐਕਟ, 1984 ਦੀ ਧਾਰਾ 3, ਤਹਿਤ ਇੱਕ ਵੱਖਰਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਮੁਤਾਬਕ ਸੈਕਟਰ-51/52 ਦੀ ਵੰਡ ਵਾਲੀ ਸੜਕ ’ਤੇ ਮਟੌਰ ਬੈਰੀਅਰ ਨੇੜੇ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੇ ਸੜਕ ਜਾਮ ਕੀਤੀ ਅਤੇ ਪੁਲਿਸ ਬੈਰੀਕੇਡ ਤੋੜ ਕੇ ਚੰਡੀਗੜ੍ਹ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ’ਚ ਬਾਪੂ ਗੁਰਚਰਨ ਸਿੰਘ, ਗੁਰਦੀਪ ਬਠਿੰਡਾ, ਸੁਖਜਿੰਦਰ ਸਿੰਘ ਖੋਸਾ, ਸੁਖ ਗਿੱਲ ਮੋਗਾ, ਪਾਲ ਸਿੰਘ ਫਰਾਂਸ, ਬਾਬਾ ਰਾਜਾ ਰਾਜ ਸਿੰਘ, ਗੁਰਵਿੰਦਰ ਸਿੰਘ ਭੰਗੂ, ਸੁਰਜੀਤ ਫੂਲ, ਭਾਨਾ ਸਿੱਧੂ, ਬਲਜੀਤ ਸਿੰਘ ਖਾਲਸਾ, ਲੱਖਾ ਸਿਧਾਣਾ, ਅਮਿਤੋਜ਼ ਸਿੰਘ ਮਾਨ, ਨਵਦੀਪ ਸਿੰਘ ਜਲਬੇੜਾ ਸਮੇਤ ਹੋਰਨਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਮਾਮਲੇ ’ਚ ਨਾਮਜ਼ਦ ਵਿਅਕਤੀਆਂ ਦੀ ਗ੍ਰਿਫ਼ਤਾਰੀ ਸਬੰਧੀ ਅਧਿਕਾਰਿਤ ਤੌਰ ’ਤੇ ਕੋਈ ਪੁਸ਼ਟੀ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਥਾਣਾ ਈਸਟ ਸੈਕਟਰ-26 ਵਿਖੇ ਬੀ.ਐੱਨ.ਐੱਸ. ਦੀਆਂ ਧਾਰਾਵਾਂ 223, 3(5) ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ 25/54/59 ਅਧੀਨ ਦਰਜ ਐੱਫ. ਆਈ. ਆਰ. ਵਿਚ ਬਿਆਨ ਕੀਤਾ ਗਿਆ ਕਿ ਪੁਲਿਸ ਵਲੋਂ ਸੈਕਟਰ-7/8 ਦੀ ਵੰਡ ਵਾਲੀ ਸੜਕ ’ਤੇ ਦੋ ਸ਼ੱਕੀ ਵਾਹਨਾਂ ਨੂੰ ਰੋਕ ਕੇ ਤਲਾਸ਼ੀ ਲਈ ਗਈ, ਜਿਨ੍ਹਾਂ ’ਚੋਂ 4 ਤਲਵਾਰਾਂ ਬਰਾਮਦ ਹੋਈਆਂ। ਪੁਲਿਸ ਨੇ ਦੋਵੇਂ ਵਾਹਨ ਅਤੇ ਹਥਿਆਰ ਕਬਜ਼ੇ ’ਚ ਲੈ ਲਏ। ਇਸ ਮਾਮਲੇ ’ਚ ਤਰੁਣ ਜੈਨ, ਹਰਕੀਰਤ ਸਿੰਘ, ਫਤਿਹ ਸਿੰਘ, ਗੁਰਸ਼ਾਂਤ ਸਿੰਘ, ਜਸਪ੍ਰੀਤ ਸਿੰਘ, ਹਰਜੀਤ ਸਿੰਘ, ਅਮਨਦੀਪ ਸਿੰਘ, ਅਵਤਾਰ ਸਿੰਘ ਅਤੇ ਸੰਦੀਪ ਕੁਮਾਰ ਸਮੇਤ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਕਾਰਵਾਈ ਤੋਂ ਬਾਅਦ ਇਨ੍ਹਾਂ ਨੂੰ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਗਿਆ ਹੈ। 

ਪਿਛਲੀ ਖ਼ਬਰ ਪਾਕਿ ਵਲੋਂ ਚਨਾਬ ਦੇ ਨਾਲ ਲਗਦੇ ਇਲਾਕਿਆਂ ਲਈ ਅਲਰਟ ਜਾਰੀ ਭਾਰਤ ’ਤੇ ਸਲਾਲ ਡੈਮ ਦੇ ਸਾਰੇ ਗੇਟ ਖੋਲ੍ਹਣ ਕਾਰਨ ਹੜ੍ਹ ਆਉਣ... ਅਗਲੀ ਖ਼ਬਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਪਿੰਡ ਘੁੱਦੂਵਾਲਾ ਦੀ ਨਵੀਂ ਇਕਾਈ ਦੀ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।