ਮੰਡੀ ਮੁੱਲਾਂਪੁਰ ’ਚ ‘ਨਸ਼ਾ ਮੁਕਤ ਯੁਵਾ ਜਾਗਰਨ’ ਸੰਕਲਪ ਸਮਾਰੋਹ ਨੂੰ ਕੀਤਾ ਸੰਬੋਧਨ
ਮੁੱਲਾਂਪੁਰ ਦਾਖਾ (ਲੁਧਿਆਣਾ), 16 ਅਗਸਤ (ਨਿਰਮਲ ਸਿੰਘ ਧਾਲੀਵਾਲ)- ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਨਸ਼ਾ ਵਿਰੋਧੀ ਮੁਹਿੰਮ ਹੇਠ ‘ਨਸ਼ਾ ਮੁਕਤ ਯੁਵਾ ਜਾਗਰਨ’ ਸੰਕਲਪ ਸਮਾਰੋਹ ਤਹਿਤ ਐੱਸ.ਐੱਸ ਜੈਨ ਸਭਾ ਜੈਨ ਭਵਨ ਮੰਡੀ ਮੁੱਲਾਂਪੁਰ ਦਾਖਾ (ਲੁਧਿ:) ਵਿਖੇ ਗੁਰੂ ਦੇਵ ਅਮਨ ਮੁਨੀ ਮਹਾਰਾਜ, ਗੁਰੂ ਦੇਵ ਅਲੋਕ ਮੁਨੀ ਮਹਾਰਾਜ ਦੇ ਪ੍ਰੇਰਣਾ ਨਾਲ ਹੋਏ ਸਮਾਰੋਹ ’ਚ ਵਿਸ਼ੇਸ਼ ਸ਼ਮੂਲੀਅਤ ਕੀਤੀ, ਉਨ੍ਹਾਂ ਨਾਲ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਵੀ ਮੌਜੂਦ ਰਹੇ। ਭਰਵੀਂ ਇਕੱਤਰਤਾ ਨੂੰ ਸੰਬੋਧਨ ਸਮੇਂ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਅੱਜ ਦਾ ਸਮਾਰੋਹ ਇਹ ਸੰਦੇਸ਼ ਦਿੰਦਾ ਹੈ ਕਿ ਪੰਜਾਬ ਦਾ ਭਵਿੱਖ ਬੱਚਿਆਂ, ਜਵਾਨੀ ਦੀ ਸੰਭਾਲ ਸਾਡੀ ਸਾਂਝੀ ਜਿੰਮੇਵਾਰੀ ਹੈ। ਉਨ੍ਹਾਂ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਕਿ ਆਪਣੀ ਉਤਸਕਤਾ ਬਣਾਈ ਰੱਖਣ ਲਈ ਸਿੱਖਣ ਦੀ ਇੱਛਾ ਸ਼ਕਤੀ ਵਧਾਈ ਜਾਵੇ। ਉਨ੍ਹਾਂ ਪੂਰੇ ਭਾਰਤ, ਖਾਸਕਰ ਪੰਜਾਬ ’ਚ ਨਸ਼ਾ ਕਰਨ ਵਾਲਿਆਂ ਦੀ ਵੱਧ ਰਹੀ ਗਿਣਤੀ ’ਤੇ ਚਿੰਤਤ ਹੁੰਦਿਆਂ ਕਿਹਾ ਕਿ ਇਹ ਸਭ ਗੁਆਂਢੀ ਮੁਲਕ ਦੀ ਚਾਲ ਹੈ, ਜੋ ਡਰੋਨਾਂ ਰਾਹੀ ਸਮੈਕ, ਹੈਰੋਇਨ ਅਤੇ ਹਥਿਆਰ ਪੰਜਾਬ ’ਚ ਸੁੱਟ ਰਿਹਾ। ਉਨ੍ਹਾਂ ਕਿਹਾ ਕਿ ਅਸੀਂ ਅਜੇ ਕੱਲ੍ਹ ਹੀ ਆਜ਼ਾਦੀ ਦਿਵਸ ਮਨਾ ਕੇ ਹਟੇ ਹਾਂ, ਆਜ਼ਾਦੀ ਅੰਦੋਲਨ ’ਚ ਸ਼ਹੀਦ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਲਾਲਾ ਹਰਦਿਆਲ, ਹੋਰ ਦੇਸ਼ ਭਗਤਾ ਅਤੇ ਆਜ਼ਾਦੀ ਸੰਗਰਾਮੀਏ ਦੀਆਂ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ, ਪਰ ਅੱਜ ਸਾਡੀ ਜਵਾਨੀ ਉਨ੍ਹਾਂ ਦੇ ਸੰਦੇਸ਼ ਤੋਂ ਭਟਕ ਗਈ ਹੈ। ਰਾਜਪਾਲ ਨੇ ਕਿਹਾ ਕਿ ਆਜ਼ਾਦੀ ਤਾਂ ਹੀ ਸਾਰਥਕ ਹੈ ਜਦੋਂ ਸਾਡੇ ਨੋਜਵਾਨ ਨਸ਼ੇ ਵਰਗੀਆਂ ਬੁਰੀਆਂ ਆਦਤਾਂ ਤੋਂ ਮੁਕਤ ਹੋਣਗੇ। ਉਨ੍ਹਾਂ ਗੁਰੂ ਦੇਵ ਪ੍ਰੇਮਸੁੱਖ ਮਹਾਰਾਜ ਦੀ 29ਵੀਂ ਬਰਸੀ ਮੌਕੇ ਸ਼ਰਧਾ ਅਰਪਣ ਕੀਤੀ। ਉਨ੍ਹਾਂ ਨੇ ਕਿਹਾ ਕਿ ਅਮਨ ਮੁਨੀ ਮਹਾਰਾਜ, ਅਲੋਕ ਮੁਨੀ ਮਹਾਰਾਜ, ਸਿਖਾ ਮਹਾਰਾਜ, ਸੋਮਿਆ ਮਹਾਰਾਜ ਤੇ ਹੋਰ ਵਧਾਈ ਦੇ ਪਾਤਰ ਹਨ, ਜਿਨ੍ਹਾਂ ਵਲੋਂ ਨਸ਼ਾ ਵਿਰੋਧੀ ਪ੍ਰੋਗਰਾਮ ਉਲੀਕਿਆ ਗਿਆ। ਅਮਨ ਮੁਨੀ ਮਹਾਰਾਜ ਵਲੋਂ ਮੰਚ ’ਤੇ ਬਿਰਾਜਮਾਨ ਚੰਦਰ ਭਾਨ ਜੈਨ, ਤੇਲੂ ਰਾਮ ਬਾਂਸਲ, ਬਾਲ ਕ੍ਰਿਸ਼ਨ ਰਾਮ, ਸੁਖਦੇਵ ਗੋਇਲ, ਵਿਮਲ ਜੈਨ, ਨਰੇਸ ਜਿੰਦਲ, ਬਿੱਲੂ ਅਗਰਵਾਲ, ਸੁਭਾਸ, ਅਨਿਲ ਜੈਨ, ਜੈ ਪ੍ਰਕਾਸ ਟੀਟੂ ਜੈਨ, ਨੀਰਜ ਮੰਡੀ ਮੁੱਲਾਂਪੁਰ, ਮੁਨੀਸ ਜੈਨ, ਪਿੰਕੂ ਜਿੰਦਲ, ਰਜੇਸ ਜੈਨ ਬਾਵੀ, ਸਜਨ ਬਾਂਸਲ ਨੂੰ ਨਾਲ ਲੈ ਕੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਨਾਲ ਅਨੀਤਾ ਕਟਾਰੀਆ, ਹਰਪ੍ਰੀਤ ਸੰਧੂ ਦਾ ਸਨਮਾਨ ਕੀਤਾ ਗਿਆ। ਨਸ਼ਾ ਮੁਕਤ ਯੁਵਾ ਜਾਗਰਣ ਸਮਾਰੋਹ ਵਿਚ ਦੀਪਕ ਜੈਨ ਲੁਧਿਆਣਾ ਦੀ ਟੀਮ ਨੇ ਭਜਨ ਗਾਇਨ ਕੀਤਾ ਅਤੇ ਗੋਲਡਨ ਅਰਥ ਕਾਨਵੈਂਟ ਪੰਡੋਰੀ ਸਕੂਲ ਦੇ ਵਿਦਿਆਰਥੀਆ ਧਾਰਮਿਕ ਗੀਤ ਪੇਸ਼ ਕੀਤਾ।
ਆਜ਼ਾਦੀ ਤਾਂ ਹੀ ਸਾਰਥਕ ਹੈ, ਜਦੋਂ ਸਾਡੇ ਨੌਜਵਾਨ ਨਸ਼ੇ ਵਰਗੀਆਂ ਆਦਤਾਂ ਤੋਂ ਮੁਕਤ ਹੋਣਗੇ-ਰਾਜਪਾਲ ਕਟਾਰੀਆ
ਆਜ਼ਾਦੀ ਤਾਂ ਹੀ ਸਾਰਥਕ ਹੈ, ਜਦੋਂ ਸਾਡੇ ਨੌਜਵਾਨ ਨਸ਼ੇ ਵਰਗੀਆਂ ਆਦਤਾਂ ਤੋਂ ਮੁਕਤ ਹੋਣਗੇ-ਰਾਜਪਾਲ ਕਟਾਰੀਆ
ਅਜੀਤ ਡੈਸਕ
17-08-2026