09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਈਰਾਨ-ਅਮਰੀਕਾ ਵਿਚਾਲੇ ਅਗਲੀ ਵਾਰਤਾ ਦੀ ਪਾਕਿ ਮੁੜ ਕਰ ਸਕਦੈ ਮੇਜ਼ਬਾਨੀ-ਸ਼ਾਹਬਾਜ਼ ਸ਼ਰੀਫ਼, ਟਰੰਪ ਦੇ ਗਾਏ ਸੋਹਲੇ

ਅਜੀਤ ਡੈਸਕ 25-05-2026

ਅੰਮਿ੍ਤਸਰ, 24 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ 'ਐਕਸ' 'ਤੇ ਇਕ ਪੋਸਟ 'ਚ ਸੰਕੇਤ ਦਿੱਤਾ ਕਿ ਪਾਕਿ ਆਉਣ ਵਾਲੇ ਸਮੇਂ ਵਿਚ ਈਰਾਨ ਅਮਰੀਕਾ ਵਿਚਾਲੇ ਹੋਣ ਵਾਲੀ ਸ਼ਾਂਤੀ ਵਾਰਤਾ ਦੇ ਅਗਲੇ ਦੌਰ ਦੀ ਮੇਜ਼ਬਾਨੀ ਕਰ ਸਕਦਾ ਹੈ | ਉਨ੍ਹਾਂ ਕਿਹਾ ਕਿ ਫ਼ੀਲਡ ਮਾਰਸ਼ਲ ਜਨਰਲ ਸਈਦ ਆਸਿਮ ਮੁਨੀਰ ਨੇ ਪਾਕਿ ਤਰਫੋਂ ਤਹਿਰਾਨ 'ਚ ਈਰਾਨੀ ਅਧਿਕਾਰੀਆਂ ਅਤੇ ਸੀਨੀਅਰ ਮੰਤਰੀਆਂ ਨਾਲ ਗੱਲਬਾਤ ਦੌਰਾਨ ਮੌਜੂਦਾ ਖੇਤਰੀ ਤਣਾਅ ਅਤੇ ਸਥਾਈ ਸ਼ਾਂਤੀ ਵੱਲ ਅੱਗੇ ਵਧਣ ਦੇ ਤਰੀਕਿਆਂ 'ਤੇ ਚਰਚਾ ਕੀਤੀ | ਉਨ੍ਹਾਂ ਸਾਰੀ ਪ੍ਰਕਿਰਿਆ ਦੌਰਾਨ ਮੁਨੀਰ ਦੇ ਅਣਥੱਕ ਯਤਨਾਂ ਦੀ ਵੀ ਸ਼ਲਾਘਾ ਕੀਤੀ | ਸ਼ਰੀਫ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੋਹਲੇ ਗਾਉਂਦਿਆਂ ਪੱਛਮੀ ਏਸ਼ੀਆ 'ਚ ਸ਼ਾਂਤੀ ਬਹਾਲ ਕਰਨ ਲਈ ਅਮਰੀਕੀ ਰਾਸ਼ਟਰਪਤੀ ਦੀਆਂ ਕੋਸ਼ਿਸ਼ਾਂ ਨੂੰ ਅਸਾਧਾਰਨ ਦੱਸਿਆ | ਉਨ੍ਹਾਂ ਨੇ ਕਿਹਾ ਕਿ ਟਰੰਪ ਨੇ ਲੰਘੇ ਦਿਨ ਸਾਊਦੀ ਅਰਬ, ਕਤਰ, ਤੁਰਕੀ, ਮਿਸਰ, ਸੰਯੁਕਤ ਅਰਬ ਅਮੀਰਾਤ (ਯੂ.ਏ.ਈ.), ਜਾਰਡਨ ਅਤੇ ਪਾਕਿਸਤਾਨੀ ਨੇਤਾਵਾਂ ਨਾਲ ਟੈਲੀਫੋਨ 'ਤੇ ਮਹੱਤਵਪੂਰਨ ਗੱਲਬਾਤ ਕੀਤੀ, ਜਿਸ ਵਿਚ ਖੇਤਰੀ ਸਥਿਤੀ ਅਤੇ ਸ਼ਾਂਤੀ ਦੀਆਂ ਕੋਸ਼ਿਸ਼ਾਂ ਨੂੰ ਅੱਗੇ ਵਧਾਉਣ 'ਤੇ ਚਰਚਾ ਕੀਤੀ ਗਈ | ਸ਼ਾਹਬਾਜ਼ ਸ਼ਰੀਫ ਨੇ ਪੋਸਟ 'ਚ ਲਿਖਿਆ ਕਿ ਪਾਕਿਸਤਾਨ ਸ਼ਾਂਤੀ ਸਥਾਪਤ ਕਰਨ ਦੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖੇਗਾ ਅਤੇ ਅਸੀਂ ਜਲਦੀ ਹੀ ਅਗਲੇ ਦੌਰ ਦੀ ਗੱਲਬਾਤ ਦੀ ਮੇਜ਼ਬਾਨੀ ਕਰਨ ਦੀ ਉਮੀਦ ਕਰਦੇ ਹਾਂ | ਜ਼ਿਕਰਯੋਗ ਹੈ ਕਿ ਸ਼ਰੀਫ਼ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਪੱਛਮੀ ਏਸ਼ੀਆ 'ਚ ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਾਲੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ | ਮਾਹਿਰਾਂ ਦਾ ਮੰਨਣਾ ਹੈ ਕਿ ਪਾਕਿ ਇਸ ਮੌਕੇ 'ਤੇ ਆਪਣੇ ਆਪ ਨੂੰ 'ਸ਼ਾਂਤੀ ਵਿਚੋਲੇ' ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ | ਸ਼ਾਹਬਾਜ਼ ਸ਼ਰੀਫ਼ ਦੇ ਬਿਆਨ 'ਚ ਜਿਸ ਤਰ੍ਹਾਂ ਅਮਰੀਕਾ ਅਤੇ ਪਾਕਿ ਦੇ ਫ਼ੌਜ ਮੁਖੀ ਦੋਵਾਂ ਦੀ ਭੂਮਿਕਾ ਨੂੰ ਪ੍ਰਮੁੱਖਤਾ ਦਿੱਤੀ ਗਈ, ਉਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਸਲਾਮਾਬਾਦ ਖੇਤਰੀ ਕੂਟਨੀਤੀ 'ਚ ਆਪਣੀ ਸਰਗਰਮ ਭਾਗੀਦਾਰੀ ਵਿਖਾਉਣਾ ਚਾਹੁੰਦਾ ਹੈ |

ਪਿਛਲੀ ਖ਼ਬਰ ਜੰਗ-ਏ-ਆਜ਼ਾਦੀ ਦੇ ਤੱਥਮੂਲਕ ਇਤਿਹਾਸਕਾਰ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਨੂੰ ਭਾਵਭਿੰਨੀ ਸ਼ਰਧਾਂਜਲੀ ਅਗਲੀ ਖ਼ਬਰ ਪੀ.ਐਮ. ਸਰਕਾਰੀ ਸਕੂਲ ਵਿਖੇ ਨੈਤਿਕ ਸਿੱਖਿਆ ਅਤੇ ਕਰੀਅਰ ਗਾਈਡੈਂਸ ਸੰਬੰਧੀ ਸੈਮੀਨਾਰ ਲਗਾਇਆ •ਮੋਬਾਈਲ ਦਾ ਜ਼ਰੂਰਤ ਤੋਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।