ਤਰਨ ਤਾਰਨ, 7 ਮਈ (ਹਰਿੰਦਰ ਸਿੰਘ)-ਸ਼੍ਰੋਮਣੀ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਹਰਿੰਦਰ ਸਿੰਘ ਤਰਨ ਤਾਰਨੀ ਦਾ ਵੀਰਵਾਰ ਸਵੇਰੇ ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ਵਿਚ ਦਿਹਾਂਤ ਹੋ ਗਿਆ | ਉਹ 90 ਵਰਿਆਂ ਦੇ ਸਨ | ਉਨ੍ਹਾਂ ਦੀਆਂ ਦੋ ਬੇਟੀਆਂ ਸਿਮਰਜੀਤ ਕੌਰ ਰਾਏ ਨਿਊਜ਼ੀਲੈਂਡ ਵਿਚ ਅਤੇ ਰਮਿੰਦਰ ਕੌਰ ਭੁੱਲਰ ਤਰਨ ਤਾਰਨ ਵਿਖੇ ਵਿਆਹੀਆਂ ਹਨ ਤੇ ਉਨਾਂ ਦਾ ਲੜਕਾ ਹਰਜਿੰਦਰ ਸਿੰਘ ਸਰਾਂ ਇਸ ਸਮੇਂ ਆਪਣੇ ਪਿਤਾ ਦੇ ਨਾਲ ਕੈਨੇਡਾ ਵਿਚ ਹੀ ਰਹਿ ਰਿਹਾ ਹੈ | ਸ. ਤਰਨ ਤਾਰਨੀ ਦੇ ਅਕਾਲ ਚਲਾਣੇ ਦੀ ਜਾਣਕਾਰੀ ਉਨਾਂ ਦੇ ਤਰਨ ਤਾਰਨ ਰਹਿੰਦੇ ਜਵਾਈ ਸਿਮਰਜੀਤ ਸਿੰਘ ਭੁੱਲਰ ਨੇ ਦਿੱਤੀ | ਹਰਿੰਦਰ ਸਿੰਘ ਤਰਨ ਤਾਰਨੀ ਦੇ ਅਕਾਲ ਚਲਾਣੇ ਨਾਲ ਪੰਥਕ ਹਲਕਿਆਂ ਵਿਚ ਸੋਗ ਦੀ ਲਹਿਰ ਦੌੜ ਗਈ | ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਇਲਾਵਾ ਵੱਖ-ਵੱਖ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਆਗੂਆਂ ਨੇ ਉਨ੍ਹਾਂ ਦੇ ਦਿਹਾਂਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸਨੂੰ ਪੰਥ ਲਈ ਵੱਡਾ ਘਾਟਾ ਕਰਾਰ ਦਿੱਤਾ ਹੈ | ਉਹ 1986 ਤੋਂ ਲੈ ਕੇ 1989 ਤੱਕ ਸ਼ੋ੍ਰਮਣੀ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਰਹੇ ਤੇ ਆਪ੍ਰੇਸ਼ਨ ਬਲਿਊ ਸਟਾਰ ਦੌਰਾਨ ਉਨਾਂ ਨੂੰ ਤਰਨ ਤਾਰਨ ਵਿਖੇ ਘਰ ਵਿਚ ਨਜ਼ਰਬੰਦ ਰੱਖਿਆ ਗਿਆ ਸੀ | ਉਹ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਵੀ ਰਹੇ | ਧਾਮੀ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ਣ |
ਸ਼ੋ੍ਰਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਹਰਿੰਦਰ ਸਿੰਘ ਤਰਨ ਤਾਰਨੀ ਦਾ ਦਿਹਾਂਤ
ਅਜੀਤ ਡੈਸਕ
08-05-2026