09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਅੰਮਿ੍ਤਸਰੀ ਨਹੀਂ ਭੁੱਲੇ ਹਤਿਆਰੇ ਡਾਇਰ ਵਲੋਂ 107 ਵਰ੍ਹੇ ਪਹਿਲਾਂ ਜਾਰੀ ਕੀਤਾ 'ਕ੍ਰਾਲਿੰਗ ਆਰਡਰ' <br/>

ਅਜੀਤ ਡੈਸਕ 20-04-2026

ਅੰਮਿ੍ਤਸਰ, 19 ਅਪ੍ਰੈਲ (ਸੁਰਿੰਦਰ ਕੋਛੜ)-ਭਾਵੇਂ ਕਿ ਜਲਿ੍ਹਆਂਵਾਲਾ ਬਾਗ ਸਾਕੇ ਨੂੰ ਪੂਰਾ ਵਿਸ਼ਵ ਅੱਜ ਵੀ ਇਤਿਹਾਸ ਦੀ ਇਕ ਵੱਡੀ ਤ੍ਰਾਸਦੀ ਮੰਨ ਰਿਹਾ ਹੈ, ਜਦਕਿ ਅੰਮਿ੍ਤਸਰੀਆਂ ਨੂੰ 13 ਅਪ੍ਰੈਲ 1919 ਦੇ ਖ਼ੂਨੀ ਸਾਕੇ ਤੋਂ ਬਾਅਦ ਵੀ ਕਈ ਅਜਿਹੇ ਹੀ ਸੰਤਾਪ ਝੱਲਣੇ ਪੈ ਰਹੇ ਸਨ | ਅਸਲ 'ਚ 10 ਅਪ੍ਰੈਲ 1919 ਨੂੰ ਜਦੋਂ ਲੈਫ਼ਟੀਨੈਂਟ ਗਵਰਨਰ ਮਾਈਕਲ ਉਡਵਾਇਰ ਨੇ ਅੰਮਿ੍ਤਸਰ ਦੇ ਡਿਪਟੀ ਕਮਿਸ਼ਨਰ ਮਾਈਲਸ ਇਰਵਿੰਗ ਨੂੰ ਸਥਾਨਕ ਪ੍ਰਮੁੱਖ ਨੇਤਾਵਾਂ ਡਾ. ਸਤਿਆਪਾਲ ਸਤਪਾਲ ਅਤੇ ਡਾ. ਸੈਫ਼-ਉਦ-ਦੀਨ ਕਿਚਲੂ ਨੂੰ ਗਿ੍ਫ਼ਤਾਰ ਕਰਕੇ ਯੋਲ ਕੈਂਪ (ਧਰਮਸ਼ਾਲਾ) ਭੇਜਣ ਦਾ ਹੁਕਮ ਦਿੱਤਾ ਤਾਂ ਇਸ ਨਾਲ ਸ਼ਹਿਰ ਦੇ ਹਾਲਾਤ ਬੇਕਾਬੂ ਹੋ ਗਏ | ਉਸੇ ਦਿਨ ਅੰਗਰੇਜ਼ ਸਿਪਾਹੀਆਂ ਵਲੋਂ ਗੋਲੀ ਚਲਾ ਕੇ 20-22 ਸ਼ਹਿਰ ਵਾਸੀਆਂ ਨੂੰ ਮੌਤ ਦੇ ਘਾਟ ਉਤਾਰਨ ਬਾਅਦ ਭੜਕੀ ਭੀੜ ਵਲੋਂ ਵੱਖ-ਵੱਖ ਥਾਵਾਂ 'ਤੇ ਪੰਜ ਅੰਗਰੇਜ਼ਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਦੋ ਦਰਜਨ ਦੇ ਲਗਭਗ ਸਰਕਾਰੀ ਇਮਾਰਤਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਗਿਆ | ਭੀੜ 'ਚ ਸ਼ਾਮਲ ਕੁਝ ਲੋਕਾਂ ਵਲੋਂ ਲੋਹਗੜ੍ਹ ਆਬਾਦੀ ਦੇ ਕੂਚਾ ਕੋੜਿ੍ਹਆਂ 'ਚ ਚਰਚ ਆਫ਼ ਇੰਗਲੈਂਡ ਜ਼ਨਾਨਾ ਮਿਸ਼ਨਰੀ ਸੁਸਾਇਟੀ ਦੇ ਲਈ ਕੰਮ ਕਰਨ ਵਾਲੀ ਅੰਮਿ੍ਤਸਰ ਸਿਟੀ ਮਿਸ਼ਨ ਸਕੂਲ ਦੀ ਮੈਨੇਜਰ ਮਾਰਸ਼ੀਲਾ ਸ਼ੇਰਵੁਡ ਨੂੰ ਉਕਤ ਆਬਾਦੀ ਦੀ ਗਲੀ ਕੁਰੈਸ਼ਾਂ 'ਚ ਠੁੱਡਿਆਂ ਅਤੇ ਡਾਂਗਾਂ ਨਾਲ ਤਦ ਤਕ ਮਾਰਿਆ ਜਾਂਦਾ ਰਿਹਾ, ਜਦੋਂ ਤਕ ਉਨ੍ਹਾਂ ਨੂੰ ਇਹ ਵਿਸ਼ਵਾਸ ਨਹੀਂ ਹੋ ਗਿਆ ਕਿ ਉਹ ਮਰ ਚੁਕੀ ਹੈ | ਜਲਿ੍ਹਆਂਵਾਲਾ ਬਾਗ ਸਾਕੇ ਦੇ 5 ਦਿਨ ਬਾਅਦ 18 ਅਪ੍ਰੈਲ ਨੂੰ ਜਦੋਂ ਹਤਿਆਰੇ ਜਨਰਲ ਰਿਨਾਲਡ ਐਡਵਰਡ ਹੈਰੀ ਡਾਇਰ ਨੇ ਅੰਦਰੂਨੀ ਸ਼ਹਿਰ ਦੇ ਇਲਾਕਿਆਂ 'ਚ ਗਸ਼ਤ ਕੀਤੀ ਤਾਂ ਉਸ ਨੂੰ ਮਾਰਸ਼ੀਲਾ ਨਾਲ ਕੀਤੇ ਗਏ ਵਰਤਾਓ ਦੀ ਜਾਣਕਾਰੀ ਦਿੱਤੀ ਗਈ | ਜਿਸ 'ਤੇ ਡਾਇਰ ਨੇ ਕਿਹਾ ਕਿ ਇਕ ਅੰਗਰੇਜ਼ ਔਰਤ ਨੇ ਜਿਸ ਗਲੀ 'ਚ ਅੱਤਿਆਚਾਰ ਸਹੇ ਹਨ, ਉਹ ਹਿੰਦੁਸਤਾਨੀਆਂ ਲਈ ਇਕ 'ਯਾਦਗਾਰੀ ਅਤੇ ਧਾਰਮਿਕ ਗਲੀ' ਸਾਬਤ ਹੋਣੀ ਚਾਹੀਦੀ ਹੈ ਤੇ ਇਸ ਦਾ ਅਹਿਸਾਸ ਇਨ੍ਹਾਂ ਨੂੰ ਉਸ ਵੇਲੇ ਹੋਵੇਗਾ ਜਦੋਂ ਉਹ ਆਪਣੇ ਕਿਸੇ ਤੀਰਥ ਵਾਂਗੂ ਇਸ ਗਲੀ 'ਚੋਂ ਨੱਕ ਅਤੇ ਗੋਡਿਆਂ ਭਾਰ ਰੇਂਗ ਕੇ ਨਿਕਲਣਗੇ | ਡਾਇਰ ਦੇ ਜਾਰੀ ਕੀਤੇ ਉਕਤ 'ਕ੍ਰਾਲਿੰਗ ਆਰਡਰ' ਦੇ ਚੱਲਦਿਆਂ 19 ਤੋਂ 26 ਅਪ੍ਰੈਲ ਤਕ ਪੂਰਾ ਇਕ ਹਫ਼ਤਾ ਉਕਤ ਗਲੀ 'ਚੋਂ ਨਿਕਲਣ ਵਾਲਿਆਂ ਨੂੰ ਨੱਕ ਨਾਲ ਰੇਂਗ ਕੇ ਨਿਕਲਣਾ ਪਿਆ | ਇਸ ਸਜ਼ਾ ਨੂੰ ਮੰਨਣ ਤੋਂ ਇਨਕਾਰ ਕਰਨ ਵਾਲਿਆਂ ਨੂੰ ਗਲੀ ਦੇ ਅੱਧ ਵਿਚਾਲੇ ਖੂਹ ਦੇ ਨਾਲ ਲਗਾਈ ਟਿਕਟਿਕੀ ਨਾਲ ਬੰਨ੍ਹ ਕੇ ਕੋੜੇ ਮਾਰੇ ਜਾਂਦੇ ਸਨ ਅਤੇ ਹੱਥਾਂ ਨਾਲ ਗੰਦੀਆਂ ਨਾਲੀਆਂ ਸਾਫ਼ ਕਰਨ ਲਈ ਕਿਹਾ ਜਾਂਦਾ ਸੀ |

ਪਿਛਲੀ ਖ਼ਬਰ ਸੀ.ਬੀ.ਆਈ. ਦਾ 'ਅਭੈ' ਜਲਦੀ ਹੀ ਡਿਜੀਟਲ ਗਿ੍ਫ਼ਤਾਰੀ ਗਰੋਹਾਂ ਦਾ ਮੁਕਾਬਲਾ ਕਰਨ ਲਈ ਹੋਵੇਗਾ ਲਾਂਚ ਅਗਲੀ ਖ਼ਬਰ ਘਰੇਲੂ ਝਗੜੇ ਕਾਰਨ ਪਤਨੀ ਦਾ ਕਤਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।