11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਨਿੱਜੀ ਅਜਾਇਬ-ਘਰ ਦੀ ਪ੍ਰਦਰਸ਼ਨੀ 'ਚ ਸ਼ਾਮਿਲ ਕੀਤੇ ਸੈਂਕੜੇ ਸਾਲ ਪੁਰਾਣੇ ਭੋਜ-ਪੱਤਰ ਅਤੇ ਹੱਥ-ਲਿਖਤ ਗ੍ਰੰਥ

ਅਜੀਤ ਡੈਸਕ 15-04-2026

ਅੰਮਿ੍ਤਸਰ, 14 ਅਪ੍ਰੈਲ (ਸੁਰਿੰਦਰ ਕੋਛੜ)-ਸਿੱਖਿਆ ਦੇ ਖੇਤਰ ਨਾਲ ਜੁੜੇ ਅੰਮਿ੍ਤਸਰ ਦੇ ਪ੍ਰਤੀਕ ਸਹਿਦੇਵ ਵਲੋਂ ਸਥਾਨਕ ਆਬਾਦੀ ਇਸਲਾਮਾਬਾਦ ਵਿਚਲੇ ਆਪਣੇ ਨਿੱਜੀ ਸਕੂਲ ਦੇ ਵੱਡੇ ਹਿੱਸੇ ਨੂੰ ਪ੍ਰਾਚੀਨ ਤੇ ਦੁਰਲੱਭ ਵਸਤੂਆਂ ਦੇ ਅਜਾਇਬ-ਘਰ 'ਚ ਤਬਦੀਲ ਕੀਤਾ ਗਿਆ ਹੈ | ਪ੍ਰਤੀਕ ਸਹਿਦੇਵ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਸਵ. ਪਿਤਾ ਸ੍ਰੀ ਦੇਵ ਦਰਦ ਦੁਆਰਾ ਸਥਾਪਤ 'ਪੰਜ-ਆਬ ਹੈਰੀਟੇਜ ਮਿਊਜ਼ੀਅਮ' 'ਚ ਗੁਰਮੁਖੀ, ਸ਼ਾਹਮੁਖੀ, ਦੇਵਨਾਗਰੀ, ਪਰਸ਼ੀਅਨ, ਤਾਮਿਲ ਅਤੇ ਸੰਸਕਿ੍ਤ 'ਚ ਲਿਖੇ ਭੋਜ-ਪੱਤਰ, ਹੱਥ-ਲਿਖਤ ਗ੍ਰੰਥ, ਸਾਖੀ ਸਾਹਿੱਤ, ਹਿਕਮਤ, ਤੰਤਰ-ਮੰਤਰ ਅਤੇ ਜੋਤਿਸ਼ ਨਾਲ ਸੰਬੰਧਿਤ ਸੈਂਕੜੇ ਵਰ੍ਹੇ ਪੁਰਾਣੇ ਦਸਤਾਵੇਜ਼ ਪ੍ਰਦਰਸ਼ਨੀ ਲਈ ਰੱਖੇ ਗਏ ਹਨ | ਇਨ੍ਹਾਂ ਦੇ ਇਲਾਵਾ ਉਨ੍ਹਾਂ ਦੇ ਅਜਾਇਬ-ਘਰ 'ਚ ਹੜੱਪਾ ਕਾਲ ਦੇ ਟੇਰੋਕੋਟਾ ਦੇ ਬੱਚਿਆਂ ਦੇ ਖਿਡੌਣੇ, ਮੂਰਤੀਆਂ, ਖੂਹ ਦੀਆਂ ਟਿੰਡਾਂ, ਝਾਜਰਾਂ, ਘੜੇ, ਗਲਾਸ, ਗਾਗਰਾਂ, ਕਟੋਰੇ, ਗੜਵੀਆਂ, ਮੋਤੀ, ਬਟਨ, ਸ਼ਤਰੰਜ ਦੇ ਮੋਹਰੇ ਅਤੇ ਅਨਾਜ ਪਾਉਣ ਵਾਲੀਆਂ ਢਾਈ ਮਣ ਅਨਾਜ ਦੀ ਸਮਰਥਾ ਵਾਲੀਆਂ ਮਿੱਟੀ ਦੀਆਂ ਮਟੀਆਂ ਆਦਿ ਵੀ ਪ੍ਰਦਰਸ਼ਨੀ ਦਾ ਸ਼ਿੰਗਾਰ ਬਣੀਆਂ ਹੋਈਆਂ ਹਨ | ਇਨ੍ਹਾਂ ਤੋਂ ਇਲਾਵਾ ਪ੍ਰਦਰਸ਼ਨੀ 'ਚ 500 ਤਰ੍ਹਾਂ ਦੇ ਤਾਲੇ, ਵੱਖ-ਵੱਖ ਧਾਤੂਆਂ ਦੇ ਬਣੇ ਮੀਨਾਕਾਰੀ ਕੀਤੇ ਭਾਰਤੀ ਤੇ ਵਿਦੇਸ਼ੀ ਬਰਤਨ ਤੇ ਹੋਰ ਸਾਮਾਨ ਵੀ ਸ਼ਾਮਿਲ ਕੀਤਾ ਗਿਆ ਹੈ | ਪ੍ਰਤੀਕ ਸਹਿਦੇਵ ਨੇ ਦੱਸਿਆ ਕਿ ਉਨ੍ਹਾਂ ਦੇ ਸੂਬੇ ਦੇ ਸਭ ਤੋਂ ਵਿਸ਼ਾਲ ਨਿੱਜੀ ਅਜਾਇਬ-ਘਰ 'ਚ ਘਾਤਕ ਬਿਮਾਰੀਆਂ ਦੇ ਇਲਾਜ ਲਈ ਜੜੀ-ਬੂਟੀਆਂ ਤੋਂ ਦਵਾਈਆਂ, ਭਸਮ, ਅਰਕ ਆਦਿ ਤਿਆਰ ਕਰਨ ਲਈ ਹਜ਼ਾਰਾਂ ਵਰ੍ਹੇ ਪਹਿਲਾਂ ਵਰਤੇ ਜਾਂਦੇ ਬਰਤਨਾਂ ਦੀ ਲਗਾਈ ਸਥਾਈ ਪ੍ਰਦਰਸ਼ਨੀ ਸਥਾਨਕ ਦਰਸ਼ਕਾਂ ਅਤੇ ਵਿਸ਼ੇਸ਼ ਤੌਰ 'ਤੇ ਖ਼ੋਜੀਆਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ | ਉਨ੍ਹਾਂ ਨੇ ਦੱਸਿਆ ਕਿ ਲਗਭਗ 7 ਹਜ਼ਾਰ ਸਾਲ ਪੁਰਾਣੇ ਉਕਤ ਸਭ ਬਰਤਨ ਟੈਰਾਕੋਟਾ ਦੇ ਬਣੇ ਹੋਏ ਹਨ ਅਤੇ ਇਨ੍ਹਾਂ 'ਚ ਮਰੀਜ਼ਾਂ ਨੂੰ ਭਾਫ਼ ਦੇਣ ਵਾਲੇ ਮਿੱਟੀ ਦੇ ਬਣੇ ਸਟੀਮਰ ਵੀ ਮੌਜੂਦ ਹਨ | ਪ੍ਰਤੀਕ ਸਹਿਦੇਵ ਦੇ ਮੁਤਾਬਿਕ ਭਾਰਤ ਸਮੇਤ ਕਈ ਹੋਰਨਾਂ ਮੁਲਕਾਂ ਨੂੰ ਲੰਘੀਆਂ ਸਦੀਆਂ ਦੌਰਾਨ ਕਈ ਭਿਆਨਕ ਮਹਾਂਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਪਿਛਲੇ ਲਗਭਗ 7 ਹਜ਼ਾਰ ਸਾਲ ਤੋਂ ਮੌਤ ਬਣ ਕੇ ਪਸਰ ਰਹੀਆਂ ਇਨ੍ਹਾਂ ਘਾਤਕ ਬਿਮਾਰੀਆਂ ਅਤੇ ਮਹਾਂਮਾਰੀਆਂ ਬਾਰੇ ਮੁਕੰਮਲ ਜਾਣਕਾਰੀ ਅਤੇ ਉਨ੍ਹਾਂ ਦਾ ਇਲਾਜ ਸੈਂਕੜੇ ਸਾਲਾਂ ਪੁਰਾਣੇ ਹੱਥ-ਲਿਖਤ ਗ੍ਰੰਥਾਂ 'ਚ ਦਰਜ ਹੈ | ਉਨ੍ਹਾਂ ਅਜਾਇਬ-ਘਰ 'ਚ ਮੌਜੂਦ ਦੁਰਲਭ ਗ੍ਰੰਥਾਂ ਬਾਰੇ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆਂ ਕਿ ਉਨ੍ਹਾਂ ਕੋਲ ਮੌਜੂਦ ਪਾਂਡੂ ਲਿਪੀਆਂ, ਤਾੜ (ਭੋਜ ਪੱਤਰਾਂ) ਸਮੇਤ ਕੰਨੜ, ਮਲਿਆਲਮ, ਤੇਲਗੂ, ਪਰਸ਼ੀਅਨ ਅਤੇ ਸਭ ਤੋਂ ਵਧੇਰੇ ਸੰਸਕਿ੍ਤ 'ਚ ਲਿਖੇ ਹੱਥ-ਲਿਖਤ ਗ੍ਰੰਥਾਂ 'ਚ ਇਨ੍ਹਾਂ ਮਹਾਂਮਾਰੀਆਂ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਵਿਸਥਾਰਪੂਰਵਕ ਦਰਜ ਹੈ | ਉਨ੍ਹਾਂ ਨੇ ਕਿਹਾ ਕਿ ਅਜਾਇਬ-ਘਰ 'ਚ ਪ੍ਰਦਰਸ਼ਨੀ ਹਿਤ ਰੱਖੇ ਦੁਰਲਭ ਬਰਤਨ ਅਤੇ ਹੱਥ-ਲਿਖਤ ਗ੍ਰੰਥ ਖੋਜਕਾਰਾਂ ਦੀ ਜਾਣਕਾਰੀ 'ਚ ਵੱਡਾ ਵਾਧਾ ਕਰ ਸਕਦੇ ਹਨ |

ਪਿਛਲੀ ਖ਼ਬਰ ਸੀ.ਬੀ.ਆਈ. ਵਲੋਂ ਬਿਲਡਰਾਂ ਦੇ ਖ਼ਿਲਾਫ਼ 8 ਸੂਬਿਆਂ 'ਚ ਕਾਰਵਾਈ ਅਗਲੀ ਖ਼ਬਰ ਨੋਇਡਾ ਦੀਆਂ ਸੜਕਾਂ 'ਤੇ ਜੋ ਹੋਇਆ, ਉਹ ਇਸ ਦੇਸ਼ ਦੇ ਮਜ਼ਦੂਰਾਂ ਦੀ ਆਖਰੀ ਚੀਕ ਸੀ-ਰਾਹੁਲ ਗਾਂਧੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।