20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਜੋਤੀਬਾ ਫੁਲੇ ਦੀ 200ਵੀਂ ਜੈਅੰਤੀ 'ਤੇ ਸੰਸਦ ਭਵਨ ਵਿਚ ਹੋਇਆ ਵਿਸ਼ੇਸ਼ ਸਮਾਗਮ

ਅਜੀਤ ਡੈਸਕ 12-04-2026

ਨਵੀਂ ਦਿੱਲੀ, 11 ਅਪ੍ਰੈਲ (ਉਪਮਾ ਡਾਗਾ ਪਾਰਥ)-ਮਹਾਤਮਾ ਜੋਤੀਬਾ ਫੁਲੇ ਦੀ 200ਵੀਂ ਜੈਅੰਤੀ ਮੌਕੇ ਸੰਸਦ ਭਵਨ 'ਚ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ | ਜਿਸ 'ਚ ਰਾਸ਼ਟਰਪਤੀ ਦਰੋਪਦੀ ਮੁਰਮੂ, ਉਪ ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਣਨ, ਲੋਕ ਸਭਾ ਸਪੀਕਰ ਓਮ ਬਿਰਲਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸਮੇਤ ਕਈ ਨੇਤਾਵਾਂ ਨੇ ਸ਼ਿਰਕਤ ਕੀਤੀ | ਇਸ ਮੌਕੇ ਮੌਜੂਦ ਸਭ ਸ਼ਖ਼ਸੀਅਤਾਂ ਨੇ ਸੰਸਦ ਭਵਨ 'ਚ ਉਨ੍ਹਾਂ ਦੇ ਬੁੱਤ 'ਤੇ ਫੁੱਲ ਅਰਪਣ ਕਰਕੇ ਸ਼ਰਧਾਂਜਲੀ ਭੇਟ ਕੀਤੀ |
ਜਦੋਂ ਰਾਹੁਲ ਅਤੇ ਮੋਦੀ ਹੋਏ ਆਹਮੋ-ਸਾਹਮਣੇ
ਸੰਸਦ ਭਵਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦਾ ਇਕ ਵੀਡੀਓ ਕਾਫ਼ੀ ਸੁਰਖੀਆਂ 'ਚ ਹੈ | ਵੀਡੀਓ 'ਚ ਸੰਸਦ ਭਵਨ 'ਚ ਲੋਕ ਸਭਾ ਸਪੀਕਰ ਓਮ ਬਿਰਲਾ, ਰਾਹੁਲ ਗਾਂਧੀ, ਕੇਂਦਰੀ ਮੰਤਰੀ ਅਰਜੁਨ ਮੇਘਵਾਲ, ਜੇ.ਪੀ. ਨੱਢਾ ਅਤੇ ਰਾਜ ਸਭਾ ਦੇ ਸਾਬਕਾ ਉਪ ਸਭਾਪਤੀ ਹਰੀਵੰਸ਼ ਖੜ੍ਹੇ ਨਜ਼ਰ ਆ ਰਹੇ ਹਨ | ਪ੍ਰਧਾਨ ਮੰਤਰੀ ਇਕ-ਇਕ ਕਰਕੇ ਸਭ ਨਾਲ ਮਿਲਦੇ ਹਨ ਅਤੇ ਫਿਰ ਰਾਹੁਲ ਗਾਂਧੀ ਦੇ ਸਾਹਮਣੇ ਠਹਿਰ ਜਾਂਦੇ ਹਨ | ਵੀਡੀਓ 'ਚ ਦੋਵੇਂ ਨੇਤਾ ਆਪਸ 'ਚ ਕੋਈ ਚਰਚਾ ਕਰਦੇ ਨਜ਼ਰ ਆਉਂਦੇ ਹਨ | ਹਾਲਾਂਕਿ ਦੋਵੇਂ ਕਿਸ ਗੱਲ 'ਤੇ ਚਰਚਾ ਕਰ ਰਹੇ ਹਨ ਇਸ ਸੰਬੰਧ 'ਚ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ |
ਸੋਸ਼ਲ ਮੀਡੀਆ 'ਤੇ ਵੀ ਦਿੱਤੀ ਸ਼ਰਧਾਂਜਲੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਵੀ ਜੋਤੀਬਾ ਫੁਲੇ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਜੀਵਨ ਬਰਾਬਰੀ, ਨਿਆਂ ਅਤੇ ਸਿੱਖਿਆ ਦੇ ਆਦਰਸ਼ਾਂ ਨੂੰ ਸਮਰਪਿਤ ਸੀ | ਉਹ ਔਰਤਾਂ ਅਤੇ ਹਾਸ਼ੀਏ 'ਤੇ ਖੜ੍ਹੇ ਲੋਕਾਂ ਦੇ ਅਧਿਕਾਰਾਂ ਦੀ ਵਕਾਲਤ ਕਰਨ 'ਚ ਅੱਗੇ ਸਨ | ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਸਿੱਖਿਆ ਸਸ਼ਕਤੀਕਰਨ ਦਾ ਇਕ ਸ਼ਕਤੀਸ਼ਾਲੀ ਜ਼ਰੀਆ ਬਣੀ | ਰਾਹੁਲ ਗਾਂਧੀ ਨੇ ਵੀ ਜੋਤੀਬਾ ਫੁਲੇ ਨੂੰ ਨਮਨ ਕਰਦਿਆਂ ਕਿਹਾ ਕਿ ਉਨ੍ਹਾਂ ਆਪਣਾ ਪੂਰਾ ਜੀਵਨ ਬਹੁਜਨਾਂ ਦੇ ਹੱਕਾਂ ਅਤੇ ਅਧਿਕਾਰਾਂ ਨੂੰ ਸਮਰਪਿਤ ਕਰ ਦਿੱਤਾ | ਵਿਤਕਰੇ ਅਤੇ ਨਾ-ਬਰਾਬਰੀ ਖ਼ਿਲਾਫ਼ ਉਨ੍ਹਾਂ ਦੇ ਸੰਘਰਸ਼ ਨੇ ਦੇਸ਼ ਨੂੰ ਬਰਾਬਰੀ ਅਤੇ ਨਿਆਂ ਦਾ ਰਾਹ ਵਿਖਾਇਆ |

ਪਿਛਲੀ ਖ਼ਬਰ ਐੱਸ.ਡੀ.ਐੱਮ. ਰਾਏਕੋਟ ਵਲੋਂ ਦਾਣਾ ਮੰਡੀ ਰਾਏਕੋਟ ਵਿਖੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਜੰਗਬੰਦੀ ਗੱਲਬਾਤ ਦੌਰਾਨ 13 ਹਜ਼ਾਰ ਪਾਕਿ ਫ਼ੌਜੀਆਂ ਦੇ ਸਾਊਦੀ ਅਰਬ ਪਹੁੰਚਣ ਦੀ ਚਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।