ਨਵੀਂ ਦਿੱਲੀ, 1 ਅਪ੍ਰੈਲ (ਉਪਮਾ ਡਾਗਾ ਪਾਰਥ)-ਵਿਦੇਸ਼ੀ ਫੰਡਿੰਗ ਨਾਲ ਸੰਬੰਧਿਤ ਜੁੜੇ ਨੇਮਾਂ 'ਚ ਬਦਲਾਅ ਲਈ ਲਿਆਂਦੇ ਵਿਦੇਸ਼ੀ ਚੰਦੇ ਦੇ ਪ੍ਰਬੰਧ ਬਾਰੇ ਕਾਨੂੰਨ (ਐਫ. ਸੀ. ਆਰ. ਏ.) ਸੋਧ ਬਿੱਲ ਨੂੰ ਲੈ ਕੈ ਵਿਰੋਧੀ ਧਿਰਾਂ ਨੇ ਬੁੱਧਵਾਰ ਨੂੰ ਸੰਸਦ ਦੇ ਅੰਦਰ ਬਾਹਰ ਜੰਮ ਕੇ ਰੋਹ ਪ੍ਰਦਰਸ਼ਨ ਕੀਤਾ | ਵਿਰੋਧੀ ਧਿਰਾਂ ਨੇ ਬਿੱਲ ਨੂੰ ਮਨਮਾਨਾ ਅਤੇ ਅਸੰਵਿਧਾਨਕ ਦਸਦਿਆਂ ਕਿਹਾ ਕਿ ਚੁਣਾਵੀ ਮਾਹੌਲ 'ਚ ਕੇਂਦਰ ਸਰਕਾਰ ਵਲੋਂ ਐਫ. ਸੀ. ਆਰ. ਏ. ਸੋਧ ਬਿੱਲ ਨੂੰ ਕਾਹਲੀ 'ਚ ਪਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਤਕਰੀਬਨ 1 ਘੰਟੇ ਲਈ ਮੁਲਤਵੀ ਕਰਨੀ ਪਈ |
ਵਿਰੋਧੀ ਧਿਰਾਂ ਵਲੋਂ ਪ੍ਰਦਰਸ਼ਨ
ਵਿਰੋਧੀ ਧਿਰਾਂ ਨੇ ਸੰਸਦ ਭਵਨ ਦੇ ਬਾਹਰ ਮਕਰ ਦਵਾਰ ਅੱਗੇ ਐਫ. ਸੀ. ਆਰ. ਏ. ਸੋਧ ਬਿੱਲ ਨੂੰ ਲੈ ਕੇ ਜੰਮ ਕੇ ਰੋਹ ਪ੍ਰਦਰਸ਼ਨ ਕੀਤਾ | ਵਿਰੋਧੀ ਧਿਰਾਂ ਨੇ ਹੱਥ 'ਚ ਇਕ ਵੱਡਾ ਬੈਨਰ ਜਿਸ 'ਤੇ ਐਨ. ਜੀ. ਓ. ਅਤੇ ਸੰਸਥਾਵਾਂ ਨੂੰ ਨਿਸ਼ਾਨਾ ਨਾ ਬਣਾਉਣ ਦੀ ਮੰਗ ਕੀਤੀ ਗਈ ਸੀ, ਫੜ ਕੇ ਪ੍ਰਦਰਸ਼ਨ ਕਰਦਿਆਂ ਬਿੱਲ ਨੂੰ ਵਾਪਸ ਲੈਣ ਦੀ ਮੰਗ ਕੀਤੀ | ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਬਿੱਲ ਨੂੰ ਮਨਮਾਨਾ ਅਤੇ ਗਲਤ ਇਰਾਦੇ ਨਾਲ ਲਿਆਦਾ ਕਰਾਰ ਦਿੰਦਿਆਂ ਕਿਹਾ ਕਿ ਇਹ ਸੰਵਿਧਾਨ ਦੀ ਧਾਰਾ 14, 19, 21 ਅਤੇ 301 (ਏ) ਦੀ ਉਲੰਘਣਾ ਕਰਦਾ ਹੈ | ਇਸ ਲਈ ਇਸ ਦਾ ਸਖ਼ਤ ਵਿਰੋਧ ਹੋਣਾ ਚਾਹੀਦਾ ਹੈ | ਕਾਂਗਰਸੀ ਨੇਤਾ ਕੇ. ਸੀ. ਵੇਣੂਗੋਪਾਲ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪਾਏ ਸੰਦੇਸੋ 'ਚ ਵੀ ਬਿੱਲ ਦੀ ਮੁਖਾਲਫਤ ਕਰਦਿਆਂ ਕਿਹਾ ਕਿ ਇਸ ਨਾਲ ਐਨ. ਜੀ. ਓ. ਅਤੇ ਸਮਾਜਿਕ ਸੰਗਠਨਾਂ 'ਤੇ ਅਸਰ ਪਵੇਗਾ, ਖਾਸ ਤੌਰ 'ਤੇ ਉਨ੍ਹਾਂ ਸੰਗਠਨਾਂ ਜੋ ਘੱਟ ਗਿਣਤੀ ਭਾਈਚਾਰੇ ਨਾਲ ਜੁੜੇ ਹਨ |
ਐਫ.ਸੀ.ਆਰ.ਏ. ਸੋਧ ਬਿੱਲ ਨੂੰ ਲੈ ਕੇ ਲੋਕ ਸਭਾ 'ਚ ਹੰਗਾਮਾ <br/>
ਅਜੀਤ ਡੈਸਕ
02-04-2026