ਜਲੰਧਰ, 19 ਫਰਵਰੀ (ਸ਼ਿਵ)- ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਨੇ ਅਪਰਾਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਸੰਕਲਪ ਦੁਹਰਾਉਂਦੇ ਹੋਏ ਕਿਹਾ ਹੈ ਕਿ ਸੂਬੇ ਵਿਚ ਅਪਰਾਧਾਂ ਨੂੰ ਰੋਕਣ ਲਈ ਪੰਜਾਬ ਪੁਲਿਸ ਪਹਿਲਾਂ ਹੀ ਸਰਗਰਮੀ ਨਾਲ ਕੰਮ ਕਰ ਰਹੀ ਹੈ ਅਤੇ ਪੰਜਾਬ ਵਿਚ ਗੈਂਗਸਟਵਾਦ ਦਾ ਪੂਰੀ ਤਰਾਂ ਨਾਲ ਖ਼ਾਤਮਾ ਕਰਨ ਲਈ ਕਾਰਵਾਈ ਹੋਰ ਤੇਜ਼ ਕੀਤੀ ਜਾਵੇਗੀ | ਉਨ੍ਹਾਂ ਸਪਸ਼ਟ ਕਿਹਾ ਕਿ ਅਪਰਾਧ ਕਰਨ ਵਾਲੇ ਗੈਂਗਸਟਰ ਕਿਧਰੇ ਵੀ ਬੈਠ ਕੇ ਆਪਣੀਆਂ ਕਾਰਵਾਈਆਂ ਚਲਾ ਰਹੇ ਹਨ, ਉਨ੍ਹਾਂ ਨਾਲ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈ | ਡੀ.ਜੀ.ਪੀ. ਗੌਰਵ ਯਾਦਵ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸੂਬੇ ਵਿਚ ਚਲਾਈ ਜਾ ਰਹੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਨੂੰ ਅੱਗੇ ਵਧਾਉਂਦਿਆਂ ਪੁਲਿਸ ਲਾਈਨਜ਼ ਵਿਖੇ ਨਵੀਂ ਬਣੀ ਅਤਿ-ਆਧੁਨਿਕ ਐਂਟੀ-ਨਾਰਕੋਟਿਕਸ ਟਾਸਕ ਫੋਰਸ (ਏ.ਐਨ.ਟੀ.ਐਫ.) ਜਲੰਧਰ ਰੇਂਜ ਇਮਾਰਤ ਦਾ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ | ਇਸ ਮੌਕੇ ਡੀ. ਜੀ. ਪੀ. ਦੇ ਨਾਲ ਵਿਸ਼ੇਸ਼ ਡੀ. ਜੀ. ਪੀ. (ਏ.ਐਨ.ਟੀ.ਐਫ.) ਕੁਲਦੀਪ ਸਿੰਘ, ਏ.ਡੀ.ਜੀ.ਪੀ. (ਏ.ਐਨ.ਟੀ.ਐਫ.) ਨੀਲਾਭ ਕਿਸ਼ੋਰ ਅਤੇ ਏ.ਡੀ.ਜੀ.ਪੀ. (ਸਟੇਟ ਆਰਮਡ ਪੁਲਿਸ ਪੰਜਾਬ) ਐਮ.ਐਫ. ਫਾਰੂਕੀ ਵੀ ਮੌਜੂਦ ਸਨ | ਯਾਦਵ ਨੇ ਤਰਨ ਤਾਰਨ ਵਿਖੇ ਸਰਪੰਚ ਦੀ ਹੱਤਿਆ ਸੰਬੰਧੀ ਪੁੱਛੇ ਸਵਾਲ 'ਤੇ ਕਿਹਾ ਕਿ ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਲਈ ਉਨ੍ਹਾਂ ਨੂੰ ਵਿਦੇਸ਼ਾਂ ਤੋਂ ਲਿਆਂਦਾ ਜਾਵੇਗਾ ਅਤੇ ਇਸ ਲਈ 'ਰੈੱਡ' ਅਤੇ 'ਬਲੂ ਕਾਰਨਰ' ਨੋਟਿਸ ਜਾਰੀ ਕੀਤੇ ਜਾ ਰਹੇ ਹਨ | ਉਨ੍ਹਾਂ ਕਈ ਅਦਾਰਿਆਂ ਨੂੰ ਧਮਕੀ ਭਰੀਆਂ ਆ ਰਹੀਆਂ ਈਮੇਲਾਂ ਆਉਣ ਬਾਰੇ ਪੁੱਛੇ ਸਵਾਲ 'ਤੇ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਮਾਹੌਲ ਖ਼ਰਾਬ ਕਰਨ ਦੇ ਕੰਮ ਵਿਚ ਲੱਗੇ ਹੋਏ ਹਨ, ਜਿਨ੍ਹਾਂ 'ਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਸਾਈਬਰ ਸੈੱਲ ਵੀ ਸਖ਼ਤੀ ਨਾਲ ਨਿਗਰਾਨੀ ਕਰ ਰਿਹਾ ਹੈ | ਜਲੰਧਰ ਦੇ ਚਰਚਿਤ ਲੱਕੀ ਉਬਰਾਏ ਦੀ ਹੱਤਿਆ ਮਾਮਲੇ ਬਾਰੇ ਪੁੱਛੇ ਸਵਾਲ 'ਤੇ ਡੀ. ਜੀ. ਪੀ. ਦਾ ਕਹਿਣਾ ਸੀ ਕਿ ਪੰਜਾਬ ਪੁਲਿਸ ਵਲੋਂ ਅਜੇ ਤੱਕ ਦੋ ਸ਼ਕੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਮੁੱਖ ਦੋਸ਼ੀ ਨੂੰ ਜਲਦੀ ਹੀ ਪੰਜਾਬ ਪੁਲਿਸ ਦੀਆਂ ਟੀਮਾਂ ਵਲੋਂ ਗਿ੍ਫ਼ਤਾਰ ਕਰ ਲਿਆ ਜਾਵੇਗਾ | ਇਸ ਤੋਂ ਪਹਿਲਾਂ ਉਨ੍ਹਾਂ ਨੇ ਜਲੰਧਰ ਵਿਚ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੀ ਨਵੀਂ ਇਮਾਰਤ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ 9000 ਵਰਗ ਫੁੱਟ ਦੇ ਖੇਤਰ ਵਿਚ ਫੈਲੀ ਅਤੇ 1.60 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਅਤਿ-ਆਧੁਨਿਕ ਇਮਾਰਤ, ਰੇਂਜ ਦੀ ਕਾਰਜ ਕੁਸ਼ਲਤਾ ਨੂੰ ਵਧਾਉਣ ਅਤੇ ਨਸ਼ਾ ਤਸਕਰੀ ਨਾਲ ਹੋਰ ਪ੍ਰਭਾਵੀ ਢੰਗ ਨਾਲ ਨਜਿੱਠਣ ਲਈ ਤਿਆਰ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਏ.ਐਨ.ਟੀ.ਐਫ. ਨੇ ਹੁਣ 70,000 ਤੋਂ ਵੱਧ ਅਪਰਾਧੀਆਂ ਦੀਆਂ ਆਵਾਜ਼ਾਂ ਵਾਲੇ ਡੇਟਾਬੇਸ ਅਤੇ ਹੋਰ ਅਤਿ-ਆਧੁਨਿਕ ਵਿਸ਼ੇਸ਼ਤਾਵਾਂ ਵਾਲੇ ਪੰਜਾਬ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ (ਪੀ.ਏ.ਆਈ.ਐਸ. 2.0) ਨਾਲ ਆਪਣੀ ਤਕਨੀਕੀ ਸਮਰੱਥਾ ਨੂੰ ਹੋਰ ਅਪਗ੍ਰੇਡ ਕੀਤਾ ਹੈ, ਜਿਸ ਨਾਲ ਅਪਰਾਧੀਆਂ ਨੂੰ ਹੋਰ ਆਸਾਨੀ ਨਾਲ ਕਾਬੂ ਕਰਨ ਵਿਚ ਮਦਦ ਮਿਲੇਗੀ | ਇਸ ਮੌਕੇ ਪੁਲਿਸ ਕਮਿਸ਼ਨਰ ਜਲੰਧਰ ਧਨਪ੍ਰੀਤ ਕੌਰ, ਡੀ. ਆਈ. ਜੀ. ਜਲੰਧਰ ਰੇਂਜ ਨਵੀਨ ਸਿੰਗਲਾ, ਡੀ. ਆਈ. ਜੀ. ਏ.ਐਨ.ਟੀ.ਐਫ. ਸੰਜੀਵ ਕੁਮਾਰ ਰਾਮਪਾਲ, ਡੀ.ਆਈ.ਜੀ. ਏ.ਐਨ.ਟੀ.ਐਫ. ਅਖਿਲ ਚੌਧਰੀ ਅਤੇ ਏ.ਆਈ.ਜੀ. ਏ.ਐਨ.ਟੀ.ਐਫ. ਅਸ਼ਵਨੀ ਗੋਟਿਆਲ ਵੀ ਮੌਜੂਦ ਸਨ |
ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਹੋਰ ਤੇਜ਼ ਕੀਤੀ ਜਾਵੇਗੀ-ਡੀ.ਜੀ.ਪੀ. <br/>
ਅਜੀਤ ਡੈਸਕ
20-02-2026