ਗੁਰੂ ਨਾਨਕ ਕਾਲਜੀਏਟ ਸਕੂਲ ਵਿਖੇ ਮਾਪੇ-ਅਧਿਆਪਕ ਮਿਲਣੀ ਹੋਈ
ਸ੍ਰੀ ਮੁਕਤਸਰ ਸਾਹਿਬ, 27 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸਥਾਨਕ ਗੁਰੂ ਨਾਨਕ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ 10+1 ਅਤੇ 10+2 ਜਮਾਤਾਂ ਦੇ ਵਿਦਿਆਰਥੀਆਂ ਦੇ ਅਕਾਦਮਿਕ ਅਤੇ ਵਿਹਾਰਕ ਪੱਧਰ ਸੰਬੰਧੀ ਮਾਪਿਆਂ ਨਾਲ ਵਿਚਾਰ-ਵਟਾਂਦਰਾ ਕਰਨ ਲਈ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ। ਇਸ ਮੌਕੇ ਮਾਪਿਆਂ ਨੂੰ ਸੰਸਥਾ ਦੇ ਨਿਯਮਾਂ, ਵਿਦਿਆਰਥੀਆਂ ਲਈ ਉਪਲਬਧ ਸਹੂਲਤਾਂ ਅਤੇ ਵਿਦਿਆਰਥੀ ਭਲਾਈ ਲਈ ਚੱਲ ਰਹੇ ਵੱਖ-ਵੱਖ ਸੈੱਲਾਂ ਸੰਬੰਧੀ ਜਾਣਕਾਰੀ ਦਿੱਤੀ ਗਈ।
ਸ੍ਰੀ ਮੁਕਤਸਰ ਸਾਹਿਬ, 27 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸਥਾਨਕ ਗੁਰੂ ਨਾਨਕ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ 10+1 ਅਤੇ 10+2 ਜਮਾਤਾਂ ਦੇ ਵਿਦਿਆਰਥੀਆਂ ਦੇ ਅਕਾਦਮਿਕ ਅਤੇ ਵਿਹਾਰਕ ਪੱਧਰ ਸੰਬੰਧੀ ਮਾਪਿਆਂ ਨਾਲ ਵਿਚਾਰ-ਵਟਾਂਦਰਾ ਕਰਨ ਲਈ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ। ਇਸ ਮੌਕੇ ਮਾਪਿਆਂ ਨੂੰ ਸੰਸਥਾ ਦੇ ਨਿਯਮਾਂ, ਵਿਦਿਆਰਥੀਆਂ ਲਈ ਉਪਲਬਧ ਸਹੂਲਤਾਂ ਅਤੇ ਵਿਦਿਆਰਥੀ ਭਲਾਈ ਲਈ ਚੱਲ ਰਹੇ ਵੱਖ-ਵੱਖ ਸੈੱਲਾਂ ਸੰਬੰਧੀ ਜਾਣਕਾਰੀ ਦਿੱਤੀ ਗਈ। ਮਿਲਣੀ ਦੌਰਾਨ ਸੰਸਥਾ ਵਿਚ ਚੱਲ ਰਹੀਆਂ ਸਾਇੰਸ, ਕਾਮਰਸ ਤੇ ਆਰਟਸ ਸਟਰੀਮਾਂ ਦੇ ਅਧਿਆਪਕ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਰੂਬਰੂ ਹੋਏ। ਅਧਿਆਪਕਾਂ ਵਲੋਂ ਮਹੀਨਾਵਾਰ ਪ੍ਰੀਖਿਆਵਾਂ ਵਿਚ ਵੱਖ-ਵੱਖ ਸਟਰੀਮਾਂ ਦੇ ਵਿਦਿਆਰਥੀਆਂ ਦੀ ਹਾਜ਼ਰੀ, ਵਿਦਿਅਕ ਪ੍ਰਾਪਤੀਆਂ ਤੇ ਕਾਰਗੁਜ਼ਾਰੀ ਬਾਰੇ ਮਾਪਿਆਂ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਇਸ ਦੌਰਾਨ ਵੱਖ-ਵੱਖ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਸ਼ਲਾਘਾ ਵੀ ਕੀਤੀ ਗਈ। ਸਕੂਲ ਇੰਚਾਰਜ ਸ਼ਹਿਨਾਜ਼ ਕੌਰ ਤੇ ਸਮੂਹ ਸਟਾਫ਼ ਨੇ ਮਾਪਿਆਂ ਵਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿਚ ਵੀ ਇਸੇ ਤਰ੍ਹਾਂ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮਾਪਿਆਂ ਤੇ ਅਧਿਆਪਕਾਂ ਦੇ ਆਪਸੀ ਸਹਿਯੋਗ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਸ਼ਖ਼ਸੀਅਤ ਦੇ ਵਿਕਾਸ ਨੂੰ ਹੋਰ ਬਿਹਤਰ ਬਣਾਇਆ ਜਾ ਸਕਦਾ ਹੈ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਸਰਬਜੀਤ ਕੌਰ ਅਤੇ ਸਥਾਨਕ ਪ੍ਰਬੰਧਕ ਕਮੇਟੀ ਦੇ ਵਧੀਕ ਸਕੱਤਰ ਮਨਜੀਤ ਸਿੰਘ ਬਰਕੰਦੀ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।