ਫ਼ਰੀਦਕੋਟ, 7 ਮਈ (ਜਸਵੰਤ ਸਿੰਘ ਪੁਰਬਾ)-ਅੱਜ ਫ਼ਰੀਦਕੋਟ ਵਿਖੇ ਮੁੱਖ ਮੰਤਰੀ ਦੀ ਫ਼ੇਰੀ ਦੌਰਾਨ ਪਿਛਲੇ ਡੇਢ ਮਹੀਨੇ ਤੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਸਮੇਤ ਹੋਰ ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਜਾ ਰਹੇ ਧਰਨੇ 'ਚ ਸ਼ਾਮਿਲ ਕਿਸਾਨਾਂ ਨੇ ਜਦੋਂ ਮੁੱਖ ਮੰਤਰੀ ਦੇ ਕਾਫ਼ਲੇ ਵੱਲ ਵਧੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ | ਇਸ ਦੌਰਾਨ ਪੁਲਿਸ ਅਤੇ ਕਿਸਾਨਾਂ ਵਿਚਕਾਰ ਧੱਕਾਮੁੱਕੀ ਵੀ ਹੋਈ | ਪਿੁਲਸ ਦੇ ਸਖ਼ਤ ਪ੍ਰਬੰਧਾਂ ਕਾਰਨ ਮੁੱਖ ਮੰਤਰੀ ਦਾ ਕਾਫ਼ਲਾ ਆਰਾਮ ਨਾਲ ਆਪਣੇ ਅਗਲੇ ਪੜ੍ਹਾਅ ਲਈ ਨਿਕਲ ਗਿਆ | ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਪਿਛਲੇ ਡੇਢ ਮਹੀਨੇ ਤੋਂ ਲੈਂਡ ਮਾਰਗੇਜ਼ ਬੈਂਕ ਫ਼ਰੀਦਕੋਟ ਅੱਗੇ ਉਨ੍ਹਾਂ ਕਿਸਾਨਾਂ ਦੇ ਹੱਕ ਵਿਚ ਧਰਨੇ 'ਤੇ ਬੈਠੇ ਹਨ ਜਿਹੜੇ ਬੈਂਕ ਪ੍ਰਬੰਧਕਾਂ ਦੀ ਧੱਕੇਸ਼ਾਹੀ ਕਾਰਨ ਆਤਮ ਹੱਤਿਆ ਕਰ ਗਏ ਹਨ | ਬੈਂਕਾਂ ਦੇ ਭਿ੍ਸ਼ਟਾਚਾਰ ਦੇ ਕਈ ਮਾਮਲੇ ਕਿਸਾਨ ਯੂਨੀਅਨ ਦੇ ਸਾਹਮਣੇ ਆਏ ਹਨ ਜਿਸਦੀਆਂ ਸ਼ਿਕਾਇਤਾਂ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਵੀ ਕੀਤੀਆਂ ਹਨ | ਪ੍ਰੰਤੂ ਸਰਕਾਰ ਕਿਸਾਨਾਂ ਦੀ ਮਦਦ ਕਰਨ ਦੀ ਬਜਾਏ ਆਪਣੇ ਅਧਿਕਾਰੀਆਂ ਨੂੰ ਬਚਾਉਣ ਵਿਚ ਜੁਟੀ ਹੋਈ ਹੈ | ਉਨ੍ਹਾਂ ਕਿਹਾ ਕਿ ਅੱਜ ਯੂਨੀਅਨ ਦੇ ਸੂਬਾਈ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਤੇ ਹੋਰ ਕਿਸਾਨ ਯੂਨੀਅਨਾਂ ਨੇ ਮੁੱਖ ਮੰਤਰੀ ਨੂੰ ਮਿਲ ਕੇ ਇਹ ਦਸਣਾ ਚਾਹੁੰਦੇ ਸਨ ਕਿ ਸ਼ੰਭੂ ਬਾਰਡਰ 'ਤੇ ਕਿਸਾਨਾਂ ਦੀਆਂ ਜਬਤ ਕੀਤੀਆਂ ਟਰਾਲੀਆਂ ਤੇ ਹੋਰ ਸਾਮਾਨ ਉਨ੍ਹਾਂ ਨੂੰ ਵਾਪਸ ਕਰਵਾਇਆ ਜਾਵੇ | ਇਸ ਮੌਕੇ ਬੋਹੜ ਸਿੰਘ ਰੁਪਈਆਂ ਵਾਲਾ, ਸ਼ਿੰਦਰਪਾਲ ਸਿੰਘ ਬਲਾਕ ਪ੍ਰਧਾਨ, ਬਲਜਿੰਦਰ ਸਿੰਘ ਵਾੜਾ ਦਰਾਕਾ, ਨੈਬ ਸਿੰਘ ਸ਼ੇਰ ਸਿੰਘ ਵਾਲਾ, ਨਿਰਮਲ ਸਿੰਘ ਬਲਾਕ ਪ੍ਰਧਾਨ, ਸੁਖਚਰਨ ਸਿੰਘ ਕਾਲਾ ਬਲਾਕ ਪ੍ਰਧਾਨ, ਤੇਜਾ ਸਿੰਘ ਪੱਕਾ ਬਲਾਕ ਪ੍ਰਧਾਨ, ਜਤਿੰਦਰਜੀਤ ਸਿੰਘ ਭਿੰਡਰ ਤੇ ਨੌਜਵਾਨ ਆਗੂ ਰਾਜਬੀਰ ਸਿੰਘ ਵੀ ਹਾਜ਼ਰ ਸਨ |