ਸ੍ਰੀ ਮੁਕਤਸਰ ਸਾਹਿਬ, 7 ਮਈ (ਰਣਜੀਤ ਸਿੰਘ ਢਿੱਲੋਂ)-ਪਿੰਡ ਸੱਕਾਂਵਾਲੀ ਵਿਖੇ ਰਜਬਾਹੇ ਵਿਚ ਪਾੜ ਪੈਣ ਕਾਰਨ ਖੇਤਾਂ 'ਚ ਪਾਣੀ ਭਰਨ ਦੀ ਸੂਚਨਾ ਹੈ | ਨੌਜਵਾਨ ਕਿਸਾਨ ਆਗੂ ਭਾਨਾ ਬਰਾੜ ਸੱਕਾਂਵਾਲੀ ਨੇ ਦੱਸਿਆ ਕਿ ਤੇਜ਼ ਹਨੇਰੀ ਝੱਖੜ ਕਾਰਨ ਸੱਕਾਂਵਾਲੀ ਰਾਜਬਾਹੇ ਵਿਚ ਦਰੱਖ਼ਤ ਟੁੱਟ ਕੇ ਡਿੱਗ ਪਏ ਅਤੇ ਰਾਜਬਾਹਾ ਵਿਚੋਂ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਸੱਕਾਂਵਾਲੀ ਦੇ ਰਕਬੇ ਵਿਚ ਟੁੱਟ ਗਿਆ | ਪਹਿਲਾਂ ਵੀ ਕਈ ਵਾਰ ਪ੍ਰਸ਼ਾਸਨ ਦੀਆਂ ਅਣਗਹਿਲੀਆਂ ਕਰਕੇ ਰਜਬਾਹਾ ਟੁੱਟਦਾ ਰਿਹਾ ਹੈ | ਕਿਸਾਨਾਂ ਵਲੋਂ ਇਲਜ਼ਾਮ ਲਾਏ ਗਏ ਹਨ ਕਿ ਜਦੋਂ ਕੱਲ੍ਹ ਮੌਸਮ ਵਿਭਾਗ ਵਲੋਂ ਹਨੇਰੀ ਤੇ ਮੀਂਹ ਦਾ ਅਲਰਟ ਕਰ ਦਿੱਤਾ ਗਿਆ ਸੀ | ਇਸ ਦੇ ਬਾਵਜੂਦ ਵੀ ਰਾਜਬਾਹੇ ਵਿਚੋਂ ਪਾਣੀ ਘੱਟ ਨਹੀਂ ਕੀਤਾ ਗਿਆ | ਕਿਸਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਉਨ੍ਹਾਂ ਵਲੋਂ ਨਹਿਰੀ ਵਿਭਾਗ ਨੂੰ ਸੂਚਿਤ ਕਰਕੇ ਇਸ ਰਾਜਬਾਹੇ ਵਿਚ ਪਾਣੀ ਥੋੜ੍ਹਾ ਘੱਟ ਕਰਵਾਇਆ ਗਿਆ ਸੀ | ਖ਼ਬਰ ਲਿਖੇ ਜਾਣ ਤੱਕ ਰਾਜਬਾਹੇ ਦੇ ਪਾਣੀ ਕਾਰਨ ਕਿਸਾਨ ਗੁਰਜੀਤ ਸਿੰਘ ਪੁੱਤਰ ਰਣ ਸਿੰਘ ਦੀ ਦੋ ਏਕੜ ਮੱਕੀ ਅਤੇ ਕਿਸਾਨ ਜਸਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਸੱਕਾਂਵਾਲੀ ਦੀ 3 ਏਕੜ ਮੱੱਕੀ ਦੀ ਫ਼ਸਲ ਵਿਚ ਪਾਣੀ ਭਰਨ ਕਾਰਨ ਨੁਕਸਾਨ ਹੋ ਗਿਆ | ਇਸ ਮੌਕੇ ਕਿਸਾਨ ਸਤਨਾਮ ਸਿੰਘ, ਬਲਜੀਤ ਸਿੰਘ, ਮਨਪ੍ਰੀਤ ਸਿੰਘ, ਭੁਪਿੰਦਰ ਸਿੰਘ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ |