ਸ੍ਰੀ ਮੁਕਤਸਰ ਸਾਹਿਬ, 7 ਮਈ (ਰਣਜੀਤ ਸਿੰਘ ਢਿੱਲੋਂ)-ਪੰਜਾਬ ਦੀਆਂ 6 ਪ੍ਰਮੁੱਖ ਸੰਘਰਸ਼ਸ਼ੀਲ ਅਧਿਆਪਕ ਜਥੇਬੰਦੀਆਂ ਦੇ ਸੱਦੇ 'ਤੇ ਅਧਿਆਪਕ ਮਸਲਿਆਂ ਦੇ ਹੱਲ ਲਈ ਪੰਜਾਬ ਭਰ 'ਚ ਡਿਪਟੀ ਕਮਿਸ਼ਨਰਾਂ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ ਪੱਤਰ ਭੇਜੇ ਗਏ | ਸ੍ਰੀ ਮੁਕਤਸਰ ਸਾਹਿਬ ਜ਼ਿਲੇ ਵਲੋਂ ਡਿਪਟੀ ਕਮਿਸ਼ਨਰ ਦੀ ਗ਼ੈਰ ਹਾਜ਼ਰੀ ਵਿਚ ਜਥੇਬੰਦੀਆਂ ਦਾ ਵਫ਼ਦ ਜੀ.ਏ. ਟੂ ਡੀ.ਸੀ. ਪੰਕਜ ਕੁਮਾਰ (ਖੇਤਰੀ ਅਫ਼ਸਰ ਮੁੱਖ ਮੰਤਰੀ) ਨੂੰ ਮਿਲਿਆ | 6 ਸੰਘਰਸ਼ੀਲ ਜਥੇਬੰਦੀਆਂ ਦੇ ਆਗੂਆਂ ਲਖਵੀਰ ਸਿੰਘ ਹਰੀਕੇ, ਸ਼ਰਨਦੀਪ ਸਿੰਘ, ਮਨਵੀਰਜੋਤ ਸਿੰਘ, ਪਵਨ ਕੁਮਾਰ, ਬਲਦੇਵ ਸਿੰਘ ਅਤੇ ਜੀਵਨ ਸਿੰਘ ਬਧਾਈ ਵਲੋਂ ਸੰਬੰਧਿਤ ਅਧਿਕਾਰੀ ਨਾਲ ਮੰਗਾਂ ਸੰਬੰਧੀ ਵਿਸਥਾਰਤ ਚਰਚਾ ਕਰਨ ਉਪਰੰਤ ਮੰਗ ਪੱਤਰ ਸੌਂਪਿਆ ਗਿਆ | ਜ਼ਿਲਾ ਅਧਿਕਾਰੀ ਵਲੋਂ ਸਾਰੀਆਂ ਮੰਗਾਂ 'ਤੇ ਸਿਧਾਂਤਕ ਸਹਿਮਤੀ ਦਿੰਦਿਆਂ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਤੱਕ ਪੁੱਜਦਾ ਕਰਨ ਦਾ ਵਿਸ਼ਵਾਸ ਦਿਵਾਇਆ | ਇਸ ਮੌਕੇ ਅਧਿਆਪਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਜਥੇਬੰਦਕ ਆਗੂਆਂ ਨੇ ਕਿਹਾ ਕਿ 'ਆਪ' ਸਰਕਾਰ ਦੇ ਪੰਜ ਸਾਲ ਪੂਰੇ ਹੋਣ ਵਾਲੇ ਹਨ, ਪਰ ਅਧਿਆਪਕਾਂ ਦੀ ਮੰਗਾਂ ਜਿਉ ਦੀਆਂ ਤਿਉਂ ਖੜੀਆਂ ਹਨ | ਪੁਰਾਣੀ ਪੈਨਸ਼ਨ ਬਹਾਲੀ ਦੇ ਅਹਿਮ ਮੁੱਦੇ ਤੋਂ ਸੂਬਾ ਸਰਕਾਰ ਭੱਜਦੀ ਨਜ਼ਰ ਆ ਰਹੀ ਹੈ | ਅਧਿਆਪਕਾਂ ਦੇ ਡੀ.ਏ. ਦੇ ਬਕਾਏ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਫ਼ੈਸਲੇ ਦੇ ਬਾਵਜੂਦ ਵੀ ਜਾਰੀ ਕਰਨ ਤੋਂ ਹੱਥ ਖੜੇ ਕੀਤੇ ਜਾ ਰਹੇ ਹਨ | ਅਧਿਆਪਕ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ 'ਆਪ' ਸਰਕਾਰ ਅਧਿਆਪਕ ਮੰਗਾਂ ਦੀ ਪੂਰਤੀ ਤੁਰੰਤ ਕਰੇ | ਉਨਾਂ ਕਿਹਾ ਕਿ ਮੰਗ ਪੱਤਰ ਅਗਲੇ ਸੰਘਰਸ਼ਾਂ ਦੀ ਸ਼ੁਰੂਆਤ ਹਨ | ਇਸ ਮੌਕੇ ਸੁਰਿੰਦਰ ਸੇਤੀਆ, ਨੀਰਜ ਬਜਾਜ, ਗੁਰਪ੍ਰੀਤ ਲੰਬੀ, ਚਰਨਜੀਤ ਅਟਵਾਲ, ਗੁਰਵਰਿਆਮ ਸਿੰਘ ਸਰਾਵਾਂ, ਕੁਲਵਿੰਦਰ ਸਿੰਘ ਅਕਾਲਗੜ, ਰਵਿਦਰ ਸਿੰਘ ਰਵੀ, ਪਰਮਿੰਦਰ ਸਿੰਘ ਥਾਂਦੇਵਾਲਾ, ਰਜਨੀ ਗੁਪਤਾ, ਬਲਜੀਤ ਕੌਰ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਆਗੂ ਹਾਜ਼ਰ ਸਨ |