ਫ਼ਰੀਦਕੋਟ, 7 ਮਈ (ਜਸਵੰਤ ਸਿੰਘ ਪੁਰਬਾ)-ਗੁਰੂ ਘਰ ਦੇ ਵਜ਼ੀਰਾਂ ਅਰਥਾਤ ਗ੍ਰੰਥੀ ਅਤੇ ਪਾਠੀ ਸਿੰਘਾਂ ਦਾ ਮਾਣ, ਸਨਮਾਨ ਅਤੇ ਸਤਿਕਾਰ ਬਹੁਤ ਜ਼ਰੂਰੀ ਹੈ | ਬਾਬਾ ਫ਼ਰੀਦ ਗੁਰੂਕੁਲ ਗਰੁੱਪ ਆਫ਼ ਕਾਲਜਿਜ ਕੋਟਕਪੂਰਾ ਵਿਖੇ ਬਿਸਮਾਦ ਵੈਲਫ਼ੇਅਰ ਸੁਸਾਇਟੀ ਵਲੋਂ ਇਲਾਕੇ ਦੇ ਗ੍ਰੰਥੀ ਸਿੰਘਾਂ ਦੇ ਬਾਬਾ ਬੁੱਢਾ ਜੀ ਸਨਮਾਨ ਨਾਲ ਰੱਖੇ ਸਮਾਰੋਹ ਦੌਰਾਨ ਬਤੌਰ ਮੁੱਖ ਮਹਿਮਾਨ ਪੁੱਜੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਗੁਰੂ ਘਰ ਦੇ ਸੇਵਾਦਾਰ ਸਿੱਖੀ ਦਾ ਆਧਾਰ ਹਨ | ਉਨ੍ਹਾਂ ਸਨਮਾਨਿਤ ਗ੍ਰੰਥੀ ਸਿੰਘਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਗੁਰੂ ਘਰ ਵਿਚ ਆਪ ਜੀ ਵਲੋਂ ਬਤੌਰ ਗ੍ਰੰਥੀ ਸਿੰਘ ਨਿਭਾਈ ਜਾ ਰਹੀ ਨਿਸ਼ਕਾਮ ਸੇਵਾ, ਗੁਰਬਾਣੀ ਪਾਠ, ਕੀਰਤਨ, ਕਥਾ ਪ੍ਰਚਾਰ ਅਤੇ ਸਿੱਖ ਰਹਿਤ ਮਰਿਆਦਾ ਦੀ ਪ੍ਰੇਰਨਾ ਰਾਹੀਂ ਸੰਗਤ ਨੂੰ ਆਤਮਿਕ ਜੀਵਨ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ | ਆਪ ਜੀ ਦੀ ਅਟੱਲ ਸੇਵਾ, ਨਿਮਰਤਾ ਅਤੇ ਗੁਰੂ ਪ੍ਰੇਮ ਦੇ ਸਤਿਕਾਰ ਵਜੋਂ ਤੁਹਾਨੂੰ ਇਹ ਮਾਣਯੋਗ ਉਪਾਧੀ ਨਾਲ ਸਨਮਾਨਿਤ ਕਰਨ ਦੀ ਖੁਸ਼ੀ ਪ੍ਰਾਪਤ ਹੋ ਰਹੀ ਹੈ | ਬਾਬਾ ਫ਼ਰੀਦ ਗੁਰੂਕੁਲ ਗਰੁੱਪ ਆਫ ਕਾਲਜਿਜ ਦੇ ਚੇਅਰਮੈਨ ਡਾ. ਮਨਜੀਤ ਸਿੰਘ ਢਿੱਲੋਂ ਨੇ ਆਖਿਆ ਕਿ ਬਿਸਮਾਦ ਵੈਲਫੇਅਰ ਸੁਸਾਇਟੀ ਵਲੋਂ ਅੱਜ ਕੋਟਕਪੂਰਾ ਇਲਾਕੇ ਦੇ 55 ਗ੍ਰੰਥੀ ਸਿੰਘਾਂ ਦਾ ਸਨਮਾਨ ਕੀਤਾ ਗਿਆ ਹੈ, ਜਦਕਿ ਇਹ ਸਨਮਾਨ ਸਮਾਰੋਹ ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿਚ ਰੱਖਣ ਦੀ ਤਜਵੀਜ਼ ਹੈ | ਇਸ ਮੌਕੇ ਅਨੇਕਾਂ ਹੋਰ ਉੱਘੀਆਂ ਸ਼ਖ਼ਸੀਅਤਾਂ ਨੇ ਨਾਅਰਿਆਂ ਅਤੇ ਜੈਕਾਰਿਆਂ ਦੀ ਗੂੰਜ਼ ਵਿਚ ਗੁਰੂ ਘਰ ਦੇ ਵਜ਼ੀਰਾਂ ਦਾ ਸਨਮਾਨ ਕੀਤਾ |