17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਛੇ ਅਧਿਆਪਕ ਜਥੇਬੰਦੀਆਂ ਨੇ ਐਸ.ਡੀ.ਐਮ. ਫ਼ਰੀਦਕੋਟ ਨੂੰ ਮੰਗ ਪੱਤਰ ਸੌਂਪਿਆ

ਅਜੀਤ ਡੈਸਕ 08-05-2026
ਫ਼ਰੀਦਕੋਟ, 7 ਮਈ (ਸਰਬਜੀਤ ਸਿੰਘ)-ਲੰਬੇ ਸਮੇਂ ਤੋਂ ਲਟਕ ਰਹੀਆਂ ਅਧਿਆਪਕ ਮੰਗਾਂ ਨੂੰ ਹੱਲ ਕਰਵਾਉਣ ਲਈ ਛੇ ਸੰਘਰਸ਼ਸ਼ੀਲ ਅਧਿਆਪਕ ਜਥੇਬੰਦੀਆਂ ਵਲੋਂ ਆਪਣੀਆਂ ਮੰਗਾਂ ਲਈ ਤਿੱਖਾ ਸੰਘਰਸ਼ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਜਿਸ ਦੇ ਤਹਿਤ ਅੱਜ ਉਕਤ ਜਥੇਬੰਦੀਆਂ ਦੇ ਆਗੂਆਂ ਵਲੋਂ ਡਿਪਟੀ ਕਮਿਸ਼ਨਰ ਫ਼ਰੀਦਕੋਟ ਦੀ ਗੈਰਹਾਜ਼ਰੀ ਵਿਚ ਐੱਸ.ਡੀ.ਐਮ. ਫ਼ਰੀਦਕੋਟ ਨੂੰ ਮੰਗ ਪੱਤਰ ਦੇ ਕੇ ਪੰਜਾਬ ਸਰਕਾਰ ਤੋਂ ਅਧਿਆਪਕ ਮੰਗਾਂ ਨੂੰ ਹੱਲ ਕਰਵਾਉਣ ਦੀ ਮੰਗ ਕੀਤੀ ਗਈ | ਡੈਮੋਕਰੇਟਿਕ ਟੀਚਰਜ਼ ਫ਼ਰੰਟ ਫ਼ਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ, ਸਕੱਤਰ ਗਗਨ ਪਾਹਵਾ, ਬਲਾਕ ਪ੍ਰਧਾਨ ਕੁਲਦੀਪ ਸਿੰਘ ਘਣੀਆ, 3704 ਅਧਿਆਪਕ ਯੂਨੀਅਨ ਦੇ ਗੁਰਵਿੰਦਰ ਸਿੰਘ ਚਹਿਲ, 4161 ਅਧਿਆਪਕ ਯੂਨੀਅਨ ਦੇ ਅਜੇਪਾਲ ਸਿੰਘ ਨੇ ਦੱਸਿਆ ਕਿ ਅਧਿਆਪਕਾਂ ਦੀਆਂ ਪਿਛਲੇ ਲੰਬੇ ਸਮੇਂ ਤੋਂ ਖੜ੍ਹੀਆਂ ਮੰਗਾਂ ਨੂੰ ਪੰਜਾਬ ਸਰਕਾਰ ਵਲੋਂ ਚਾਰ ਸਾਲ ਬੀਤਣ 'ਤੇ ਵੀ ਪੂਰਾ ਨਹੀਂ ਕੀਤਾ ਗਿਆ ਸਗੋਂ ਇਨ੍ਹਾਂ ਮੰਗਾਂ ਤੋਂ ਲਗਾਤਾਰ ਕਿਨਾਰਾ ਕੀਤਾ ਹੋਇਆ ਹੈ | ਜਿਨ੍ਹਾਂ ਵਿਚ 3704, 2392, 6635 ਅਤੇ 4161 ਭਰਤੀਆਂ ਦੀਆਂ ਰੀਕਾਸਟ ਲਿਸਟਾਂ ਜਾਰੀ ਹੋਣ ਉਪਰੰਤ ਮੈਰਿਟ ਲਿਸਟਾਂ ਵਿਚੋਂ ਬਾਹਰ ਹੋਏ ਅਧਿਆਪਕਾਂ ਨੂੰ ਮੈਰਿਟ ਲਿਸਟਾਂ ਵਿਚ ਸ਼ਾਮਿਲ ਕਰਨ, 17 ਜੁਲਾਈ 2020 ਤੋਂ ਬਾਅਦ ਭਰਤੀ ਸਮੂਹ ਅਧਿਆਪਕਾਂ ਤੇ ਪੰਜਾਬ ਦਾ ਪੇ ਸਕੇਲ ਲਾਗੂ ਕਰਨ, ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਦੀਆਂ ਅਸਾਮੀਆਂ ਦੀ ਸਮੂਹ ਸਕੂਲਾਂ ਵਿਚ ਬਰਾਬਰ ਵੰਡ ਕਰਕੇ ਬਦਲੀਆਂ ਲਈ ਮੌਕਾ ਦੇਣ, ਪੁਰਾਣੀ ਪੈਨਸ਼ਨ ਬਹਾਲ ਕਰਨ, ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ, ਕੰਪਿਊਟਰ ਅਧਿਆਪਕਾਂ ਅਤੇ ਐਨ.ਐਸ.ਕਿਊ.ਐਫ. ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿਚ ਮਰਜ ਕਰਨ ਆਦਿ ਮੰਗਾਂ ਲੰਬੇ ਸਮੇਂ ਤੋਂ ਲਟਕ ਰਹੀਆਂ ਹਨ | ਸਾਢੇ ਚਾਰ ਸਾਲ ਦਾ ਸਮਾਂ ਬੀਤਣ ਤੋਂ ਬਾਵਜੂਦ ਵੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਅਧਿਆਪਕਾਂ ਸਮੇਤ ਸਮੁੱਚੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਕੇ ਮੁਲਾਜ਼ਮ ਵਿਰੋਧੀ ਚਿਹਰਾ ਸਾਹਮਣੇ ਲਿਆਂਦਾ ਹੈ | ਅੱਜ ਐਸ.ਡੀ.ਐਮ. ਪੁਨੀਤ ਸ਼ਰਮਾ ਰਾਹੀਂ ਆਪਣੀਆਂ ਮੰਗਾਂ ਦਾ ਡਿਮਾਂਡ ਚਾਰਟ ਭੇਜ ਕੇ ਇਨ੍ਹਾਂ ਨੂੰ ਤੁਰੰਤ ਪੂਰਾ ਕਰਨ ਦੀ ਮੰਗ ਕੀਤੀ ਗਈ ਹੈ | ਆਗੂਆਂ ਨੇ ਚੇਤਾਵਨੀ ਦਿੱਤੀ ਕਿ ਅਗਲੇ ਦਿਨੀਂ ਪੰਜਾਬ ਸਰਕਾਰ ਦੇ ਇਸ ਅੜੀਅਲ ਰਵਈਏ ਖਿਲਾਫ਼ ਤਿੱਖੇ ਸੰਘਰਸ਼ ਕੀਤੇ ਜਾਣਗੇ | ਇਸ ਮੌਕੇ ਪ੍ਰੈਸ ਸਕੱਤਰ ਲਵਕਰਨ ਸਿੰਘ, ਵਿੱਤ ਸਕੱਤਰ ਪ੍ਰਦੀਪ ਸਿੰਘ, ਗੁਰਸੇਵਕ ਸਿੰਘ, ਜਸਪ੍ਰੀਤ ਸਿੰਘ ਸੰਧੂ, ਦਿਲਬਾਗ ਸਿੰਘ ਬਰਾੜ, ਸਵਰਨਪਾਲ ਸਿੰਘ, ਭਰਤ ਭੂਸ਼ਣ ਜਿੰਦਲ, ਦੀਪਕ ਕੁਮਾਰ, ਮਨਪ੍ਰੀਤ ਸਿੰਘ, ਨਵਪ੍ਰੀਤ ਸਿੰਘ ਬਰਾੜ, ਅਮਨਦੀਪ ਸਿੰਘ ਜੱਸਲ, ਅਰੁਣਾ ਅਤੇ ਤੇਜਿੰਦਰਪਾਲ ਆਦਿ ਆਗੂ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਹੈਲਥ ਫ਼ਾਰ ਆਲ ਸੁਸਾਇਟੀ ਨੇ ਆਈ ਡਰਾਪ ਦਾਨ ਕੀਤੇ ਅਗਲੀ ਖ਼ਬਰ ਡਾ. ਰਵਿੰਦਰ ਸਿੰਘ ਦੀ 21ਵੀਂ ਬਰਸੀ ਮੌਕੇ ਸੋਗ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।