ਬਰਗਾੜੀ, 7 ਮਈ (ਲਖਵਿੰਦਰ ਸ਼ਰਮਾ)-ਬਾਬਾ ਫ਼ਰੀਦ ਗੁਰੂਕੁਲ ਕਾਲਜ ਢਿਲਵਾਂ ਕਲਾਂ ਕੋਟਕਪੂਰਾ ਵਲੋਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਬਰਗਾੜੀ ਵਿਖੇ ਬੱਚਿਆਂ, ਮਾਪਿਆਂ ਨੂੰ ਬੱਚਿਆਂ ਦੇ ਚੰਗੇਰੇ ਭਵਿੱਖ ਲਈ ਚੰਗੇ ਕੋਰਸਾਂ ਸਬੰਧੀ ਜਾਣਕਾਰੀ ਦੇਣ ਲਈ ਸੈਮੀਨਾਰ ਕਰਵਾਇਆ ਗਿਆ | ਸੰਸਥਾ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ, ਡਾਇਰੈਕਟਰ ਵਿਨੋਦ ਵਰਮਾ ਨੇ ਦੱਸਿਆ ਕਿ ਇਸ ਸੰਸਥਾ ਵਿਚ ਬੱਚਿਆਂ ਨੂੰ ਆਈ ਏ ਐਸ, ਪੀ ਸੀ ਐਸ, ਯੂ ਪੀ ਐਸ ਸੀ, ਡਾਕਟਰ, ਇੰਜੀਨੀਅਰ, ਪੁਲਿਸ ਅਫ਼ਸਰ, ਫੈਸ਼ਨ ਡਿਜਾਇਨਰ, ਵਕੀਲ, ਜੱਜ, ਅਕਾਉਟੈਂਟ, ਫੌਜੀ ਅਫਸਰ, ਨੇਵੀ ਆਦਿ ਦੇ ਖੇਤਰਾਂ ਵਿਚ ਨੌਕਰੀ ਕਰਵਾਉਣ ਲਈ ਵਾਜਬ ਖਰਚੇ 'ਤੇ ਕੋਰਸ ਕਰਵਾਏ ਜਾਂਦੇ ਹਨ ਅਤੇ ਲੋੜਵੰਦ ਗਰੀਬ ਬੱਚਿਆਂ ਦੀ ਸਹਾਇਤਾ ਵੀ ਕੀਤੀ ਜਾਂਦੀ ਹੈ | ਡਾ. ਢਿੱਲੋਂ ਨੇ ਕਿਹਾ ਕਿ ਸਾਡੇ ਪੇਂਡੂ ਬੱਚੇ ਅਜਿਹੇ ਕੋਰਸ ਕਰਨ ਲਈ ਦੂਰ ਦੂਰ ਦੇ ਇੰਸਟੀਚਿਊਟਾਂ ਵਿਚ ਮਹਿੰਗੇ ਕੋਰਸ ਕਰਨ ਜਾਂਦੇ ਹਨ ਜਿਨ੍ਹਾਂ ਦੀ ਸਹੂਲਤ ਲਈ ਹੁਣ ਇਹ ਸਾਰੇ ਕੋਰਸ ਇਸ ਸੰਸਥਾ ਵਿਚ ਬਹੁਤ ਹੀ ਸਸਤੇ ਖਰਚੇ 'ਤੇ ਸ਼ੁਰੂ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਸਾਡੇ ਪੰਜਾਬ ਦੇ ਬੱਚੇ ਇਥੇ ਕੋਈ ਨੌਕਰੀ ਕਰਨ ਜਾਂ ਕੋਈ ਆਪਣਾ ਕਾਰੋਬਾਰ ਕਰਨ ਦੀ ਬਜਾਏ ਵਿਦੇਸ਼ਾਂ ਵੱਲ ਭੱਜ ਰਹੇ ਹਨ ਅਤੇ ਪੰਜਾਬ ਵਿਚ ਬਹੁਤੇ ਅਫਸਰ ਪੰਜਾਬ ਤੋਂ ਬਾਹਰਲੇ ਰਾਜਾਂ ਦੇ ਹਨ ਕਿਉਂਕਿ ਪੰਜਾਬ ਦੇ ਬੱਚੇ ਪੀ ਸੀ ਐਸ ਜਾਂ ਆਈ ਏ ਐਸ ਬਹੁਤ ਘੱਟ ਕਰ ਰਹੇ ਹਨ | ਵਿਦੇਸ਼ਾਂ ਦਾ ਹਾਲ ਵੀ ਸਾਡੇ ਸਾਹਮਣੇ ਹੈ | ਸਾਡੇ ਇਕਲੌਤੇ ਬੱਚੇ ਵਿਦੇਸ਼ਾਂ ਵਿਚ ਹਨ ਅਤੇ ਬਜ਼ੁਰਗ ਬੇਸਹਾਰਾ ਆਪਣਾ ਜੀਵਨ ਇਥੇ ਬਤੀਤ ਕਰ ਰਹੇ ਹਨ | ਸਾਨੂੰ ਆਪਣੇ ਬੱਚਿਆਂ ਨੂੰ ਆਪਣੇ ਕੋਲ ਰੱਖ ਕੇ ਇਥੇ ਨੌਕਰੀਆਂ ਕਰਵਾਉਣ ਜਾਂ ਆਪਣਾ ਚੰਗਾ ਕਾਰੋਬਾਰ ਕਰਵਾਉਣ ਲਈ ਇਥੇ ਹੀ ਚੰਗੇ ਕੋਰਸ ਆਦਿ ਕਰਵਾਉਣੇ ਚਾਹੀਦੇ ਹਨ ਤਾਂ ਕਿ ਸਾਡਾ ਅਸਲ ਸਰਮਾਇਆ ਸਾਡੇ ਬੱਚੇ ਇਥੇ ਪੰਜਾਬ ਵਿਚ ਹੀ ਵਧੀਆ ਜੀਵਨ ਬਤੀਤ ਕਰ ਸਕਣ | ਉਨ੍ਹਾਂ ਦੱਸਿਆ ਕਿ 15 ਮਈ ਨੂੰ ਸੰਗਰਾਂਦ ਵਾਲੇ ਦਿਨ ਸਵੇਰ ਸਮੇਂ ਗੁਰਦੁਆਰਾ ਪਾਤਸ਼ਾਹੀ ਦਸਵੀਂ ਬਰਗਾੜੀ ਵਿਖੇ ਬੱਚਿਆਂ ਅਤੇ ਮਾਪਿਆਂ ਨੂੰ ਇਨ੍ਹਾਂ ਸਾਰੇ ਕੋਰਸਾਂ ਬਾਰੇ ਜਾਣਕਾਰੀ ਦੇਣ ਲਈ ਵੱਡੇ ਪੱਧਰ 'ਤੇ ਇਕ ਹੋਰ ਸੈਮੀਨਾਰ ਕਰਵਾਇਆ ਜਾਵੇਗਾ | ਡਾ. ਢਿੱਲੋਂ ਨੇ ਦੱਸਿਆ ਕਿ ਵਿਸ਼ਮਾਦ ਸੰਸਥਾ ਵਲੋਂ ਪੰਜਾਬ ਦੇ ਸਾਰੇ ਗੁਰੂਘਰਾਂ ਅਤੇ ਹੋਰ ਪਾਠੀ ਸਿੰਘਾਂ ਦਾ ਮਾਣ ਸਨਮਾਨ ਅਤੇ ਉਨ੍ਹਾਂ ਦੀ ਆਰਥਿਕ ਸਹਾਇਤਾ ਕਰਨ ਲਈ ਪੰਜਾਬ ਦੇ ਪਾਠੀ ਸਿੰਘਾਂ ਦੀਆਂ ਲਿਸਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਪਾਠੀ ਸਿੰਘਾਂ ਦਾ ਮਾਣ ਸਨਮਾਨ ਅਤੇ ਆਰਥਿਕ ਸਹਾਇਤਾ ਕੀਤੀ ਜਾ ਸਕੇ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਕੁਲਵਿੰਦਰ ਸਿੰਘ ਖਾਲਸਾ, ਡਾ. ਬੁੱਧ ਸਿੰਘ, ਡਾ. ਗੁਰਮੇਲ ਸਿੰਘ, ਕਿਰਨਜੀਤ ਕੌਰ ਤੋਂ ਇਲਾਵਾ ਕਾਲਜ ਦਾ ਸਟਾਫ਼ ਆਦਿ ਹਾਜ਼ਰ ਸੀ |