17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਇਕ ਨਜ਼ਰ ਇੱਧਰ ਵੀ.. ਟਰੈਕਟਰਾਂ 'ਤੇ ਲੱਗੇ ਡੈਕਾਂ ਦੀ ਉੱਚੀ ਆਵਾਜ਼ ਤੋਂ ਲੋਕ ਡਾਢੇ ਪ੍ਰੇਸ਼ਾਨ • ਵਿਦਿਆਰਥੀਆਂ ਦੀ ਪੜ੍ਹਾਈ 'ਚ ਪੈ ਰਿਹਾ ਵਿਘਨ

ਅਜੀਤ ਡੈਸਕ 20-04-2026
ਕੋਟਕਪੂਰਾ, 19 ਅਪੈ੍ਰਲ (ਮੇਘਰਾਜ)-ਸ਼ਹਿਰਾਂ ਸਮੇਤ ਪਿੰਡਾਂ ਦੇ ਲੋਕ ਵੀ ਟਰੈਕਟਰਾਂ 'ਤੇ ਲੱਗੇ ਡੀ.ਜੇ ਵਰਗੇ ਡੈੱਕਾਂ ਦੀ ਉੱਚੀ ਆਵਾਜ਼ ਤੋਂ ਕਾਫ਼ੀ ਪ੍ਰੇਸ਼ਾਨ ਹਨ | ਮੰਡੀਆਂ 'ਚ ਕਣਕਾਂ ਦੀਆਂ ਟਰਾਲੀਆਂ ਲੈ ਕੇ ਆਉਂਦੇ ਪਿੰਡਾਂ ਦੇ ਕੁਝ ਕੁ ਨੌਜਵਾਨ ਵੱਡੇ ਡੈੱਕਾਂ 'ਤੇ ਉੱਚੀ ਆਵਾਜ਼ ਲਾਏ ਗਾਣਿਆਂ ਨੂੰ ਆਪਣੀ ਸ਼ਾਨ ਸਮਝਦੇ ਹਨ | ਪੁਲਿਸ ਪ੍ਰਸ਼ਾਸਨ ਵਲੋਂ ਵੀ ਉੱਚੀ ਵੱਜਦੇ ਗਾਣਿਆਂ ਨੂੰ ਰੋਕਣ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ | ਸਮਾਜ ਸੇਵੀ ਸੰਸਥਾਵਾਂ ਵੀ ਉਕਤ ਸਮੱਸਿਆ ਨੂੰ ਰੋਕਣ ਲਈ ਅੱਗੇ ਨਹੀਂ ਆ ਰਹੀਆਂ | ਵਿਦਿਆਰਥੀਆਂ ਦੀਆਂ ਨਵੀਂਆਂ ਜਮਾਤਾਂ ਦੀਆਂ ਪੜ੍ਹਾਈਆਂ ਜ਼ੋਰਾਂ 'ਤੇ ਹਨ | ਪਿੰਡਾਂ 'ਚ ਅੱਜ ਦੀ ਪੀੜ੍ਹੀ ਪੜ੍ਹਾਈ ਲਈ ਕਾਫ਼ੀ ਸੰਜੀਦਾ ਹੈ ਪਰ ਰਾਤ ਤੇ ਦਿਨ ਸਮੇਂ ਉਨ੍ਹਾਂ ਘਰਾਂ ਮੂਹਰੋਂ ਲੰਘਦੇ ਟਰੈਕਟਰ 'ਤੇ ਲੱਗੇ ਉੱਚੀ ਆਵਾਜ਼ 'ਚ ਵੱਜਦੇ ਗਾਣੇ ਪੜ੍ਹਾਈ ਨੂੰ ਜਰੂਰ ਖਰਾਬ ਕਰਦੇ ਹਨ | ਕੋਈ ਸਮਾਂ ਸੀ ਜਦ ਕਿਸਾਨ ਆਪਣੇ ਟਰੈਕਟਰਾਂ 'ਤੇ ਲੋੜ ਅਨੁਸਾਰ ਹੀ ਡੈੱਕ ਲਵਾਉਂਦੇ ਸਨ ਤੇ ਸਿਰਫ਼ ਆਪਣੇ ਖੇਤਾਂ 'ਚ ਹੀ ਚਲਾਉਂਦੇ ਸਨ ਅਤੇ ਡੈੱਕ ਦੀ ਅਵਾਜ਼ ਵੀ ਲੋੜ ਅਨੁਸਾਰ ਹੀ ਕਰਦੇ ਸਨ | ਪਰ ਅੱਜ ਕੱਲ੍ਹ ਦੇ ਪਿੰਡਾਂ ਦੇ ਕੁਝ ਕੁ ਨੌਜਵਾਨ ਵੇਖੋ ਵੇਖੀ ਆਪਣੇ ਟਰੈਕਟਰਾਂ 'ਤੇ ਮਹਿੰਗੇ ਤੋਂ ਮਹਿੰਗੇ ਭਾਅ ਦੇ ਡੀ.ਜੇ (ਡੈੱਕ) ਫਿੱਟ ਕਰਾ ਰਹੇ ਹਨ | ਪਿਛਲੇ ਸਾਲਾਂ 'ਚ ਕਈ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਆਪਣੇ ਪਿੰਡ ਦੀ ਹਦੂਦ ਦੇ ਅੰਦਰ ਟਰੈਕਟਰ 'ਤੇ ਡੈੱਕ ਬੰਦ ਕਰਨ ਦੇ ਚਿਤਾਵਨੀ ਬੋਰਡ ਵੀ ਲਾਏ ਸਨ | ਹੁਣ ਟਰੈਟਕਰਾਂ 'ਤੇ ਲੱਗੇ ਸਪੀਕਰਾਂ ਦੇ ਆਕਾਰ ਵੀ ਹੱਦ ਤੋਂ ਵੱਡੇ ਹਨ | ਟਰੈਕਟਰ ਚਾਲਕ ਨੂੰ ਪਿਛਲੇ ਪਾਸੇ ਤੋਂ ਆ ਰਹੇ ਵਾਹਨ ਦਾ ਪਤਾ ਨਹੀਂ ਲੱਗਦਾ ਤੇ ਆਵਾਜ਼ ਉੱਚੀ ਹੋਣ ਕਾਰਨ ਪਿਛਲੇ ਵਾਹਨ ਦਾ ਹਾਰਨ ਵੀ ਨਹੀਂ ਸੁਣਦਾ | ਜਿਸ ਕਾਰਨ ਕੋਈ ਅਣਸੁਖਾਵੀਂ ਘਟਨਾ ਵਾਪਰਨ ਦੀ ਖਦਸ਼ਾ ਬਣਿਆ ਰਹਿੰਦਾ ਹੈ | ਕੋਟਕਪੂਰਾ ਵਿਖੇ ਟਰੈਕਟਰਾਂ 'ਤੇ ਡੈੱਕ ਫਿੱਟ ਕਰਨ ਵਾਲੇ ਦੁਕਾਨ ਮਾਲਕਾਂ ਕੋਲ ਦੁਕਾਨਾਂ ਦੇ ਬਾਹਰ ਟਰੈਕਟਰਾਂ 'ਤੇ ਡੈੱਕ ਲਵਾਉਣ ਵਾਲਿਆਂ ਦੀਆਂ ਲੰਬੀਆਂ ਲਾਇਨਾਂ ਲੱਗੀਆਂ ਰਹਿੰਦੀਆਂ ਹਨ | ਪਹਿਲਾਂ ਲੋਕ ਨਵਾਂ ਟਰੈਕਟਰ ਲੈਣ ਸਮੇਂ ਗੁਰਦੁਆਰਾ ਸਾਹਿਬ ਜਾ ਕੇ ਗਰੂਆਂ ਦਾ ਓਟ ਆਸਰਾ ਲੈਂਦੇ ਸਨ ਪਰ ਹੁਣ ਕੁਝ ਕੁ ਵਿਅਕਤੀ ਏਜੰਸੀ 'ਚੋਂ ਨਵਾਂ ਟਰੈਕਟਰ ਲਿਆ ਕੇ ਸਿੱਧਾ ਦੁਕਾਨਾਂ 'ਤੇ ਵੱਡਾ ਡੈੱਕ ਫਿੱਟ ਕਰਾਉਣ ਲਈ ਪਹੁੰਚਦੇ ਹਨ | ਲੋਕਾਂ ਦੀ ਸਰਕਾਰ ਤੋਂ ਮੰਗ ਹੈ ਕਿ ਪਿੰਡਾਂ ਅਤੇ ਸ਼ਹਿਰਾਂ ਦੀ ਹਦੂਦ ਅੰਦਰ ਟਰੈਕਟਰਾਂ ਦੇ ਡੈੱਕਾਂ ਨੂੰ ਬੰਦ ਕਰਵਾਇਆ ਜਾਵੇ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ ਨਾਲ ਆਮ ਵਰਗ ਵੀ ਸੌਖਾ ਰਹਿ ਸਕੇ | ਪੁਲਿਸ ਪ੍ਰਸ਼ਾਸ਼ਨ ਨੂੰ ਵੀ ਉੱਚੀ ਵੱਜਦੇ ਗਾਣਿਆਂ ਵਾਲੇ ਵਾਹਨਾਂ 'ਤੇ ਲਗਾਮ ਕੱਸਣੀ ਚਾਹੀਦੀ ਹੈ |
ਪਿਛਲੀ ਖ਼ਬਰ ਡਾ. ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ • ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਹੋਏ ਸ਼ਾਮਿਲ <... ਅਗਲੀ ਖ਼ਬਰ ਜੀ.ਐਨ. ਕਾਨਵੈਂਟ ਸਕੂਲ ਨੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।