15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਗੈਸ ਸਿਲੰਡਰ ਨਾ ਮਿਲਣ ਕਾਰਨ ਲੋਕਾਂ ਨੇ ਗੈਸ ਏਜੰਸੀ ਮੂਹਰੇ ਲਗਾਇਆ ਧਰਨਾ

ਅਜੀਤ ਡੈਸਕ 03-04-2026
ਸਾਦਿਕ, 2 ਅਪ੍ਰੈਲ (ਆਰ.ਐਸ.ਧੁੰਨਾ, ਗੁਰਭੇਜ ਸਿੰਘ ਚੌਹਾਨ)-ਮੱਧ ਪੂਰਬੀ ਜੰਗ ਦੇ ਅਸਰ ਨਾਲ ਭਾਰਤ 'ਚ ਵੀ ਆਮ ਜਨਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਿਹਾ ਹੈ | ਭਾਵੇਂ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਵਲੋਂ ਤੇਲ ਤੇ ਗੈਸ ਦੀ ਕੋਈ ਕਿੱਲਤ ਨਹੀਂ ਹੈ, ਦੇ ਬਿਆਨ ਦਿੱਤੇ ਜਾ ਰਹੇ ਹਨ, ਪਰ ਅਸਲੀਅਤ ਵਿਚ ਘਰੇਲੂ ਗੈਸ ਸਿਲੰਡਰ ਲੈਣ ਲਈ ਲੋਕ ਭੁੱਖਣ ਭਾਣੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੰਬੀਆਂ ਲਾਈਨਾਂ ਵਿਚ ਲੱਗੇ ਰਹਿੰਦੇ ਹਨ, ਪਰ ਕਈਆਂ ਦੀ ਵਾਰੀ ਫ਼ਿਰ ਵੀ ਨਹੀਂ ਆਉਂਦੀ ਤੇ ਉਨ੍ਹਾਂ ਨੂੰ ਬਿਨ੍ਹਾਂ ਸਿਲੰਡਰ ਲਏ ਹੀ ਨਿਰਾਸ਼ ਹੋ ਕੇ ਘਰਾਂ ਨੂੰ ਵਾਪਸ ਮੁੜਨਾ ਪੈਂਦਾ ਹੈ |
ਕੁੱਝ ਇਸੇ ਤਰ੍ਹਾਂ ਦੇ ਹਾਲਾਤ ਕਸਬਾ ਸਾਦਿਕ ਵਿਖੇ ਵੀ ਬਣੇ ਹੋਏ ਹਨ | ਭਾਰਤ ਗੈਸ ਏਜੰਸੀ ਸਾਦਿਕ ਵਿਖੇ ਸਿਲੰਡਰ ਲੈਣ ਲਈ ਸਵੇਰ ਤੋਂ ਲੋਕਾਂ ਨੇ ਲਾਈਨਾਂ ਲਾ ਲਈਆਂ ਪਰ ਏਜੰਸੀ ਚਾਲਕਾਂ ਵਲੋਂ ਏਜੰਸੀ ਨਹੀਂ ਖੋਲ੍ਹੀ ਗਈ ਤਾਂ ਅੱਕੇ ਹੋਏ ਲੋਕਾਂ ਨੇ ਭਾਰਤ ਗੈਸ ਏਜੰਸੀ ਮੂਹਰੇ ਧਰਨਾ ਲਾ ਕੇ ਸਾਦਿਕ ਫ਼ਰੀਦਕੋਟ ਸੜਕ ਜਾਮ ਕਰ ਦਿੱਤੀ ਤੇ ਗੈਸ ਏਜੰਸੀ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ | ਲੋਕਾਂ ਦੀ ਹਮਾਇਤ ਲਈ ਪੁੱਜੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਰਾਜਿੰਦਰ ਸਿੰਘ ਕਿੰਗਰਾ ਤੇ ਗੁਰਮੀਤ ਸਿੰਘ ਸੰਗਰਾਹੂਰ ਬਲਾਕ ਪ੍ਰਧਾਨ ਨੇ ਕਿਹਾ ਕਿ ਸਿਰਫ਼ ਭਾਰਤ ਗੈਸ ਏਜੰਸੀ ਸਾਦਿਕ ਵਲੋਂ ਖਪਤਕਾਰਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ |
ਇਸ ਮੌਕੇ ਇਕੱਠੇ ਹੋਏ ਖਪਤਕਾਰਾਂ ਨੇ ਕਿਹਾ ਕਿ ਉਨ੍ਹਾਂ ਵਲੋਂ ਕੋਈ ਸਿਲੰਡਰ ਨਹੀਂ ਭਰਾਇਆ ਗਿਆ ਪਰ ਫ਼ਿਰ ਵੀ ਮੋਬਾਇਲ ਫ਼ੋਨ 'ਤੇ ਸਿਲੰਡਰ ਭੁਗਤਾਨ ਦੇ ਮੈਸੇਜ ਆ ਰਹੇ ਹਨ ਤੇ ਜਦੋਂ ਉਹ ਸਿਲੰਡਰ ਲੈਣ ਲਈ ਏਜੰਸੀ ਪਹੁੰਚ ਕਰਦੇ ਹਨ ਤਾਂ ਏਜੰਸੀ ਚਾਲਕਾਂ ਵਲੋਂ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਸਿਲੰਡਰ ਪਹਿਲਾਂ ਭਰਾ ਲਿਆ ਹੈ ਤੇ ਹੁਣ ਸਿਲੰਡਰ ਤਹਿ ਸੀਮਾ ਤੋਂ ਬਾਅਦ ਹੀ ਮਿਲੇਗਾ | ਇਸ ਮੌਕੇ ਧਰਨੇ 'ਚ ਸ਼ਾਮਿਲ ਹੋਏ ਦਲੇਰ ਸਿੰਘ ਡੋਡ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਕਿਹਾ ਕਿ ਗੈਸ ਏਜੰਸੀ ਦੇ ਚਾਲਕਾਂ ਵਲੋਂ ਲੋਕਾਂ ਨੂੰ ਜਾਣਬੁੱਝ ਕੇ ਖੱਜਲ ਖੁਆਰ ਕੀਤਾ ਜਾ ਰਿਹਾ ਹੈ, ਇਸ ਲਈ ਪ੍ਰਸ਼ਾਸਨ ਵਲੋਂ ਏਜੰਸੀ ਦੇ ਮਾਲਕਾਂ ਖਿਲਾਫ਼ ਬਣਦੀ ਕਾਰਵਾਈ ਕਰਕੇ ਏਜੰਸੀ ਨੂੰ ਆਪਣੇ ਹੱਥ ਵਿਚ ਲੈਣਾ ਚਾਹੀਦਾ ਹੈ | ਇਸ ਮੌਕੇ ਗੁਸਾਏ ਲੋਕਾਂ ਨੇ ਕਿਹਾ ਕਿ ਸਰਕਾਰਾਂ ਤੇ ਪ੍ਰਸ਼ਾਸਨ ਦੇ ਕਾਲਾਬਜ਼ਾਰੀ ਨੂੰ ਰੋਕਣ ਦੇ ਦਾਅਵੇ ਵੀ ਖੋਖਲੇ ਸਾਬਿਤ ਹੋ ਰਹੇ ਹਨ, ਜਦ ਕਿ ਗੈਸ ਸਿਲੰਡਰਾਂ ਦੀ ਕਾਲਾਬਜ਼ਾਰੀ ਸ਼ਰੇਆਮ ਚੱਲ ਰਹੀ ਹੈ | ਇਸ ਮੌਕੇ ਗੱਲਬਾਤ ਕਰਨ ਲਈ ਪਹੁੰਚੇ ਗੁਰਚਰਨਪਾਲ ਸਿੰਘ ਜ਼ਿਲ੍ਹਾ ਫ਼ੂਡ ਸਪਲਾਈ ਕੰਟਰੋਲਰ ਫ਼ਰੀਦਕੋਟ ਨੇ ਕਿਹਾ ਕਿ ਜਿਨ੍ਹਾਂ ਖਪਤਕਾਰਾਂ ਵਲੋਂ ਗੈਸ ਸਿਲੰਡਰ ਬੁੱਕ ਕੀਤੇ ਗਏ ਹਨ, ਉਨ੍ਹਾਂ ਨੂੰ ਸਿਲੰਡਰ ਨਿਰਵਿਘਨ ਦਿੱਤਾ ਜਾਵੇਗਾ ਤੇ ਜੇਕਰ ਕੋਈ ਕਰਮਚਾਰੀ ਕੁਤਾਹੀ ਵਰਤਦਾ ਹੈ ਤਾਂ ਉਸ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਪੁਲਿਸ ਪਾਰਟੀ ਸਮੇਤ ਪਹੁੰਚੇ ਗੁਰਲਾਲ ਸਿੰਘ ਮੁੱਖ ਅਫ਼ਸਰ ਥਾਣਾ ਸਾਦਿਕ ਨੇ ਗੈਸ ਏਜੰਸੀ ਖੁਲਵਾਈ ਤੇ ਲੋਕਾਂ ਨੂੰ ਸਿਲੰਡਰ ਵੰਡੇ ਗਏ |
ਪਿਛਲੀ ਖ਼ਬਰ ਨਰੇਗਾ ਮਜ਼ਦੂਰਾਂ ਵਲੋਂ ਪੰਜਾਬ ਤੇ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਅਗਲੀ ਖ਼ਬਰ ਅਕਾਲੀ ਦਲ ਨੂੰ ਝਟਕਾ<br> ਮੌਜੂਦਾ ਸਰਪੰਚ ਤੇ ਸਾਬਕਾ ਕੌਂਸਲਰ ਨੇ 'ਆਪ' ਦਾ ਪੱਲਾ ਫ਼ੜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।