ਫ਼ਰੀਦਕੋਟ, 29 ਜਨਵਰੀ (ਜਸਵੰਤ ਸਿੰਘ ਪੁਰਬਾ)-ਗਗਨਦੀਪ ਧਾਲੀਵਾਲ ਚੇਅਰਮੈਨ ਨਗਰ ਸੁਧਾਰ ਟਰੱਸਟ ਫ਼ਰੀਦਕੋਟ ਨੇ ਅੱਜ ਬਾਬਾ ਜੀਵਨ ਸਿੰਘ ਨਗਰ ਵਿਖੇ ਵਾਟਰ ਸਪਲਾਈ ਦਾ ਕੁਨੈਕਸ਼ਨ ਦਾ ਕੰਮ ਸ਼ੁਰੂ ਕਰਵਾਇਆ ਅਤੇ ਦੱਸਿਆ ਕਿ ਲਗਪਗ 54.50 ਲੱਖ ਰੁਪਏ ਦੀ ਲਾਗਤ ਨਾਲ ਸਾਦਿਕ ਚੌਂਕ ਤੋਂ ਲੈ ਕੇ ਬਾਬਾ ਜੀਵਨ ਸਿੰਘ ਨਗਰ ਸਕੀਮ ਤੱਕ ਇਹ ਪਾਈਪ ਲਾਈਨ ਪਾਈ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ 2 ਲੱਖ ਲੀਟਰ ਦਾ ਟੈਂਕ ਪਾਣੀ ਸਟੋਰੇਜ ਕਰਕੇ ਅੱਗੇ ਨਗਰ ਵਾਸੀਆਂ ਨੂੰ ਵਰਤਣ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਲਗਪਗ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਐਚ. ਪੀ. ਐਲ. ਟੀ ਬਿਜਲੀ ਦੇ ਕੰਮ ਦੇ ਟੈਂਡਰ ਲਗਾਏ ਗਏ ਹਨ, ਜੋ ਕਿ ਅਗਲੇ 10 ਦਿਨਾਂ 'ਚ ਬਿਜਲੀ ਦੀਆਂ ਲਾਈਨਾਂ ਦਾ ਕੰਮ ਵੀ ਸ਼ੁਰੂ ਕਰਵਾਇਆ ਜਾਵੇਗਾ | ਬਾਬਾ ਜੀਵਨ ਸਿੰਘ ਨਗਰ ਦੇ ਵਿਕਾਸ ਲਈ ਟਰੱਸਟ ਵਲੋਂ ਲਗਪਗ 3 ਕਰੋੜ 57 ਲੱਖ ਰੁਪਏ ਦੇ ਕੰਮ ਕਰਵਾਏ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਬਾਬਾ ਜੀਵਨ ਸਿੰਘ ਨਗਰ ਸਕੀਮ ਵਿਚ ਸੀਵਰੇਜ ਦੀਆਂ ਪਾਈਪਾਂ ਵਿਛਾਉਣ ਦਾ ਕੰਮ 62.93 ਲੱਖ ਰੁਪਏ ਦੀ ਲਾਗਤ ਨਾਲ ਕਰਵਾਇਆ ਜਾ ਰਿਹਾ ਹੈ | ਇਸ ਤਰ੍ਹਾਂ ਬਾਬਾ ਜੀਵਨ ਸਿੰਘ ਨਗਰ ਸਕੀਮ ਵਿਚ ਐਚ. ਟੀ. ਐਲ. ਟੀ ਲਾਈਨਾਂ ਦਾ ਕੰਮ 140.57 ਲੱਖ ਰੁਪਏ ਦੀ ਲਾਗਤ ਨਾਲ ਜਲਦ ਹੀ ਸ਼ੁਰੂ ਕਰਵਾ ਦਿੱਤਾ ਜਾਵੇਗਾ | ਇਸ ਸਕੀਮ ਦੀ ਫ਼ਰੰਟ ਦੀ ਬਿਊਟੀਫ਼ਿਕੇਸ਼ਨ ਲਈ ਟਰੱਸਟ ਵਲੋਂ 49.29 ਲੱਖ ਰੁਪਏ ਦੀ ਲਾਗਤ ਨਾਲ ਕੰਮ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਬਾਬਾ ਜੀਵਨ ਸਿੰਘ ਨਗਰ ਵਿਚ ਪਾਰਕਾਂ ਅਤੇ ਗਰੀਨ ਬੈਲਟ ਦਾ ਕੰਮ 49.86 ਲੱਖ ਰੁਪਏ ਦੀ ਲਾਗਤ ਨਾਲ ਕਰਵਾਇਆ ਜਾ ਰਿਹਾ ਹੈ ਅਤੇ 50 ਲੱਖ ਰੁਪਏ ਦੀ ਲਾਗਤ ਦੇ ਨਾਲ ਪਾਰਕਾਂ ਦਾ ਕੰਮ ਚੱਲ ਰਿਹਾ ਹੈ | ਉਨ੍ਹਾਂ ਜ਼ਿਲ੍ਹਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਹੋਈ ਬੋਲੀ 'ਚ ਜਿਨ੍ਹਾਂ ਵਲੋਂ ਵਿਸ਼ਵਾਸ ਪ੍ਰਗਟ ਕਰਕੇ 4 ਕਰੋੜ 23 ਲੱਖ ਦੇ ਪਲਾਟਾਂ ਦੀ ਖ਼ਰੀਦ ਕੀਤੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਜੋ ਵੀ ਡਿਊਟੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਹ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ | ਉਨ੍ਹਾਂ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਪਲਾਟ ਖ਼ਰੀਦ ਕੇ ਉਨ੍ਹਾਂ ਨੂੰ ਸਹਿਯੋਗ ਦੇਣ | ਇਸ ਮੌਕੇ ਗੁਰਰਾਜ ਸਿੰਘ ਨਗਰ ਸੁਧਾਰ ਟਰੱਸਟ ਇੰਜੀਨੀਅਰ, ਸ਼ਮਿੰਦਰ ਸਿੰਘ ਐਕਸੀਅਨ ਵਾਟਰ ਸਪਲਾਈ ਹਾਜ਼ਰ ਸਨ |