ਜੈਤੋ, 22 ਜਨਵਰੀ (ਗੁਰਮੀਤਪਾਲ ਰੋੜੀਕਪੂਰਾ)-ਪ੍ਰਸਿੱਧ ਸਮਾਜ ਸੇਵੀ ਸੰਸਥਾ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਸੁਸਾਇਟੀ ਜੈਤੋ (ਸੰਤ ਜਲਾਲ ਵਾਲਿਆਂ ਦਾ ਅੱਖਾਂ ਦਾ ਹਸਪਤਾਲ, ਜੈਤੋ) ਵਲੋਂ ਸੰਸਥਾ ਦੇ ਮੁੱਖ ਸੰਸਥਾਪਕ ਬ੍ਰਹਮਲੀਨ ਸੰਤ ਕਰਨੈਲ ਦਾਸ ਜਲਾਲ ਵਾਲਿਆਂ ਦੀ ਯਾਦ ਵਿਚ ਪੁੰਨਿਆ ਦੇ ਸ਼ੁੱਭ ਦਿਹਾੜੇ ਮੌਕੇ 1 ਫ਼ਰਵਰੀ ਦਿਨ ਐਤਵਾਰ ਨੂੰ ਚੀਫ਼ ਪੈਟਰਨ ਸਵਾਮੀ ਬ੍ਰਹਮ ਮੁਨੀ ਸ਼ਾਸਤਰੀ ਦੀ ਅਗਵਾਈ ਹੇਠ ਸਥਾਨਕ ਹਸਪਤਾਲ ਚੈਨਾ ਰੋਡ, ਜੈਤੋ ਵਿਖੇ ਅੱਖਾਂ ਦਾ ਮੁਫ਼ਤ ਲੈਂਜ਼ ਕੈਂਪ ਲਗਾਇਆ ਜਾਵੇਗਾ | ਕੈਂਪ ਦੌਰਾਨ ਮਰੀਜ਼ਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਕਰਕੇ ਉਨ੍ਹਾਂ ਦੇ ਮੁਫ਼ਤ ਲੈਂਜ਼ ਪਾਏ ਜਾਣਗੇ | ਸੰਸਥਾ ਦੇ ਪ੍ਰਧਾਨ ਸੰਤ ਰਿਸ਼ੀ ਰਾਮ ਨੇ ਦੱਸਿਆ ਕਿ ਕੈਂਪ ਵਿਚ ਅੱਖਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਦੀਪਕ ਅਰੋੜਾ, ਡਾ. ਮੋਨਿਕਾ ਬਲਿਆਨ ਅਤੇ ਡਾ. ਭੁਪਿੰਦਰ ਪਾਲ ਕੌਰ ਵਲੋਂ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ | ਕੈਂਪ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਸੰਸਥਾ ਵਲੋਂ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ ਅਤੇ ਆਪ੍ਰੇਸ਼ਨ ਕਰਵਾਉਣ ਵਾਲੇ ਮਰੀਜ਼ਾਂ ਲਈ ਰਹਿਣ-ਸਹਿਣ ਅਤੇ ਲੰਗਰ ਦਾ ਪ੍ਰਬੰਧ ਵੀ ਮੁਫ਼ਤ ਕੀਤਾ ਜਾਵੇਗਾ | ਆਪ੍ਰੇਸ਼ਨ ਕਰਵਾਉਣ ਵਾਲੇ ਮਰੀਜ਼ ਆਪਣੇ ਨਾਲ ਆਧਾਰ ਕਾਰਡ ਦੀਆਂ ਦੋ ਫੋਟੋ ਕਾਪੀਆਂ ਜ਼ਰੂਰ ਲੈ ਕੇ ਆਉਣ | ਇਸ ਮੌਕੇ ਮਾਤਾ ਰਜਨੀ ਦੇਵੀ ਵਿਵੇਕ ਆਸ਼ਰਮ ਜੈਤੋ, ਮੇਜਰ ਸਿੰਘ ਗੋਂਦਾਰਾ, ਜਸਵਿੰਦਰ ਸਿੰਘ ਪਟਵਾਰੀ, ਸੁਰਜੀਤ ਸਿੰਘ ਅਰੋੜਾ (ਰੋੜੀਕਪੂਰਾ) ਅਤੇ ਸਤਵਿੰਦਰ ਪਾਲ ਸਿੰਘ ਅੰਗਰੋਈਆ ਸਮੇਤ ਹੋਰ ਸੱਜਣ ਮੌਜੂਦ ਸਨ |