ਮਲੋਟ, 22 ਜਨਵਰੀ (ਅਜਮੇਰ ਸਿੰਘ ਬਰਾੜ)-ਮਲੋਟ ਤੇ ਲੰਬੀ ਵਿਚ ਆਮ ਆਦਮੀ ਪਾਰਟੀ ਦੀ ਸ਼ੁਰੂਆਤ ਕਰਨ ਵਾਲੇ ਫਾਊਾਡਰ ਮੈਂਬਰ ਰਮੇਸ਼ ਕੁਮਾਰ ਬਾਵਾ ਵਾਸੀ ਮਲੋਟ ਨੂੰ ਬੈਰਾਗੀ ਵੈੱਲਫ਼ੇਅਰ ਬੋਰਡ ਪੰਜਾਬ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ | ਨਵ-ਨਿਯੁਕਤ ਮੈਂਬਰ ਨੂੰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕਰਦਿਆਂ ਮੂੰਹ ਮਿੱਠਾ ਕਰਕੇ ਵਧਾਈ ਦਿੱਤੀ | ਇਸ ਮੌਕੇ ਰਮੇਸ਼ ਕੁਮਾਰ ਬਾਵਾ ਨੇ ਡਾ. ਬਲਜੀਤ ਕੌਰ, ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਬੈਰਾਗੀ ਸਮਾਜ ਪ੍ਰਤੀ ਦਿਖਾਇਆ ਗਿਆ ਇਹ ਭਰੋਸਾ ਸਿਰਫ਼ ਇਕ ਨਿਯੁਕਤੀ ਨਹੀਂ, ਬਲਕਿ ਸਮਾਜ ਦੇ ਸਰਬਪੱਖੀ ਵਿਕਾਸ ਵੱਲ ਇਕ ਦੂਰਅੰਦੇਸ਼ੀ ਭਰਿਆ ਕਦਮ ਹੈ | ਉਨ੍ਹਾਂ ਕਿਹਾ ਕਿ ਇਸ ਨਿਯੁਕਤੀ ਨਾਲ ਬੈਰਾਗੀ ਸਮਾਜ ਦੀਆਂ ਲੰਮੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਮੰਗਾਂ ਤੇ ਮੁੱਦਿਆਂ ਨੂੰ ਸਰਕਾਰੀ ਪੱਧਰ 'ਤੇ ਮਜ਼ਬੂਤੀ ਨਾਲ ਉਠਾਉਣ ਨੂੰ ਨਵਾਂ ਬਲ ਮਿਲੇਗਾ | ਰਮੇਸ਼ ਕੁਮਾਰ ਬਾਵਾ ਨੇ ਇਹ ਵੀ ਕਿਹਾ ਕਿ ਉਹ ਪੰਜਾਬ ਸਰਕਾਰ ਦੀਆਂ ਨੀਤੀਆਂ ਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੂਰੀ ਇਮਾਨਦਾਰੀ, ਪਾਰਦਰਸ਼ਤਾ ਤੇ ਸਮਰਪਨ ਭਾਵਨਾ ਨਾਲ ਕੰਮ ਕਰਦਿਆਂ ਬੈਰਾਗੀ ਸਮਾਜ ਦੀ ਆਵਾਜ਼ ਬਣ ਕੇ ਉਸ ਦੇ ਹੱਕਾਂ ਦੀ ਰੱਖਿਆ ਲਈ ਨਿਰੰਤਰ ਸੰਘਰਸ਼ ਕਰਨਗੇ | ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਇਸ ਜ਼ਿੰਮੇਵਾਰੀ ਨੂੰ ਸਿਰਫ਼ ਅਹੁਦਾ ਨਹੀਂ, ਬਲਕਿ ਲੋਕ ਸੇਵਾ ਦਾ ਮਿਸ਼ਨ ਸਮਝ ਕੇ ਨਿਭਾਉਣਗੇ | ਇਸ ਮੌਕੇ ਜਗਦੇਵ ਸਿੰਘ ਬਾਂਮ ਚੇਅਰਮੈਨ ਕੋਆਪ੍ਰੇਟਿਵ ਬੈਂਕ ਪੰਜਾਬ, ਜਸ਼ਨਜੀਤ ਸਿੰਘ ਬਰਾੜ ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਮਾਰਕੀਟ ਕਮੇਟੀ ਮਲੋਟ, ਗਗਨਦੀਪ ਸਿੰਘ ਔਲਖ, ਜਸਮੀਤ ਸਿੰਘ ਬਰਾੜ, ਲਵ ਬੱਤਰਾ, ਜਸਦੇਵ ਸਿੰਘ ਸੰਧੂ ਐੱਮ.ਸੀ., ਗੁਰਪ੍ਰੀਤ ਵਿਰਦੀ, ਅਰਸ਼ ਸਿੱਧੂ ਪੀ.ਏ., ਸ਼ਿੰਦਰਪਾਲ ਸਿੰਘ ਪੀ.ਏ., ਵਿਕਰਾਂਤ ਖੁਰਾਣਾ ਦਫ਼ਤਰ ਇੰਚਾਰਜ ਆਦਿ ਮੈਂਬਰ ਹਾਜ਼ਰ ਸਨ |