ਕੋਟਕਪੂਰਾ, 21 ਜਨਵਰੀ (ਮੋਹਰ ਸਿੰਘ ਗਿੱਲ)-ਇੱਥੋਂ ਦੇ ਮੁਹੱਲਾ ਗੁਰੂ ਤੇਗ਼ ਬਹਾਦਰ ਨਗਰ ਦੇ ਵਸਨੀਕ ਰਾਜੇਸ਼ ਕੱਕੜ ਨਾਮ ਦੇ ਨੌਜਵਾਨ ਦੇ ਬੀਤੇ ਕੱਲ੍ਹ 20 ਜਨਵਰੀ ਤੋਂ ਭੇਦਭਰੀ ਹਾਲਤ ਵਿਚ ਲਾਪਤਾ ਹੋਣ ਦੀ ਖ਼ਬਰ ਮਿਲੀ ਹੈ | ਰਾਜੇਸ਼ ਕੱਕੜ ਦੇ ਮਾਤਾ ਸ਼ੁਸ਼ਮਾ ਰਾਣੀ, ਪਿਤਾ ਸੰਪੂਰਨ ਸਿੰਘ ਕੱਕੜ ਅਤੇ ਭਰਾ ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਹ ਆਟੋ ਚਲਾ ਕੇ ਘਰ ਦਾ ਗੁਜਾਰਾ ਕਰਦਾ ਸੀ ਅਤੇ ਬੀਤੇ ਕੱਲ੍ਹ ਉਹ ਆਟੋ ਸਮੇਤ ਲਾਪਤਾ ਹੋ ਗਿਆ | ਉਸ ਦੀ ਕਈ ਥਾਂ-ਥਾਂ ਭਾਲ ਕੀਤੀ ਪਰ ਕਿਸੇ ਪਾਸਿਉਂ ਕੋਈ ਸੁਰਾਗ ਨਾ ਮਿਲਣ ਕਾਰਨ ਉਹ ਬੇਹੱਦ ਪ੍ਰੇਸ਼ਾਨ ਹਨ | ਉਨ੍ਹਾਂ ਕਿਹਾ ਕਿ ਨਾ ਤਾਂ ਰਾਜੇਸ਼ ਕੱਕੜ ਦਾ ਕਿਸੇ ਨਾਲ ਤਕਰਾਰ ਹੋਇਆ, ਨਾ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਹੈ | ਸੰਪਰਕ ਕਰਨ 'ਤੇ ਇੰਸਪੈਕਟਰ ਚਮਕੌਰ ਸਿੰਘ ਬਰਾੜ ਐਸ.ਐਚ.ਓ ਥਾਣਾ ਸਿਟੀ ਕੋਟਕਪੂਰਾ ਨੇ ਆਖਿਆ ਕਿ ਉਹ ਇਸ ਪੂਰੇ ਮਾਮਲੇ ਦੀ ਪੜਤਾਲ ਕਰਵਾਉਣਗੇ ਤਾਂ ਲਾਪਤਾ ਨੌਜਵਾਨ ਦੀ ਭਾਲ ਹੋ ਸਕੇ |