ਖ਼ੇਡ ਸਟੇਡੀਅਮ ਦੀ ਗ੍ਰਾਂਟ ’ਤੇ ਵੱਡੇ ਸਵਾਲ, ਖਰਚੇ ਅਤੇ ਜ਼ਮੀਨੀ ਕੰਮ ’ਚ ਕਥਿਤ ਫ਼ਰਕ ਨੇ ਛੇੜੀ ਚਰਚਾ
ਜੈਤੋ, 21 ਅਗਸਤ (ਗੁਰਮੀਤਪਾਲ ਰੋੜੀਕਪੂਰਾ)-ਨੇੜਲੇ ਪਿੰਡ ਰੋੜੀਕਪੂਰਾ ਵਿਖੇ ਸੁਤੰਤਰਤਾ ਸੰਗਰਾਮੀ ਜੰਗੀਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿਚ ਬਣੇ ਖੇਡ ਸਟੇਡੀਅਮ ਦੇ ਵਿਕਾਸ ਕਾਰਜਾਂ ’ਤੇ ਹੋਏ ਖਰਚਿਆਂ ਨੂੰ ਲੈ ਕੇ ਇਲਾਕੇ ਵਿਚ ਚਰਚਾ ਤੇਜ਼ ਹੋ ਗਈ ਹੈ। ਸਟੇਡੀਅਮ ਲਈ ਖਰਚ ਕੀਤੀ ਗਈ ਗ੍ਰਾਂਟ ਅਤੇ ਮੌਕੇ ’ਤੇ ਨਜ਼ਰ ਆ ਰਹੇ ਕੰਮਾਂ ਵਿਚ ਕਥਿਤ ਫ਼ਰਕ ਨੂੰ ਲੈ ਕੇ ਲੋਕਾਂ ਵਲੋਂ ਗੰਭੀਰ ਸਵਾਲ ਉਠਾਏ ਜਾ ਰਹੇ ਹਨ।
ਜੈਤੋ, 21 ਅਗਸਤ (ਗੁਰਮੀਤਪਾਲ ਰੋੜੀਕਪੂਰਾ)-ਨੇੜਲੇ ਪਿੰਡ ਰੋੜੀਕਪੂਰਾ ਵਿਖੇ ਸੁਤੰਤਰਤਾ ਸੰਗਰਾਮੀ ਜੰਗੀਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿਚ ਬਣੇ ਖੇਡ ਸਟੇਡੀਅਮ ਦੇ ਵਿਕਾਸ ਕਾਰਜਾਂ ’ਤੇ ਹੋਏ ਖਰਚਿਆਂ ਨੂੰ ਲੈ ਕੇ ਇਲਾਕੇ ਵਿਚ ਚਰਚਾ ਤੇਜ਼ ਹੋ ਗਈ ਹੈ। ਸਟੇਡੀਅਮ ਲਈ ਖਰਚ ਕੀਤੀ ਗਈ ਗ੍ਰਾਂਟ ਅਤੇ ਮੌਕੇ ’ਤੇ ਨਜ਼ਰ ਆ ਰਹੇ ਕੰਮਾਂ ਵਿਚ ਕਥਿਤ ਫ਼ਰਕ ਨੂੰ ਲੈ ਕੇ ਲੋਕਾਂ ਵਲੋਂ ਗੰਭੀਰ ਸਵਾਲ ਉਠਾਏ ਜਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰੀ ਪੱਧਰ ’ਤੇ ਸਟੇਡੀਅਮ ਦੇ ਵਿਕਾਸ ਲਈ ਵੱਡੀ ਰਕਮ ਖਰਚ ਕੀਤੇ ਜਾਣ ਦੀ ਗੱਲ ਸਾਹਮਣੇ ਆਉਂਦੀ ਹੈ, ਪਰ ਜਦੋਂ ਮੌਕੇ ’ਤੇ ਹੋਏ ਕੰਮ ਅਤੇ ਉਸ ਦੀ ਗੁਣਵੱਤਾ ਨੂੰ ਦੇਖਿਆ ਜਾਂਦਾ ਹੈ ਤਾਂ ਕਈ ਸਵਾਲ ਆਪਣੇ-ਆਪ ਖੜ੍ਹੇ ਹੋ ਜਾਂਦੇ ਹਨ। ਖ਼ਾਸ ਕਰਕੇ ਗਰਾਊਂਡ ਵਿਚ ਕੀਤੇ ਗਏ ਕੰਮ, ਵਰਤੇ ਗਏ ਮਟੀਰੀਅਲ ਅਤੇ ਦਰਸਾਏ ਗਏ ਖਰਚੇ ਵਿਚ ਕਥਿਤ ਅੰਤਰ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਗ੍ਰਾਂਟ ਕਿੰਨੀ ਆਈ ਤੇ ਕਿੱਥੇ-ਕਿੱਥੇ ਹੋਈ ਖਰਚ? ਸਟੇਡੀਅਮ ਲਈ ਮਨਜ਼ੂਰ ਕੀਤੀ ਗਈ ਕੁੱਲ ਗ੍ਰਾਂਟ, ਜਾਰੀ ਕੀਤੀ ਰਕਮ, ਐਸਟੀਮੇਟ, ਟੈਂਡਰ, ਕੀਤੇ ਗਏ ਕੰਮਾਂ ਅਤੇ ਅਦਾਇਗੀ ਦਾ ਪੂਰਾ ਵੇਰਵਾ ਜਨਤਕ ਕੀਤਾ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਵਿਕਾਸ ਕਾਰਜਾਂ ’ਤੇ ਸਰਕਾਰੀ ਖਜ਼ਾਨੇ ਵਿਚੋਂ ਰਕਮ ਖਰਚ ਹੋਈ ਹੈ ਤਾਂ ਉਸ ਦਾ ਹਰ ਇਕ ਪੈਸਾ ਜ਼ਮੀਨੀ ਪੱਧਰ ’ਤੇ ਨਜ਼ਰ ਵੀ ਆਉਣਾ ਚਾਹੀਦਾ ਹੈ। ਜਿਸ ਦੌਰਾਨ ਪੁਰਾਣੇ ਕਮਰੇ ’ਤੇ ਸਟੇਜ਼ ਨੂੰ ਰੰਗ ਕਰਵਾਇਆ ਨਜ਼ਰ ਆ ਰਿਹਾ ਹੈ। ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਕਿ ਸਬੰਧਿਤ ਵਿਭਾਗ ਦੇ ਉੱਚ ਅਧਿਕਾਰੀ ਸਟੇਡੀਅਮ ਦਾ ਮੌਕਾ ਦੇਖ ਕੇ ਕੰਮ ਦੀ ਮਾਪ-ਤੋਲ ਕਰਵਾਉਣ ਅਤੇ ਸਰਕਾਰੀ ਰਿਕਾਰਡ ਵਿਚ ਦਰਜ ਕੰਮਾਂ ਨਾਲ ਮੌਕੇ ’ਤੇ ਹੋਏ ਕੰਮ ਦਾ ਮਿਲਾਨ ਕੀਤਾ ਜਾਵੇ। ਇਸ ਤੋਂ ਇਲਾਵਾ ਨਿਰਮਾਣ ਵਿਚ ਵਰਤੀ ਸਮੱਗਰੀ ਅਤੇ ਕੰਮ ਦੀ ਗੁਣਵੱਤਾ ਦੀ ਵੀ ਤਕਨੀਕੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਖੇਡ ਸਟੇਡੀਅਮ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਪਿੰਡ ਦੇ ਵਿਕਾਸ ਲਈ ਮਹੱਤਵਪੂਰਨ ਹੈ। ਜੇਕਰ ਇਸ ’ਤੇ ਖਰਚ ਹੋਈ ਗ੍ਰਾਂਟ ਬਾਰੇ ਕੋਈ ਸ਼ੱਕ ਪੈਦਾ ਹੋ ਰਿਹਾ ਹੈ ਤਾਂ ਪ੍ਰਸ਼ਾਸਨ ਨੂੰ ਬਿਨਾਂ ਕਿਸੇ ਦੇਰੀ ਦੇ ਪਾਰਦਰਸ਼ੀ ਜਾਂਚ ਕਰਵਾ ਕੇ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਵਲੋਂ ਉੱਠ ਰਹੇ ਇਨ੍ਹਾਂ ਸਵਾਲਾਂ ਦਾ ਨੋਟਿਸ ਲੈ ਕੇ ਸਟੇਡੀਅਮ ਦੇ ਖਰਚਿਆਂ ਅਤੇ ਵਿਕਾਸ ਕਾਰਜਾਂ ਦੀ ਜਾਂਚ ਕਰਵਾਈ ਜਾਂਦੀ ਹੈ ਜਾਂ ਨਹੀਂ। ਪੰਚਾਇਤੀ ਰਾਜ ਵਿਭਾਗ ਦੇ ਜੇ.ਈ. ਰਜੱਤ ਚੁੱਘ ਨੇ ਸਰਪੰਚ ਵਲੋਂ ਖੇਡ ਸਟੇਡੀਅਮ ਸਬੰਧੀ ਉਠਾਏ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਖੇਡ ਸਟੇਡੀਅਮ ਦਾ ਪੂਰਾ ਅਸਟੀਮੇਟ ਸਰਪੰਚ ਦੀ ਦੇਖ-ਰੇਖ ਹੇਠ ਤਿਆਰ ਕੀਤਾ ਗਿਆ ਸੀ ਅਤੇ ਇਸ ਅਸਟੀਮੇਟ ’ਤੇ ਬਕਾਇਦਾ ਸਰਪੰਚ ਦੇ ਹਸਤਾਖ਼ਰ ਵੀ ਮੌਜੂਦ ਹਨ। ਉਨ੍ਹਾਂ ਖਰਚੇ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਖੇਡ ਗਰਾਊਂਡ ਨੂੰ ਕੁੱਲ 10 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾਣਾ ਸੀ। ਜ਼ਮੀਨ ਦੀ ਘਾਟ ਕਾਰਨ ਤਜਵੀਜ਼ਤ ਵਾਲੀਬਾਲ ਗਰਾਊਂਡ ਬਣਾਉਣ ਦਾ ਕੰਮ ਰੱਦ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਬਚੀ ਰਕਮ ਵਿਚੋਂ 7 ਲੱਖ 50 ਹਜ਼ਾਰ ਰੁਪਏ ਦੀ ਲਾਗਤ ਨਾਲ ਬਾਕੀ ਖੇਡ ਗਰਾਊਂਡ ਨੂੰ ਤਿਆਰ ਕੀਤਾ ਜਾਵੇਗਾ। ਵਿਭਾਗੀ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਠੇਕੇਦਾਰ ਵਲੋਂ ਖੇਡ ਗਰਾਊਂਡ ਦੇ ਕੰਮ ਅਤੇ ਇਸ ਨਾਲ ਸਬੰਧਿਤ ਅਸਟੀਮੇਟ ਦੀ ਪੂਰੀ ਪ੍ਰਕਿਰਿਆ ਨਿਯਮਾਂ ਅਨੁਸਾਰ ਕੀਤੀ ਗਈ ਹੈ। ਉਨ੍ਹਾਂ ਆਪਣੇ ਜਵਾਬ ਵਿਚ ਠੇਕੇਦਾਰ ਵਲੋਂ ਵਰਤੇ ਇਲਕਟ੍ਰੈਕ ’ਤੇ ਸਿਵਲ ਖ਼ਰਚਿਆਂ ’ਚ ਉਦਘਾਟਨ ਤੋਂ ਪਹਿਲਾ ਟੁੱਟੇ ਬੈਂਚਾਂ ਦਾ ਵੇਰਵਾ ਸਾਂਝਾ ਕੀਤਾ, ਜਿੱਥੇ ਸਰਪੰਚ ਨਾਲ ਸਬੰਧੀ ਬਹੁਤੀਆਂ ਗੱਲਾਬਾਤਾਂ ਸਾਝੀਆਂ ਹੋਣ ਬਾਰੇ ਵੀ ਕਿਹਾ। ਖੇਡ ਸਟੇਡੀਅਮ ਦੀ ਗ੍ਰਾਂਟ ’ਤੇ ਉੱਠੇ ਸਵਾਲ, ਸਰਪੰਚ ਜਸਪਾਲ ਸਿੰਘ ਬਰਾੜ ਨੇ ਪੱਲਾ ਝਾੜਦਿਆਂ ਕਿਹਾ ਕਿ ਸਕੂਲ ਵਿਚ ਬਣੇ ਖੇਡ ਸਟੇਡੀਅਮ ਦੇ ਵਿਕਾਸ ਕਾਰਜਾਂ ’ਤੇ ਖਰਚ ਕੀਤੀ ਗਈ ਗ੍ਰਾਂਟ ਨੂੰ ਲੈ ਕੇ ਸਵਾਲ ਉੱਠ ਰਹੇ ਹਨ। ਉਨ੍ਹਾਂ ਆਪਣਾ ਪੱਖ ਸਪੱਸ਼ਟ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਖੇਡ ਸਟੇਡੀਅਮ ਦੀ ਤਿਆਰੀ ਸਬੰਧੀ ਪੂਰੀ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਵਲੋਂ ਸਬੰਧਿਤ ਵਿਭਾਗ ਨੂੰ ਵਾਰ-ਵਾਰ ਸੂਚਿਤ ਕੀਤਾ ਗਿਆ ਹੈ ਕਿ ਠੇਕੇਦਾਰ ਵਲੋਂ ਪੰਚਾਇਤ ਨਾਲ ਤਾਲਮੇਲ ਕਰਕੇ ਹੀ ਕੰਮ ਮੁਕੰਮਲ ਕੀਤਾ ਜਾਵੇ। ਸਰਪੰਚ ਨੇ ਵਿਭਾਗ ਨੂੰ ਚੌਕਸ ਕਰਦਿਆਂ ਕਿਹਾ ਕਿ ਸਟੇਡੀਅਮ ਦਾ ਕੰਮ ਪੂਰਾ ਕਰਨ ਉਪਰੰਤ ਖਰਚ ਕੀਤੀ ਗਈ ਗ੍ਰਾਂਟ ਦੇ ਪੂਰੇ ਵੇਰਵਿਆਂ ਸਮੇਤ ਕੰਮ ਪੰਚਾਇਤ ਨੂੰ ਰਸਮੀ ਤੌਰ ’ਤੇ ਸਪੁਰਦ ਕੀਤਾ ਜਾਵੇ, ਤਾਂ ਜੋ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਕੰਮ ਦੀ ਲਾਗਤ, ਕੀਤੇ ਗਏ ਵਿਕਾਸ ਕਾਰਜਾਂ ਅਤੇ ਗ੍ਰਾਂਟ ਦੀ ਵਰਤੋਂ ਸਬੰਧੀ ਪੂਰੀ ਜਾਣਕਾਰੀ ਮਿਲ ਸਕੇ। ਪਿੰਡ ਵਾਸੀਆਂ ਨੇ ਵੀ ਮੰਗ ਕੀਤੀ ਹੈ ਕਿ ਸਟੇਡੀਅਮ ਦੇ ਵਿਕਾਸ ਕਾਰਜਾਂ ’ਤੇ ਖਰਚ ਕੀਤੀ ਗਈ ਰਕਮ ਦਾ ਪੂਰਾ ਹਿਸਾਬ-ਕਿਤਾਬ ਜਨਤਕ ਕੀਤਾ ਜਾਵੇ ਅਤੇ ਮੌਕੇ ’ਤੇ ਹੋਏ ਕੰਮ ਦੀ ਨਿਰਪੱਖ ਜਾਂਚ ਕਰਵਾਈ ਜਾਵੇ, ਤਾਂ ਜੋ ਗ੍ਰਾਂਟ ਦੀ ਵਰਤੋਂ ਸਬੰਧੀ ਉੱਠ ਰਹੇ ਸਵਾਲਾਂ ਦਾ ਸਪੱਸ਼ਟ ਜਵਾਬ ਮਿਲ ਸਕੇ।