ਪੰਚਮੀ ਮੌਕੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਈਆਂ ਸੰਗਤਾਂ
ਪਟਿਆਲਾ, 16 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ)- ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਛੋਹ ਅਸਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਪੰਚਮੀ ਦਾ ਦਿਹਾੜਾ ਸੰਗਤਾਂ ਨੇ ਗੁਰੂਘਰ ਨਤਮਸਤਕ ਹੋ ਕੇ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ। ਤੜਕ ਸਵੇਰੇ ਕਵਾੜ੍ਹ ਖੁੱਲ੍ਹਣ ਮਗਰੋਂ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਜਿਥੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ, ਉਥੇ ਹੀ ਸੰਗਤਾਂ ਨੇ ਗੁਰੂ ਘਰ ਦੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕੀਤਾ ਅਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ।
ਪਟਿਆਲਾ, 16 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ)- ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਛੋਹ ਅਸਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਪੰਚਮੀ ਦਾ ਦਿਹਾੜਾ ਸੰਗਤਾਂ ਨੇ ਗੁਰੂਘਰ ਨਤਮਸਤਕ ਹੋ ਕੇ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ। ਤੜਕ ਸਵੇਰੇ ਕਵਾੜ੍ਹ ਖੁੱਲ੍ਹਣ ਮਗਰੋਂ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਜਿਥੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ, ਉਥੇ ਹੀ ਸੰਗਤਾਂ ਨੇ ਗੁਰੂ ਘਰ ਦੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕੀਤਾ ਅਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਸੰਗਤਾਂ ਨੇ ਪੰਗਤ ਅਤੇ ਸੰਗਤ ਕੀਤੀ ਅਤੇ ਹਜ਼ੂਰੀ ਰਾਗੀ ਕੀਰਤਨੀ ਜੱਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਦਾ ਪ੍ਰਵਾਹ ਚਲਾ ਕੇ ਨਿਹਾਲ ਕੀਤਾ। ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਧਾਰਮਿਕ ਦੀਵਾਨ ਸਜਾਏ ਗਏ ਅਤੇ ਢਾਡੀ ਕਵੀਸ਼ਰੀ ਜੱਥਿਆਂ ਨੇ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ। ਇਸ ਮੌਕੇ ਉਚੇਚੇ ਤੌਰ ’ਤੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਤੇ ਪੁੱਜੇ ਹੋਏ ਸਨ, ਜਿਨ੍ਹਾਂ ਨੇ ਸੰਗਤਾਂ ਨੂੰ ਗੁਰਬਾਣੀ ਫ਼ਲਸਫ਼ੇ ਅਨੁਸਾਰ ਆਪਣਾ ਜੀਵਨ ਬਤੀਤ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਨਸ਼ਾ ਸਮਾਜਕ ਲਾਹਨਤ ਹੈ, ਜਿਸ ਨੇ ਪੰਜਾਬ ਦੀ ਨੌਜਵਾਨ ਨੂੰ ਬਰਬਾਦ ਕਰ ਦਿੱਤਾ। ਪ੍ਰੋ. ਬਡੂੰਗਰ ਨੇ ਕਿਹਾ ਕਿ ਪੰਜਾਬ ਅੰਦਰ ਨਸ਼ੇ ਨਾਲ ਸੰਬੰਧਿਤ ਵਾਪਰਦੇ ਘਟਨਾਕ੍ਰਾਮ ਵੱਡੀ ਚਿੰਤਾ ਪੈਦਾ ਕਰ ਰਹੇ ਹਨ ਅਤੇ ਇਸ ਲਾਹਨਤ ਨੂੰ ਸਮਾਜ ਅੰਦਰੋਂ ਜੜ ਤੋਂ ਪੁੱਟਣ ਲਈ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਅੰਦਰ ਧਾਰਨ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਨਸ਼ੇ ਦੇ ਮੁੱਦੇ ’ਤੇ ਸਰਕਾਰਾਂ ਫੇਲ੍ਹ ਹੋਈਆਂ ਹਨ ਅਤੇ ਇਸ ਤੋਂ ਬਚਣ ਲਈ ਅਜੋਕੀ ਪੀੜ੍ਹੀ ਸ਼ਬਦ ਗੁਰੂ ਨੂੰ ਧਾਰਨ ਕਰੇ ਤਾਂ ਕਿ ਇਸ ਭੈੜੀ ਲਾਹਨਤ ਤੋਂ ਛੁਟਕਾਰਾ ਮਿਲ ਸਕੇ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਮੈਨੇਜਰ ਭਾਗ ਸਿੰਘ ਨੇ ਪੁੱਜੇ ਢਾਡੀ ਕਵੀਸ਼ਰੀ ਜੱਥਿਆਂ ਨੂੰ ਸਿਰੋਪਾਓ ਭੇਟ ਕੀਤਾ ਅਤੇ ਗੁਰੂ ਘਰ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਐਡੀਸ਼ਨਲ ਮੈਨੇਜਰ ਮਨਦੀਪ ਸਿੰਘ ਭਲਵਾਨ, ਮੀਤ ਮੈਨੇਜਰ ਮਨਜੀਤ ਸਿੰਘ, ਅਕਾਊਟੈਂਟ ਗੁਰਮੀਤ ਸਿੰਘ, ਸੁਖਦੇਵ ਸਿੰਘ ਕਾਹਲਵਾਂ, ਭਾਈ ਹਜ਼ੂਰ ਸਿੰਘ, ਹਰਵਿੰਦਰ ਸਿੰਘ ਕਾਹਲਵਾਂ ਆਦਿ ਤੋਂ ਇਲਾਵਾ ਸ਼ੋਮਣੀ ਕਮੇਟੀ ਅਧਿਕਾਰੀ ਤੇ ਸਟਾਫ ਮੈਂਬਰ ਆਦਿ ਸ਼ਾਮਲ ਸਨ।