ਰਾਜਪੁਰਾ, 18 ਸਤੰਬਰ (ਜੀ. ਪੀ. ਸਿੰਘ)- ਅੰਮ੍ਰਿਤਸਰ-ਦਿੱਲੀ ਕੌਮੀ ਸ਼ਾਹ ਮਾਰਗ ਨੰਬਰ-44 ’ਤੇ ਰਾਜਪੁਰਾ ਖੇਤਰ ਨੇੜੇ ਲਗਾਤਾਰ ਲੁੱਟ-ਖੋਹ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ। ਇਸ ਤਰ੍ਹਾਂ ਲੰਘੇ ਦਿਨ ਅੰਬਾਲੇ ਤੋਂ ਇਕ ਕਾਰ ’ਚ ਲੁਧਿਆਣਾ ਜਾਣ ਲਈ ਬੈਠੇ 5 ਅਣਪਛਾਤੇ ਵਿਅਕਤੀ ਕੌਮੀ ਸ਼ਾਹ ਮਾਰਗ ’ਤੇ ਪਿੰਡ ਪੜਾਓ ਨੇੜਿਓ ਚਾਲਕ ਨੂੰ ਛੱਡ ਕੇ ਕਾਰ ਭਜਾ ਕੇ ਲੈ ਗਏ। ਜਾਣਕਾਰੀ ਅਨੁਸਾਰ ਕਾਰ ਚਾਲਕ ਹਰਿੰਦਰ ਪਾਲ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਲਾਲ ਕੁੜਤੀ ਬਜ਼ਾਰ ਅੰਬਾਲਾ ਨੇ ਸਦਰ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਲੰਘੇ ਦਿਨ ਉਹ ਆਪਣੀ ਕਾਰ ਨੰਬਰ ਐੱਚ.ਆਰ.-85 ਐੱਫ-9335 ਤੇ ਸਵਾਰ ਹੋ ਕੇ ਬੱਸ ਅੱਡਾ ਅੰਬਾਲਾ ਨੇੜੇ ਜਾ ਰਿਹਾ ਸੀ। ਇਸ ਦੌਰਾਨ 5 ਅਣਪਛਾਤੇ ਵਿਅਕਤੀ ਉਸ ਕੋਲ ਆਏ ਅਤੇ ਕਹਿਣ ਲੱਗੇ ਕਿ ਉਨ੍ਹਾਂ ਨੇ ਲੁਧਿਆਣਾ ਜਾਣਾ ਹੈ ਪਰ ਬੱਸ ਨਹੀਂ ਆ ਰਹੀ। ਜਿਸ ਤੇ ਉਸ ਨੇ ਉਨ੍ਹਾਂ ਨੂੰ ਆਪਣੀ ਕਾਰ ਵਿਚ ਬੈਠਾ ਲਿਆ। ਜਦੋਂ ਉਹ ਉਨ੍ਹਾਂ ਨੂੰ ਲੁਧਿਆਣਾ ਛੱਡਣ ਜਾ ਰਿਹਾ ਸੀ ਤਾਂ ਰਸਤੇ ਵਿਚ ਕੌਮੀ ਸ਼ਾਹ ਮਾਰਗ ’ਤੇ ਪਿੰਡ ਪੜਾਓ ਨੇੜੇ ਇਕ ਵਿਅਕਤੀ ਨੇ ਕਿਹਾ ਕਿ ਉਸ ਨੂੰ ਉਲਟੀ ਆ ਰਹੀ ਹੈ ਤੇ ਕਾਰ ਵਿਚੋਂ ਨਿਕਲ ਕੇ ਉਲਟੀ ਕਰਨ ਲੱਗ ਪਿਆ। ਇਸ ਦੌਰਾਨ ਉਹ ਵੀ ਸਟਾਰਟ ਕਾਰ ਵਿਚੋਂ ਨਿਕਲ ਕੇ ਖਤਾਨਾ ਵਿਚ ਪਿਸ਼ਾਬ ਕਰਨ ਚਲੇ ਗਿਆ। ਇਸ ਦੌਰਾਨ ਉਕਤ ਵਿਅਕਤੀ ਉਸ ਦੀ ਕਾਰ ਭਜਾ ਕੇ ਲੈ ਗਏ। ਥਾਣਾ ਸਦਰ ਦੀ ਪੁਲਿਸ ਨੇ ਉਕਤ 5 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।