28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਸਰਕਾਰੀ ਅਦਾਰਿਆਂ ਅੰਦਰ ਪੰਜਾਬ ਮਹਾਂਬੰਦ ਨੂੰ ਸਮਾਣਾ ’ਚ ਮਿਲਿਆ ਭਰਵਾਂ ਹੁੰਗਾਰਾ, ਤਹਿਸੀਲ ਸਮਾਣਾ ਦੇ ਸਮੂਹ ਸਕੂਲ ਅਤੇ ਦਫ਼ਤਰ ਰਹੇ ਬੰਦ

ਸਮਾਣਾ, 27 ਅਗਸਤ (ਹਰਵਿੰਦਰ ਸਿੰਘ ਟੋਨੀ)-ਸਾਂਝੀ ਤਾਲਮੇਲ ਕਮੇਟੀ ਵਲੋਂ ਅੱਜ ਸਮੂਹਿਕ ਛੁੱਟੀ ਲੈ ਕੇ ਸਮੁੱਚਾ ਸਰਕਾਰੀ ਤੰਤਰ ਬੰਦ ਕਰਨ ਕਰਕੇ ਪੰਜਾਬ ਮਹਾਂਬੰਦ ਦੇ ਦਿੱਤੇ ਸੱਦੇ ਨੂੰ ਤਹਿਸੀਲ ਸਮਾਣਾ ਦੇ ਅਧਿਆਪਕਾਂ ਨੇ ਵੱਡਾ ਹੁੰਗਾਰਾ ਦਿੱਤਾ ਹੈ। ਇਸ ਬੰਦ ਦੌਰਾਨ ਤਹਿਸੀਲ ਦੇ ਸਮੂਹ ਸਕੂਲ ਅਤੇ ਦਫ਼ਤਰ ਮੁਕੰਮਲ ਬੰਦ ਰਹੇ।

ਅਜੀਤ ਡੈਸਕ 28-08-2026
ਸਮਾਣਾ, 27 ਅਗਸਤ (ਹਰਵਿੰਦਰ ਸਿੰਘ ਟੋਨੀ)-ਸਾਂਝੀ ਤਾਲਮੇਲ ਕਮੇਟੀ ਵਲੋਂ ਅੱਜ ਸਮੂਹਿਕ ਛੁੱਟੀ ਲੈ ਕੇ ਸਮੁੱਚਾ ਸਰਕਾਰੀ ਤੰਤਰ ਬੰਦ ਕਰਨ ਕਰਕੇ ਪੰਜਾਬ ਮਹਾਂਬੰਦ ਦੇ ਦਿੱਤੇ ਸੱਦੇ ਨੂੰ ਤਹਿਸੀਲ ਸਮਾਣਾ ਦੇ ਅਧਿਆਪਕਾਂ ਨੇ ਵੱਡਾ ਹੁੰਗਾਰਾ ਦਿੱਤਾ ਹੈ। ਇਸ ਬੰਦ ਦੌਰਾਨ ਤਹਿਸੀਲ ਦੇ ਸਮੂਹ ਸਕੂਲ ਅਤੇ ਦਫ਼ਤਰ ਮੁਕੰਮਲ ਬੰਦ ਰਹੇ। ਜ਼ਿਲ੍ਹੇ ਦੀਆਂ ਸੰਘਰਸ਼ੀਲ ਅਧਿਆਪਕ ਜਥੇਬੰਦੀਆਂ ਦੀ ਅਗਵਾਈ ਵਿਚ ਸੈਂਕੜੇ ਅਧਿਆਪਕਾਂ ਵਲੋਂ ਸਮੂਹਿਕ ਛੁੱਟੀ ਲੈ ਕੇ ਸਮਾਣਾ ਤਹਿਸੀਲ ਦਫ਼ਤਰ ਦੇ ਗੇਟ ਅੱਗੇ ਵਿਸ਼ਾਲ ਧਰਨਾ ਦਿੱਤਾ ਅਤੇ ਮਾਰਚ ਕਰਕੇ ਪੰਜਾਬ ਸਰਕਾਰ ਦਾ ਪੁਤਲਾ ਵੀ ਫੂਕਿਆ ਗਿਆ। ਇਸ ਮੌਕੇ ‘ਆਪ’ ਸਰਕਾਰ ਵਲੋਂ ਹੱਕੀ ਮੰਗਾਂ ਪੂਰੀਆਂ ਕਰਨ ਦੀ ਥਾਂ ਆਪਣੇ ਆਈ.ਟੀ. ਸੈੱਲ ਰਾਹੀਂ ਮੁਲਾਜ਼ਮਾਂ,-ਪੈਨਸ਼ਨਰਾਂ ਖ਼ਿਲਾਫ਼ ਤਨਖਾਹਾਂ ਪਹਿਲਾਂ ਹੀ ਵੱਧ ਹੋਣ ਦੇ ਝੂਠੇ ਬਿਰਤਾਂਤ ਨੂੰ ਵੀ ਮੁੱਢੋਂ ਰੱਦ ਕੀਤਾ ਗਿਆ। ਇਸ ਮਹਾਂਬੰਦ ਦੌਰਾਨ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਅਧਿਆਪਕ ਆਗੂਆਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜੁਆਇੰਟ ਸਕੱਤਰ ਪੰਜਾਬ ਜਸਵਿੰਦਰ ਸਿੰਘ ਸਮਾਣਾ, ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਸੂਬਾ ਕਨਵੀਨਰ ਅਤਿੰਦਰਪਾਲ ਘੱਗਾ, ਅਧਿਆਪਕ ਦਲ ਤੋਂ ਹਰਵਿੰਦਰਪਾਲ ਸਿੰਘ, ਡੈਮੋਕ੍ਰੈਟਿਕ ਟੀਚਰਜ਼ ਫਰੰਟ ਤੋਂ ਹਰਵਿੰਦਰ ਬੇਲੂਮਾਜਰਾ, ਗੌਰਮਿੰਟ ਟੀਚਰਜ਼ ਯੂਨੀਅਨ ਤੋਂ ਗੁਰਵਿੰਦਰ ਖੰਗੂੜਾ, ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਤੋਂ ਸਤਪਾਲ ਸਮਾਣਵੀ, ਪੈਨਸ਼ਨਰ ਐਸੋਸੀਏਸ਼ਨ ਤੋਂ ਸੋਹਣ ਸਿੰਘ ਅਤੇ ਬਾਬੂ ਨਾਰਾਇਣ ਦਾਸ ਜਨਰਲ ਸਕੱਤਰ, ਐੱਸ.ਸੀ., ਬੀਸੀ. ਅਧਿਆਪਕ ਯੂਨੀਅਨ ਤੋਂ ਭੀਮ ਸਿੰਘ, ਕੰਪਿਊਟਰ ਅਧਿਆਪਕ ਯੂਨੀਅਨ ਤੋਂ ਹਨੀ ਗਰਗ, ਸੀ.ਪੀ.ਐਫ. ਕਰਮਚਾਰੀ ਯੂਨੀਅਨ ਤੋਂ ਜਗਤਾਰ ਲਾਲ ਨੇ ਕਿਹਾ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਪ੍ਰਮੁੱਖ ਮੰਗਾਂ ਨੂੰ ਮੰਨਣ ਤੋਂ ਇਨਕਾਰੀ ਹੋ ਕੇ ਮੁਲਾਜ਼ਮਾਂ ਖ਼ਿਲਾਫ਼ ਦੁਸ਼ਮਣਾਨਾ ਵਿਰੋਧ ਵਿਚ ਖੜ੍ਹੀ ਹੋ ਚੁੱਕੀ ‘ਆਪ’ ਸਰਕਾਰ ਖ਼ਿਲਾਫ਼ ਮੁਲਾਜ਼ਮਾਂ ਦਾ ਰੋਹ ਸਿਖਰ ’ਤੇ ਪਹੁੰਚ ਚੁੱਕਿਆ ਹੈ। ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਨਜ਼ਰਅੰਦਾਜ਼ ਕਰਨ ਖ਼ਿਲਾਫ਼ 7 ਅਗਸਤ ਨੂੰ ਹੋਈ ਚੰਡੀਗੜ੍ਹ ਮਹਾਂਰੈਲੀ ਵਿਚ ਹੋਏ ਲੱਖਾਂ ਦੇ ਇਕੱਠ ਅਤੇ ਹੁਣ 27 ਅਗਸਤ ਦੇ ਮਹਾਂਬੰਦ ਨੂੰ ਮਿਲੇ ਸ਼ਤ ਪ੍ਰਤੀਸ਼ਤ ਹੁੰਗਾਰੇ ਨੂੰ ਭਗਵੰਤ ਮਾਨ ਸਰਕਾਰ ਨੂੰ ਕੰਧ ’ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ। ਮੁਲਾਜ਼ਮਾਂ ਦੇ ਇਸ ਵਿਸ਼ਾਲ ਇਕੱਠ ਨੂੰ ਅਣਡਿੱਠਾ ਕਰਨ ਦੀ ‘ਆਪ’ ਸਰਕਾਰ ਨੂੰ ਵੱਡੀ ਸਿਆਸੀ ਕੀਮਤ ਚੁਕਾਉਣੀ ਪਵੇਗੀ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਨਿਭਾ ਰਹੇ ਡੀ.ਟੀ.ਐੱਫ਼ ਦੇ ਜ਼ਿਲ੍ਹਾ ਆਗੂ ਰਾਜਿੰਦਰ ਸਮਾਣਾ, ਜੀਟੀਯੂ ਦੇ ਆਗੂ ਸੁਪਿੰਦਰ ਸ਼ਰਮਾ, ਡੀ.ਟੀ.ਐੱਫ. ਦੇ ਜ਼ਿਲ੍ਹਾ ਆਗੂ ਗੁਰਵਿੰਦਰ ਸਿੰਘ ਖੱਟੜਾ, ਮੈਡਮ ਮਨਦੀਪ ਕੌਰ, ਜੀਟੀਯੂ ਤੋਂ ਮੈਡਮ ਸੀਮਾ ਰਾਣੀ, ਜੁਗਪ੍ਰਗਟ ਸਿੰਘ, 5994 ਅਧਿਆਪਕ ਯੂਨੀਅਨ ਤੋਂ ਅਨਮੋਲ ਸਿੰਘ, 6635 ਅਧਿਆਪਕ ਯੂਨੀਅਨ ਤੋਂ ਰਾਜਵਿੰਦਰ ਸਿੰਘ, ਸਫ਼ਾਈ ਕਰਮਚਾਰੀ ਯੂਨੀਅਨ ਤੋਂ ਸੋਨੂ ਸੁੰਦਰ ਨੇ ਕਿਹਾ ਕਿ ਇਸ ਵੱਡੇ ਇਕੱਠ ਦਾ ਮੋਹਰੀ ਕਾਰਨ ਅਖੌਤੀ “ਇਨਕਲਾਬੀ” ਸਰਕਾਰ ਹੱਥੋਂ ਮੁਲਾਜ਼ਮਾਂ ਦੇ ਹਰ ਵਰਗ ਦਾ ਠੱਗਿਆ ਜਾਣਾ ਹੈ। ਜਿਸ ਵਿਚ 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਦਾ ਆਰਥਿਕ ਸੋਸ਼ਣ ਕਰਨ ਵਾਲੇ ਕੇਂਦਰੀ ਤਰਜ਼ ਅਧਾਰਿਤ ਨਵੇਂ ਤਨਖਾਹ ਸਕੇਲਾਂ ਨੂੰ ਰੱਦ ਨਾ ਕਰਨਾ, ਬਾਜ਼ਾਰੂ ਜੋਖਮਾਂ ਨਾਲ ਜੁੜੀ ਨਵੀਂ ਪੈਨਸ਼ਨ ਪ੍ਰਣਾਲੀ ਰੱਦ ਨਾ ਕਰਨ, ਮੁਲਾਜ਼ਮਾਂ ਦਾ 18 ਫ਼ੀਸਦੀ ਰਹਿੰਦੇ ਮਹਿੰਗਾਈ ਭੱਤਾ ਰੋਕਣ, ਪੇਂਡੂ ਤੇ ਬਾਰਡਰ ਏਰੀਆ ਭੱਤਿਆਂ ਸਮੇਤ 37 ਕਿਸਮ ਦੇ ਕੱਟੇ ਗਏ ਭੱਤੇ ਬਹਾਲ ਨਾ ਕਰਨ, ਛੇਵੇਂ ਪੰਜਾਬ ਤਨਖਾਹ ਕਮਿਸ਼ਨ ਦੀ ਮੁਕੰਮਲ ਰਿਪੋਰਟ ਜਾਰੀ ਕਰਕੇ ਮੁਲਾਜ਼ਮਾਂ-ਪੈਨਸ਼ਨਰਾਂ ਦੇ ਪੈਂਡਿੰਗ ਲਾਭ ਨਾ ਬਹਾਲ ਕਰਨਾ, ਕੱਚੇ ਮੁਲਾਜ਼ਮਾਂ ਸਮੇਤ ਐਸੋਸੀਏਟ ਟੀਚਰਜ਼ ਅਤੇ ਕੰਪਿਊਟਰ ਅਧਿਆਪਕਾਂ ਨੂੰ ਸਿਵਲ ਸੇਵਾ ਨਿਯਮਾਂ ਤਹਿਤ ਲਿਆ ਕੇ ਪੱਕੇ ਨਾ ਕਰਨ, ਰੀਕਾਸਟ ਲਿਸਟਾਂ ਦੇ ਨਾਂ ਹੇਠ 4161 ਮਾਸਟਰ, 6635 ਈਟੀਟੀ ਤੇ ਬਾਕੀ ਭਰਤੀਆਂ ਦੇ ਸੈਂਕੜੇ ਅਧਿਆਪਕਾਂ ਨੂੰ ਜਾਰੀ ਕੀਤੇ ਟਰਮੀਨੇਸ਼ਨ ਦੇ ਸ਼ੋਅ ਕਾਜ ਨੋਟਿਸਾਂ ਨੂੰ ਰੱਦ ਕਰਕੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਸੁਰੱਖਿਅਤ ਨਾ ਕਰਨਾ ਪ੍ਰਮੁੱਖ ਤੌਰ ’ਤੇ ਸ਼ਾਮਲ ਹਨ। ਇਸ ਮੌਕੇ ਗੱਲਬਾਤ ਕਰਦੇ ਹੋਏ ਪਰਵਿੰਦਰ ਸਿੰਘ, ਜਤਿੰਦਰ ਸਿੰਘ ਨੇ ਦੱਸਿਆ ਕਿ ਤਾਲਮੇਲ ਕਮੇਟੀ ਦੀ ਮੁੱਖ ਮੰਤਰੀ ਨਾਲ਼ ਜਲੰਧਰ ਵਿਖੇ ਅੱਜ ਹੋਣ ਵਾਲੀ ਮੀਟਿੰਗ ਵਿਚ ਜੇਕਰ ਮੰਗਾਂ ਦਾ ਕੋਈ ਠੋਸ ਹੱਲ ਨਹੀਂ ਹੁੰਦਾ ਤਾਂ ਮੁਲਾਜ਼ਮ ਘੋਲ ਹੋਰ ਤਿੱਖੇ ਰੂਪ ਵਿਚ ਅੱਗੇ ਵਧੇਗਾ। ਇਸ ਧਰਨੇ ਵਿਚ ਸੰਯੁਕਤ ਕਿਸਾਨ ਮੋਰਚਾ ਵਲੋਂ ਬਲਵਿੰਦਰ ਸਿੰਘ ਅਤੇ ਹਰਵਿੰਦਰ ਸਿੰਘ ਗਿੱਲ ਵਲੋਂ ਆਪਣਾ ਸਮਰਥਨ ਪ੍ਰਗਟ ਕੀਤਾ ਗਿਆ ।
ਪਿਛਲੀ ਖ਼ਬਰ ਤਿਉਹਾਰਾਂ ਦੇ ਮੱਦੇਨਜ਼ਰ ਮਿਲਾਵਟਖੋਰੀ ਨੂੰ ਰੋਕਣ ਲਈ ਵਿਭਾਗ ਹੋਇਆ ਸਰਗਰਮ ਅਗਲੀ ਖ਼ਬਰ ਜੱਟਾਂ ਪੱਤੀ ਸਮਾਣਾ ਦੇ ਘਰ ’ਚ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।