ਭੁੱਨਰਹੇੜੀ, 16 ਮਈ (ਧਨਵੰਤ ਸਿੰਘ)-ਪੰਜਾਬ ਦੀ ਸਿਆਸਤ ਵਿਚ ਆਗੂਆਂ ਦੀ ਅਦਲਾ-ਬਦਲੀ ਨੇ ਹਲਚਲ ਤੇਜ ਕਰ ਦਿੱਤੀ ਹੈ | ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਕੈਬਨਿਟ ਮੰਤਰੀ ਰਹੇ ਸੁਰਜੀਤ ਸਿੰਘ ਰੱਖੜਾ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਹੁਣ ਚੰਦੂਮਾਜਰਾ ਪਰਿਵਾਰ ਨੂੰ ਲੈ ਕੇ ਵੀ ਲੋਕਾਂ ਅੰਦਰ ਨਵੀਆਂ ਚਰਚਾਵਾਂ ਸਾਹਮਣੇ ਆ ਰਹੀਆਂ ਹਨ, ਜਿਸ ਨੇ ਪੰਜਾਬ ਅੰਦਰ ਸਿੱਖ ਸਿਆਸਤ ਵਿਚ ਨਵੇਂ ਸੰਕੇਤ ਦੇਣੇ ਸ਼ੁਰੂ ਕਰ ਦਿੱਤੇ ਹਨ | ਮਾਲਵਾ ਖੇਤਰ ਨਾਲ ਸੰਬੰਧਿਤ ਚੰਦੂਮਾਜਰਾ ਪਰਿਵਾਰ ਦਾ ਲੰਮੇ ਸਮੇਂ ਤੋਂ ਅਕਾਲੀ ਸਿਆਸਤ ਵਿਚ ਵੱਖਰਾ ਦਬਦਬਾ ਬਣਿਆ ਹੋਇਆ ਹੈ | ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਜੋ ਕਦੇ ਅਕਾਲੀ ਦਲ ਦੇ ਹਰਿਆਵਲ ਦਸਤੇ ਦੇ ਯੂਥ ਅਕਾਲੀ ਦਲ ਪੰਜਾਬ ਦੇ ਪ੍ਰਧਾਨ ਸਨ, ਨੇ ਆਪਣੀ ਸਿਆਸੀ ਪਹਿਚਾਣ ਬਲਿਊ ਸਟਾਰ ਦੇ ਕੁਝ ਸਾਲਾਂ ਬਾਅਦ ਹੋਈਆਂ 1985-86 ਦੀਆਂ ਵਿਧਾਨ ਸਭਾ ਚੋਣਾਂ ਵਿਚ ਵਿਧਾਇਕ ਬਣਕੇ ਬਣਾਈ ਸੀ | ਜਿਸ ਤੋਂ ਬਾਅਦ ਅਕਾਲੀ ਦਲ ਵਿਚ ਆਈ ਬਗ਼ਾਵਤ ਦੌਰਾਨ ਉਸ ਸਮੇਂ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੇ ਸ. ਚੰਦੂਮਾਜਰਾ ਨੂੰ ਸਹਿਕਾਰਤਾ ਮੰਤਰੀ ਬਣਾਇਆ, ਜਿਸ ਨਾਲ ਉਨ੍ਹਾਂ ਦੀ ਸਿਆਸੀ ਪਕੜ ਹੋਰ ਮਜ਼ਬੂਤ ਹੋਈ | ਪ੍ਰੇਮ ਸਿੰਘ ਚੰਦੂਮਾਜਰਾ ਦੋ ਵਾਰ ਪਟਿਆਲਾ ਤੋਂ ਅਤੇ ਇਕ ਵਾਰ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਰਹਿ ਚੁੱਕੇ ਹਨ ਅਤੇ ਪੰਜਾਬ ਦੇ ਕਈ ਵਿਧਾਨ ਸਭਾ ਹਲਕਿਆਂ ਤੋਂ ਚੋਣਾਂ ਵੀ ਲੜ ਚੁੱਕੇ ਹਨ | ਉਨ੍ਹਾਂ ਦੀ ਸਿਆਸੀ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ ਉਨ੍ਹਾਂ ਦੇ ਪੁੱਤਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਵੀ 2017 ਵਿੱਚ ਹਲਕਾ ਸਨੌਰ ਤੋਂ ਵਿਧਾਇਕ ਬਣੇ | ਇਸ ਤੋਂ ਇਲਾਵਾ ਚੰਦੂਮਾਜਰਾ ਨੇ ਲਹਿਰਾਗਾਗਾ, ਸੁਨਾਮ ਤੇ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਵੀ ਅਕਾਲੀ ਦਲ ਦੀ ਟਿਕਟ 'ਤੇ ਚੋਣ ਲੜ ਕੇ ਮਾਲਵਾ ਖੇਤਰ ਵਿਚ ਆਪਣਾ ਵੱਡਾ ਅਸਰ-ਰਸੂਖ ਬਣਾਈਆਂ ਹੋਇਆ ਹੈ | ਮੌਜੂਦਾ ਸਮੇਂ ਵਿਚ ਭਾਵੇਂ ਚੰਦੂਮਾਜਰਾ ਪਰਿਵਾਰ ਅਕਾਲੀ ਦਲ (ਪੁਨਰ ਸੁਰਜੀਤ) ਨਾਲ ਜੁੜਿਆ ਹੋਇਆ ਹੈ ਪਰ ਸੋਸ਼ਲ ਮੀਡੀਆ 'ਤੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਦੀਆਂ ਪੋਸਟਾਂ ਵਾਇਰਲ ਹੋ ਰਹੀਆਂ ਹਨ | ਜਿਸਨੂੰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਗਲਤ ਦੱਸਦਿਆਂ ਅਫ਼ਵਾਹਾਂ ਕਰਾਰ ਦਿੱਤਾ ਹੈ, ਉਨ੍ਹਾਂ ਇਸ ਸੰਬੰਧੀ ਪੁੱਛੇ ਜਾਣ 'ਤੇ ਸਪਸ਼ਟ ਕੀਤਾ ਕਿ ਅਜਿਹਾ ਕੁਝ ਨਹੀਂ ਹੈ, ਉਨ੍ਹਾਂ ਸੰਬੰਧੀ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ | ਦੂਜੇ ਪਾਸੇ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਚੰਦੂਮਾਜਰਾ ਪਰਿਵਾਰ ਕੋਈ ਵੱਡਾ ਸਿਆਸੀ ਫ਼ੈਸਲਾ ਲੈਣ ਨਾਲ ਅਸਰ ਇਕੱਲੇ ਮਾਲਵਾ 'ਤੇ ਹੀ ਨਹੀਂ, ਸਗੋਂ ਸਾਰੇ ਪੰਜਾਬ ਦੀ ਸਿਆਸਤ 'ਤੇ ਪੈ ਸਕਦਾ ਹੈ | ਐਵੇਂ ਰੌਲਾ ਪੈ ਗਿਆ, ਆਖ ਕੇ ਲਗਾਇਆ ਵਿਸਰਾਮ