20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਸਰਕਾਰ ਦੀਆਂ ਫੋਕੀਆਂ ਬੜ੍ਹਕਾਂ ਦੀ ਫੂਕ ਨਿਕਲੀ, ਕਿਸਾਨਾਂ ਦੇ ਖਾਤਿਆਂ 'ਚ ਅਜੇ ਤੱਕ ਨਹੀਂ ਪਹੁੰਚੀ ਅਦਾਇਗੀ-ਜਸਵਿੰਦਰ ਸਿੰਘ ਮੋਹਣੀ ਭਾਂਖਰ

ਅਜੀਤ ਡੈਸਕ 21-04-2026
ਸਨੌਰ, 20 ਅਪ੍ਰੈਲ (ਮੋਹਨ ਸਿੰਘ ਭੱਟੀ)-ਪੰਜਾਬ ਦੀਆਂ ਅਨਾਜ ਮੰਡੀਆਂ ਵਿਚ ਕਣਕ ਦੀ ਖ਼ਰੀਦ ਅਤੇ ਕਿਸਾਨਾਂ ਨੂੰ ਕੀਤੀ ਜਾਣ ਵਾਲੀ ਅਦਾਇਗੀ ਦੇ ਸੰਬੰਧ ਵਿਚ ਮੌਜੂਦਾ ਸਰਕਾਰ ਵਲੋਂ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵਿਆਂ ਦੀ ਉਸ ਵੇਲੇ ਫ਼ੋਕੀ ਫੂਕ ਨਿਕਲ ਗਈ, ਜਦੋਂ ਮੰਡੀਆਂ 'ਚ ਆਪਣੀ ਸੁਨਹਿਰੀ ਜਿਣਸ ਵੇਚਣ ਦੇ ਕਈ ਦਿਨ ਬੀਤ ਜਾਣ ਦੇ ਬਾਵਜੂਦ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਅਦਾਇਗੀ ਦੀ ਰਾਸ਼ੀ ਨਹੀਂ ਪਹੁੰਚੀ | ਇਸ ਗੰਭੀਰ ਮੁੱਦੇ 'ਤੇ ਚਿੰਤਾ ਪ੍ਰਗਟ ਕਰਦਿਆਂ ਸੀਨੀਅਰ ਸੂਬਾ ਕਿਸਾਨ ਆਗੂ ਸਰਦਾਰ ਜਸਵਿੰਦਰ ਸਿੰਘ ਮੋਹਣੀ ਭਾਂਖਰ ਨੇ ਕਿਹਾ ਕਿ ਸਰਕਾਰ ਦੀਆਂ ਫੋਕੀਆਂ ਬੜਕਾਂ ਅਤੇ ਜ਼ਮੀਨੀ ਹਕੀਕਤ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਨਜ਼ਰ ਆ ਰਿਹਾ ਹੈ | ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਕਿਸਾਨਾਂ ਦੀ ਕਣਕ ਸਰਕਾਰੀ ਖ਼ਰੀਦ ਕੇਂਦਰਾਂ ਰਾਹੀਂ ਸਰਕਾਰ ਕੋਲ ਪਹੁੰਚਿਆਂ 12 ਤੋਂ 13 ਦਿਨਾਂ ਦਾ ਲੰਬਾ ਸਮਾਂ ਬੀਤ ਚੁੱਕਾ ਹੈ, ਪਰ ਹਾਲੇ ਤੱਕ ਕਿਸੇ ਵੀ ਕਿਸਾਨ ਦੇ ਖਾਤੇ ਵਿਚ ਇੱਕ ਧੇਲਾ ਵੀ ਨਹੀਂ ਆਇਆ, ਜੋ ਕਿ ਬੇਹੱਦ ਮੰਦਭਾਗਾ ਅਤੇ ਚਿੰਤਾਜਨਕ ਵਿਸ਼ਾ ਹੈ | ਕਿਸਾਨ ਆਗੂ ਮੋਹਣੀ ਭਾਂਖਰ ਨੇ ਸਰਕਾਰ ਦੀ ਨਾਕਾਮੀ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਕਿਸਾਨੀ ਸਮਾਜ ਅਤੇ ਖੇਤ ਮਜ਼ਦੂਰਾਂ ਦਾ ਸਾਰਾ ਘਰੇਲੂ ਅਤੇ ਕਾਰੋਬਾਰੀ ਤਾਣਾ-ਬਾਣਾ ਪੈਸੇ ਦੇ ਨਿਰੰਤਰ ਲੈਣ-ਦੇਣ 'ਤੇ ਹੀ ਨਿਰਭਰ ਕਰਦਾ ਹੈ | ਜਦੋਂ ਕਿਸਾਨ ਦੀ ਫ਼ਸਲ ਵਿਕ ਜਾਂਦੀ ਹੈ, ਤਾਂ ਉਸ ਨੇ ਅਗਲੀ ਫ਼ਸਲ ਦੇ ਖ਼ਰਚਿਆਂ ਤੋਂ ਇਲਾਵਾ ਮਜ਼ਦੂਰਾਂ ਦੀਆਂ ਮਜ਼ਦੂਰੀਆਂ, ਆੜ੍ਹਤੀਆਂ ਦੇ ਹਿਸਾਬ-ਕਿਤਾਬ ਅਤੇ ਆਪਣੇ ਪਰਿਵਾਰਕ ਗੁਜ਼ਾਰੇ ਲਈ ਪੈਸੇ ਦੀ ਤੁਰੰਤ ਲੋੜ ਹੁੰਦੀ ਹੈ | ਅਦਾਇਗੀਆਂ ਵਿਚ ਹੋ ਰਹੀ ਇਸ ਬੇਲੋੜੀ ਦੇਰੀ ਨੇ ਕਿਸਾਨਾਂ ਨੂੰ ਆਰਥਿਕ ਮੁਸੀਬਤਾਂ ਦੇ ਚੱਕਰਵਿਊ ਵਿਚ ਫਸਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਦੇ ਅਧਿਕਾਰੀ ਏਅਰ ਕੰਡੀਸ਼ਨਡ ਕਮਰਿਆਂ ਵਿਚ ਬੈਠ ਕੇ ਅਦਾਇਗੀ ਦੇ ਦਾਅਵੇ ਤਾਂ ਕਰ ਰਹੇ ਹਨ, ਪਰ ਮੰਡੀਆਂ ਵਿਚ ਬੈਠਾ ਕਿਸਾਨ ਅੱਜ ਖਾਲੀ ਜੇਬਾਂ ਕਾਰਨ ਆਪਣੀਆਂ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਨ ਤੋਂ ਵੀ ਅਸਮਰੱਥ ਹੋ ਗਿਆ ਹੈ |ਉਨ੍ਹਾਂ ਪੰਜਾਬ ਸਰਕਾਰ ਨੂੰ ਸਖ਼ਤ ਲਹਿਜੇ ਵਿਚ ਤਾੜਨਾ ਕਰਦਿਆਂ ਕਿਹਾ ਕਿ ਸਰਕਾਰ ਆਪਣੀਆਂ 'ਫੋਕੀਆਂ ਬੜਕਾਂ' ਬੰਦ ਕਰਕੇ ਤੁਰੰਤ ਕਿਸਾਨਾਂ ਦੀਆਂ ਰੁਕੀਆਂ ਹੋਈਆਂ ਅਦਾਇਗੀਆਂ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਪਾਵੇ, ਤਾਂ ਜੋ ਕਿਸਾਨ ਆਪਣਾ ਆਰਥਿਕ ਗੁਜ਼ਾਰਾ ਅਤੇ ਲੈਣ-ਦੇਣ ਬਿਨਾਂ ਕਿਸੇ ਰੁਕਾਵਟ ਦੇ ਚਲਾ ਸਕਣ |
ਪਿਛਲੀ ਖ਼ਬਰ ਪੰਜਾਬ 'ਤੇ ਵਧਦਾ ਕਰਜ਼ਾ, ਉਦਯੋਗਿਕ ਪਲਾਂਟ ਖਾਲੀ ਅਤੇ ਕਾਨੂੰਨ-ਵਿਵਸਥਾ 'ਤੇ ਚਿੰਤਾ-ਸ਼ੈਰੀ ਰਿਆੜ ਅਗਲੀ ਖ਼ਬਰ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।