19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਹਜ਼ਾਰਾਂ ਦਫ਼ਤਰੀ ਮੁਲਾਜ਼ਮ 18 ਨੂੰ ਆਪਣੇ ਬੱਚੇ ਵਿੱਤ ਮੰਤਰੀ ਹਰਪਾਲ ਚੀਮਾ ਦੇ ਘਰ ਛੱਡਣ ਜਾਣਗੇ-ਚਮਕੌਰ ਸਿੰਘ, ਹਰਦੇਵ ਸਿੰਘ

ਅਜੀਤ ਡੈਸਕ 14-04-2026
ਸਮਾਣਾ, 13 ਅਪੈ੍ਰਲ (ਹਰਵਿੰਦਰ ਸਿੰਘ ਟੋਨੀ)-20 ਸਾਲਾਂ ਤੋਂ ਸਿੱਖਿਆ ਵਿਭਾਗ ਵਿਚ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਦੇ ਰਹੇ ਦਫ਼ਤਰੀ ਕਰਮਚਾਰੀਆਂ ਦੀਆਂ ਤਨਖ਼ਾਹਾਂ 'ਤੇ 31000 ਰੁਪਏ ਪ੍ਰਤੀ ਮਹੀਨਾ ਕੱਟ ਲਗਾਉਣ ਅਤੇ ਵਾਰ- ਵਾਰ ਮੀਟਿੰਗਾਂ ਵਿਚ ਭਰੋਸਾ ਦੇ ਕੇ ਤਨਖ਼ਾਹਾਂ ਦਾ ਮਸਲਾ ਹੱਲ ਨਾ ਕਰਨ ਤੋਂ ਰੋਸ ਵਿਚ ਆਏ ਸਿੱਖਿਆ ਵਿਭਾਗ ਦੇ 1007 ਦਫ਼ਤਰੀ ਕਰਮਚਾਰੀਆਂ ਵਲੋਂ 18 ਅਪ੍ਰੈਲ ਨੂੰ ਦਿੜ੍ਹਬਾ ਵਿਖੇ ਰੈਲੀ ਕਰਕੇ ਆਪਣੇ ਬੱਚੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਘਰ ਛੱਡਣ ਦਾ ਐਲਾਨ ਕੀਤਾ ਹੈ |
ਜੁਆਇੰਟ ਐਕਸ਼ਨ ਕਮੇਟੀ ਸਰਵ ਸਿੱਖਿਆ ਅਭਿਆਨ ਮਿਡ-ਡੇ-ਮੀਲ ਦਫ਼ਤਰੀ ਕਰਮਚਾਰੀ ਯੂਨੀਅਨ ਦੇ ਆਗੂ ਚਮਕੌਰ ਸਿੰਘ ਪਟਿਆਲਾ, ਹਰਦੇਵ ਸਿੰਘ ਪਟਿਆਲਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਦੀ ਵਜ਼ਾਰਤ ਵਲੋਂ 8 ਸਤੰਬਰ ਨੂੰ ਹੋਈ ਕੈਬਿਨਟ ਬੈਠਕ ਦੌਰਾਨ 1007 ਕਰਮਚਾਰੀਆਂ ਦੀ ਤਨਖ਼ਾਹਾਂ 'ਤੇ ਕਟੌਤੀ ਕਰਨ ਦਾ ਮਤਾ ਪਾਸ ਕੀਤਾ, ਜਿਸ ਦਾ ਨੋਟੀਫ਼ਿਕੇਸ਼ਨ 23 ਤਸੰਬਰ 2025 ਨੂੰ ਕੀਤਾ ਗਿਆ ਪਰ ਵਿੱਤ ਮੰਤਰੀ ਹਰਪਾਲ ਚੀਮਾ ਨਾਲ ਹੋਈਆਂ ਮੀਟਿੰਗਾਂ ਦੌਰਾਨ ਉਨ੍ਹਾਂ ਵਲੋਂ ਵਾਰ-ਵਾਰ ਭਰੋਸਾ ਦਿੱਤਾ ਗਿਆ ਕਿ ਤਨਖ਼ਾਹ ਦੀ ਕਟੌਤੀ ਨਹੀਂ ਹੋਵੇਗੀ ਪ੍ਰੰਤੂ ਸਿੱਖਿਆ ਵਿਭਾਗ ਵਲੋਂ 24 ਫਰਵਰੀ 2026 ਨੂੰ ਤਨਖ਼ਾਹ ਕਟੌਤੀ ਦੇ ਹੁਕਮ ਲਾਗੂ ਕਰ ਦਿੱਤੇ ਗਏ ਜਿਸ ਉਪਰੰਤ ਮੁਲਜ਼ਮਾਂ ਵਲੋਂ ਮੋਹਾਲੀ ਵਿਖੇ ਵੱਡਾ ਇਕੱਠ ਕਰਨ ਉਪਰੰਤ ਚੰਡੀਗੜ੍ਹ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕੀਤਾ ਗਿਆ | ਜਦੋਂ 10 ਅਪ੍ਰੈਲ ਨੂੰ ਮੁਲਾਜ਼ਮ ਮੀਟਿੰਗ ਕਰਨ ਗਏ ਤਾਂ ਵਿੱਤ ਮੰਤਰੀ ਦੇ ਦਫ਼ਤਰੀ ਅਧਿਕਾਰੀਆਂ ਵਲੋਂ ਮੁੜ ਤੋਂ ਮੀਟਿੰਗ ਮੁਲਤਵੀ ਕਰਨ ਦਾ ਸੰਦੇਸ਼ ਦਿੱਤਾ | ਜਿਸ ਕਰਕੇ ਕਰਮਚਾਰੀਆਂ ਵਿਚ ਰੋਸ ਤੇ ਨਿਰਾਸ਼ਾ ਦੀ ਲਹਿਰ ਹੈ | ਆਗੂਆਂ ਮੁਤਾਬਿਕ ਵਿੱਤ ਮੰਤਰੀ ਪਿਛਲੇ 7-8 ਮਹੀਨਿਆਂ ਤੋਂ ਮੁਲਾਜ਼ਮਾਂ ਨੂੰ ਲਾਰੇ ਲਗਾ ਰਹੇ ਹਨ ਕਿ ਮੁਲਾਜ਼ਮਾਂ ਦੀਆਂ ਤਨਖ਼ਾਹਾਂ 'ਤੇ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ ਪਰ ਹੁਣ ਮੁਲਾਜ਼ਮਾਂ ਦੀਆ ਤਨਖ਼ਾਹਾਂ 'ਤੇ 31 ਹਜ਼ਾਰ ਦਾ ਕੱਟ ਲਗਾ ਕੇ ਮੁਲਜ਼ਮਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਆਗੂਆਂ ਨੇ ਕਿਹਾ ਕਿ ਕਰਮਚਾਰੀ ਪਿਛਲੇ 20-20 ਸਾਲਾਂ ਤੋਂ ਸਿੱਖਿਆ ਵਿਭਾਗ 'ਚ ਕੰਮ ਕਰ ਰਹੇ ਹਨ ਅਤੇ ਕਰਮਚਾਰੀਆਂ ਨੂੰ ਤਨਖ਼ਾਹ ਦੇਣ ਲਈ ਬਜਟ ਵੀ ਕੇਂਦਰ ਸਰਕਾਰ ਵਲੋਂ ਪੂਰਾ ਜਾਰੀ ਕੀਤਾ ਜਾ ਰਿਹਾ ਹੈ ਫਿਰ ਵੀ ਸਰਕਾਰ ਮੁਲਾਜ਼ਮਾਂ ਦੀਆਂ ਤਨਖ਼ਾਹਾਂ 'ਤੇ ਕੱਟ ਲਾਉਣ ਤੇ ਤੁਲੀ ਹੋਈ ਹੈ | ਆਗੂਆਂ ਨੇ ਕਿਹਾ ਕਿ ਤਨਖ਼ਾਹ ਕਟੌਤੀ ਨਾਲ ਕਰਮਚਾਰੀ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਨਹੀਂ ਕਰ ਸਕਣਗੇ | ਇਸ ਲਈ ਉਨ੍ਹਾਂ ਫ਼ੈਸਲਾ ਕੀਤਾ ਹੈ ਕਿ ਮੁਲਾਜ਼ਮ 18 ਅਪ੍ਰੈਲ ਨੂੰ ਆਪਣੇ ਬੱਚੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਘਰ ਦਿੜ੍ਹਬਾ ਵਿਖੇ ਛੱਡ ਕੇ ਆਉਣਗੇ |
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਸਨੌਰ ਦੀ ਕਮਾਨ ਸਥਾਨਕ ਜੰਮਪਲ ਨੇਤਾ ਨੂੰ ਦੇਣੀ ਚਾਹੀਦੀ ਹੈ-ਮੋਣੀ ਭਾਖਰ ਅਗਲੀ ਖ਼ਬਰ ਪ੍ਰਧਾਨ ਅੰਕੁਰ ਗੁਪਤਾ ਤੇ ਕੌਂਸਲਰ ਅਨਮੋਲ ਗੁਪਤਾ ਨੂੰ ਸਦਮਾ, ਪਿਤਾ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।