ਬਸੀ ਪਠਾਣਾਂ, 1 ਅਪ੍ਰੈਲ (ਪੱਤਰ ਪ੍ਰੇਰਕ)-ਬਲਾਕ ਕਾਂਗਰਸ ਕਮੇਟੀ ਬਸੀ ਪਠਾਣਾਂ ਦੇ ਪ੍ਰਧਾਨ ਅਮੀ ਚੰਦ ਅਤੇ ਡਾ. ਨਰੇਸ਼ ਚੌਹਾਨ ਦੇ ਯਤਨਾਂ ਸਦਕਾ ਸਥਾਨਕ ਵਾਰਡ ਨੰ. 1 ਵਿਚ ਸੀਨੀਅਰ ਆਗੂ ਸੁਖਵਿੰਦਰ ਬਾਜਵਾ ਦੇ ਨਿਵਾਸ 'ਤੇ ਵਿਸ਼ੇਸ਼ ਮੀਟਿੰਗ ਸੱਦੀ ਗਈ | ਜਿਸ ਵਿਚ ਉਚੇਚੇ ਤੌਰ 'ਤੇ ਸ਼ਾਮਿਲ ਹੋਏ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ ਅਤੇ ਬਲਾਕ ਪ੍ਰਧਾਨ ਖਮਾਣੋਂ ਸਰਬਜੀਤ ਸਿੰਘ ਜੀਤੀ ਦਾ ਸਮੁੱਚੀ ਲੀਡਰਸ਼ਿਪ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਮੰਚ ਦਾ ਸੰਚਾਲਨ ਹਰਦੀਪ ਸਿੰਘ ਬਦੇਸ਼ਾਂ ਨੇ ਕੀਤਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਰਾਮਗੜ੍ਹ ਨੇ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਪਹੁੰਚੇ ਵਾਰਡ ਵਾਸੀਆਂ ਦਾ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੱਡੇ ਬਹੁਮਤ ਨਾਲ ਜਿੱਤ ਦਿਵਾ ਕੇ ਸੂਬੇ ਵਿਚ ਲੋਕਾਂ ਦੀ ਆਪਣੀ ਸਰਕਾਰ ਬਣਾਈ ਜਾਵੇ | ਕਿਉਂਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਝੂਠੀਆਂ ਗਾਰੰਟੀਆਂ ਦੇ ਨਾਂਅ 'ਤੇ ਲੋਕਾਂ ਨਾਲ ਧੋਖਾ ਕੀਤਾ ਹੈ | ਰਾਮਗੜ੍ਹ ਨੇ ਕਿਹਾ ਕਿ ਸੂਬਾ ਸਰਕਾਰ ਨੇ ਪੰਜਾਬ ਸਿਰ 4 ਲੱਖ 17 ਹਜ਼ਾਰ ਕਰੋੜ ਦਾ ਕਰਜ਼ਾ ਚਾੜ੍ਹ ਦਿੱਤਾ ਹੈ ਅਤੇ ਪਿਛਲੇ ਦਿਨੀਂ ਪੇਸ਼ ਕੀਤੇ ਬਜਟ ਵਿਚ 52 ਹਜ਼ਾਰ ਕਰੋੜ ਰੁਪਏ ਹੋਰ ਕਰਜ਼ਾ ਲੈਣ ਦੀ ਤਜਵੀਜ਼ ਰੱਖੀ ਗਈ ਹੈ | ਜਿਸ ਨਾਲ ਇਹ ਕਰਜ਼ਾ ਵੱਧ ਕੇ ਕਰੀਬ ਪੌਣੇ ਪੰਜ ਲੱਖ ਕਰੋੜ ਰੁਪਏ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਸਾਰਾ ਪੈਸਾ ਪੰਜਾਬ ਦੇ ਵਿਕਾਸ 'ਤੇ ਨਹੀਂ, ਬਲਕਿ ਆਪਣੀ ਇਸ਼ਤਿਹਾਰਬਾਜ਼ੀ ਤੇ ਖ਼ਰਚ ਕੀਤਾ ਹੈ | ਜੋ ਸੂਬੇ ਦੇ ਲੋਕਾਂ ਨਾਲ ਚਿੱਟੇ ਦਿਨ ਧੋਖਾ ਹੈ | ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਮਨਰੇਗਾ ਬੰਦ ਕਰਕੇ ਅਤੇ ਅਮਰੀਕਾ ਨਾਲ ਖੇਤੀ ਸਮਝੌਤਾ ਕਰਕੇ ਪੰਜਾਬ ਦੇ ਕਿਸਾਨਾਂ, ਗ਼ਰੀਬ ਵਰਗ, ਇਸਤਰੀਆਂ ਅਤੇ ਛੋਟੇ ਵਪਾਰੀਆਂ ਦੇ ਹੱਕਾਂ ਤੇ ਡਾਕਾ ਮਾਰਿਆ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਝਾਂਸੇ ਵਿਚ ਨਾ ਆ ਕੇ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਤਾਂ ਜੋ ਪੰਜਾਬ ਨੂੰ ਮੁੜ ਵਿਕਾਸ ਦੀਆਂ ਲੀਹਾਂ 'ਤੇ ਤੋਰਿਆ ਜਾ ਸਕੇ | ਇਸ ਮੌਕੇ 'ਤੇ ਰਣਜੀਤ ਸਿੰਘ ਤਰਖਾਣ ਮਾਜਾਰਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸਰਹਿੰਦ, ਹਰਦੀਪ ਸਿੰਘ, ਅਸ਼ੋਕ ਗੌਤਮ, ਨਾਜ਼ਰ ਸਿੰਘ, ਸੋਨੀ ਨੱਥੂਰਾਮ ਨੰਬਰਦਾਰ ਅਤੇ ਇਲਾਕੇ ਦੇ ਲੋਕ ਵੱਡੀ ਗਿਣਤੀ ਵਿਚ ਹਾਜ਼ਰ ਸਨ |