20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੋਧੀ ਸਖ਼ਤ ਕਾਨੂੰਨ ਸਮੇਂ ਦੀ ਲੋੜ-ਗਿਆਨੀ ਰਘਬੀਰ ਸਿੰਘ <br/>

ਅਜੀਤ ਡੈਸਕ 02-04-2026
ਸਮਾਣਾ, 1 ਅਪ੍ਰੈਲ (ਸਾਹਿਬ ਸਿੰਘ, ਪ੍ਰੀਤਮ ਸਿੰਘ ਨਾਗੀ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਸਖ਼ਤ ਕਾਨੂੰਨ ਦੀ ਮੰਗ ਕਰਦਿਆਂ ਸਮਾਣਾ ਵਿਚ ਚੱਲ ਰਹੇ ਟਾਵਰ ਮੋਰਚੇ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਵਿਚ ਲਗਾਏ ਧਰਮਯੁੱਧ ਮੋਰਚੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼ਮੂਲੀਅਤ ਕਰਕੇ ਮੋਰਚੇ ਨੂੰ ਸਮਰਥਨ ਦਿੱਤਾ | ਇਸ ਤੋਂ ਪਹਿਲਾਂ ਅਕਾਲੀ ਦਲ ਪੁਨਰ ਸੁਰਜੀਤ ਦੇ ਸ਼ਹਿਰੀ ਪ੍ਰਧਾਨ ਮਨਜਿੰਦਰ ਸਿੰਘ ਰਾਣਾ ਸੇਖੋਂ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਕੁਝ ਵਿਦਵਾਨ ਬੇਅਦਬੀ ਸਬੰਧੀ ਸਖ਼ਤ ਕਾਨੂੰਨ ਦੇ ਸਮਰਥਨ ਵਿਚ ਨਹੀਂ ਹਨ ਪਰ ਜੇਕਰ ਇਸ ਸੰਬੰਧੀ ਸਖ਼ਤ ਕਾਨੂੰਨ ਬਣਦਾ ਹੈ ਤਾਂ ਬੇਅਦਬੀ ਦੀਆਂ ਘਟਨਾਵਾਂ ਰੁਕ ਸਕਦੀਆਂ ਹਨ | ਉਨ੍ਹਾਂ ਨਾਲ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਸਾਬਕਾ ਵਿਧਾਇਕ ਨਿਰਮਲ ਸਿੰਘ ਵੀ ਸਨ | ਸਮਾਣਾ ਪਹੁੰਚਣ 'ਤੇ ਗਿਆਨੀ ਰਘਬੀਰ ਸਿੰਘ ਦਾ ਰਾਣਾ ਸੇਖੋਂ ਤੋਂ ਇਲਾਵਾ ਸਾਬਕਾ ਚੇਅਰਮੈਨ ਅਸ਼ੋਕ ਮੋਦਗਿੱਲ, ਗੁਰਦਿਆਲ ਸਿੰਘ ਰੰਧਾਵਾ, ਪ੍ਰਧਾਨ ਭਾਈ ਰਾਜ ਸਿੰਘ, ਮੁੱਖ ਗ੍ਰੰਥੀ ਬਾਬਾ ਬਲਵਿੰਦਰ ਸਿੰਘ, ਸੁਖਵਿੰਦਰ ਸਿੰਘ ਰਾਜਲਾ, ਬਲਜੀਤ ਸਿੰਘ ਮਿੰਟੂ, ਰਣਬੀਰ ਸਿੰਘ ਜੌੜਾਮਾਜਰਾ, ਗੁਰਦੀਪ ਸਿੰਘ ਗਾਜੇਵਾਸ, ਬਲਦੇਵ ਸਿੰਘ ਰਾਜਲਾ, ਗੁਰਦੀਪ ਸਿੰਘ ਬੰਮਣਾ, ਨਿਤਿਨ ਜੈਨ ਅਤੇ ਰੁਲਦੂ ਰਾਮ ਗਰਗ ਆਦਿ ਨੇ ਨਿੱਘਾ ਸਵਾਗਤ ਕੀਤਾ | ਇਹ ਪੁੱਛੇ ਜਾਣ 'ਤੇ ਕਿ 1 ਜੂਨ 2015 ਨੂੰ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਕੇ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਤੋਂ ਬਾਅਦ ਸੂਬੇ ਵਿਚ 480 ਬੇਅਦਬੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ, ਭਵਿੱਖ ਵਿਚ ਸਖ਼ਤ ਕਾਨੂੰਨ ਇਸ ਵਰਤਾਰੇ ਨੂੰ ਰੋਕ ਸਕੇਗਾ, ਦੇ ਜਵਾਬ ਵਿਚ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਦਾ ਕਾਨੂੰਨ ਨਰਮ ਹੋਣ ਕਾਰਨ ਦੋਸ਼ੀ ਕਾਬੂ ਕੀਤੇ ਜਾਂਦੇ ਹਨ ਅਤੇ ਉਹ ਜਲਦੀ ਜ਼ਮਾਨਤ 'ਤੇ ਬਾਹਰ ਆ ਜਾਂਦੇ ਹਨ | ਉਨ੍ਹਾਂ ਆਖਿਆ ਕਿ ਭਾਈ ਗੁਰਜੀਤ ਸਿੰਘ ਸਖ਼ਤ ਕਾਨੂੰਨ ਦੀ ਮੰਗ ਨੂੰ ਲੈ ਕੇ ਕਰੀਬ 18 ਮਹੀਨਿਆਂ ਤੋਂ ਟਾਵਰ 'ਤੇ ਚੜ੍ਹੇ ਹੋਏ ਹਨ | ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਜ਼ਿੰਮੇਵਾਰੀ ਨੂੰ ਸਮਝੇ ਤਾਂ ਭਾਈ ਗੁਰਜੀਤ ਸਿੰਘ ਵਰਗਿਆਂ ਨੂੰ ਟਾਵਰਾਂ 'ਤੇ ਚੜ੍ਹਨ ਦੀ ਲੋੜ ਨਹੀਂ ਪੈਂਦੀ | 13 ਅਪ੍ਰੈਲ ਦੇ ਵਿਸ਼ੇਸ਼ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਸਵਾਗਤ ਕਰਦਿਆਂ ਗਿਆਨੀ ਰਘਬੀਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿੱਖ ਵਿਦਵਾਨਾਂ ਅਤੇ ਸੰਤਾਂ ਮਹਾਪੁਰਸ਼ਾਂ ਨਾਲ ਇਸ ਸੰਬੰਧੀ ਹੋਈ ਬੈਠਕ ਵਿਚ ਉਹ ਵੀ ਸ਼ਾਮਲ ਸਨ | ਮੁੱਖ ਮੰਤਰੀ ਨੇ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਐਕਟ 2008 ਵਿਚ ਸੋਧ ਕਰਕੇ ਬੇਅਦਬੀ ਸਬੰਧੀ ਸਖ਼ਤ ਕਾਨੂੰਨ ਦੀਆਂ ਮੱਦਾਂ ਸ਼ਾਮਲ ਕਰਨ ਦਾ ਭਰੋਸਾ ਦਿੱਤਾ ਹੈ | ਜੇਕਰ ਪੰਜਾਬ ਵਿਚ ਅਜਿਹਾ ਕਾਨੂੰਨ ਬਣਦਾ ਹੈ ਤਾਂ ਇਹ ਚੰਗੀ ਸ਼ੁਰੂਆਤ ਹੈ ਅਤੇ ਇਹ ਆਸ ਕੀਤੀ ਜਾਣੀ ਚਾਹੀਦੀ ਹੈ ਕਿ ਦੇਸ਼ ਵਿਚ ਵੀ ਅਜਿਹਾ ਕਾਨੂੰਨ ਜਲਦੀ ਹੋਂਦ ਵਿਚ ਆਏਗਾ | ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਵਿਚ ਫੈਲੇ ਕਥਿਤ ਭਿ੍ਸ਼ਟਾਚਾਰ ਨੂੰ ਖ਼ਤਮ ਕਰਨ ਦੀ ਲੋੜ ਹੈ |
ਟਾਵਰ ਮੋਰਚੇ ਨੂੰ ਸੱਦਾ ਪੱਤਰ ਮਿਲਿਆ
ਟਾਵਰ ਮੋਰਚੇ ਦੇ ਸੰਯੋਜਕ ਗੁਰਪ੍ਰੀਤ ਸਿੰਘ ਦੇ ਨਾਂਅ ਪੱਤਰ ਲਿਖ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 6 ਅਪ੍ਰੈਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਸਿੱਖ ਜਥੇਬੰਦੀਆਂ, ਨਿਹੰਗ ਦਲਾਂ, ਦਮਦਮੀ ਟਕਸਾਲ, ਸਿੱਖ ਸੰਸਥਾਵਾਂ, ਸਿੰਘ ਸਭਾਵਾਂ, ਸਿੱਖ ਫੈਡਰੇਸ਼ਨਾਂ ਅਤੇ ਸਮੂਹ ਸਿੱਖ ਸੰਪਰਦਾਵਾਂ ਦੀ ਬੈਠਕ ਲਈ ਟਾਵਰ ਮੋਰਚੇ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ | ਇਹ ਸੱਦਾ ਪੱਤਰ ਸ਼੍ਰੋਮਣੀ ਕਮੇਟੀ ਦੇ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲ ਨੇ ਖ਼ੁਦ ਆ ਕੇ ਦਿੱਤਾ ਹੈ | ਪੱਤਰ 'ਤੇ ਮੋਰਚੇ ਵਲੋਂ ਕੋਈ ਪ੍ਰਤੀਕਰਮ ਨਹੀਂ ਆਇਆ |

ਪਿਛਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਦੀ 4 ਨੂੰ ਹੋ ਰਹੀ ਰੈਲੀ ਨੂੰ ਲੈ ਕੇ ਹਲਕਾ ਵਾਸੀਆਂ 'ਚ ਭਾਰੀ ਉਤਸ਼ਾਹ ਹੈ-ਮੱਖਣ ਸਿੰਘ ਲਾਲਕਾ... ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ 'ਪੰਜਾਬ ਬਚਾਓ ਯਾਤਰਾ ਰੈਲੀ' ਇਤਿਹਾਸਕ ਹੋਵੇਗੀ -ਮਾਂਗੇਵਾਲ, ਖੱਟੜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।