02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਐਡਵੈਂਚਰ ਤੇ ਹਾਈਕਿੰਗ-ਟ੍ਰੈਕਿੰਗ ਕੈਂਪ ਯੁਵਕ ਸੇਵਾਵਾਂ ਵਿਭਾਗ ਦਾ ਨਿੱਗਰ ਉਪਰਾਲਾ

ਅਜੀਤ ਡੈਸਕ 06-03-2026
ਪਟਿਆਲਾ, 5 ਮਾਰਚ (ਗੁਰਵਿੰਦਰ ਸਿੰਘ ਔਲਖ)-ਯੁਵਕ ਸੇਵਾਵਾਂ ਵਿਭਾਗ ਪੰਜਾਬ ਵਲੋਂ ਨੌਜਵਾਨਾਂ 'ਚ ਸਾਹਸ, ਆਤਮਵਿਸ਼ਵਾਸ ਅਤੇ ਪ੍ਰਕਿਰਤੀ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਹਰੀਕੇ ਪੱਤਣ ਵੈਟਲੈਂਡ ਤਰਨ-ਤਾਰਨ ਵਿਖੇ ਲਗਾਏ ਗਏ 5 ਦਿਨਾਂ ਐਡਵੈਂਚਰ ਅਤੇ ਹਾਈਕਿੰਗ-ਟ੍ਰੈਕਿੰਗ ਕੈਂਪ 'ਚ ਹਿੱਸਾ ਲੈ ਕੇ ਵਾਪਸ ਆਈਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੀਆਂ 13 ਐਨ.ਐੱਸ.ਐੱਸ ਵਲੰਟੀਅਰ ਲੜਕੀਆਂ ਨੇ ਆਪਣੇ ਰੌਚਕ ਅਨੁਭਵ ਸਾਂਝੇ ਕੀਤੇ | ਲੜਕੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼ਿਵਾਲਿਕ ਨੀਮ ਪਹਾੜੀ ਖੇਤਰਾਂ 'ਚ ਪਹਿਲੀ ਵਾਰ ਇਸ ਤਰ੍ਹਾਂ ਦੇ ਕੈਂਪ ਲਗਾਏ ਜਾ ਰਹੇ ਹਨ, ਜੋ ਨੌਜਵਾਨਾਂ ਲਈ ਇਕ ਨਿਵੇਕਲਾ ਅਤੇ ਪ੍ਰੇਰਕ ਉਪਰਾਲਾ ਹੈ | ਉਨ੍ਹਾਂ ਕਿਹਾ ਕਿ ਕੈਂਪ ਦੌਰਾਨ ਉਨ੍ਹਾਂ ਨੇ ਨਾ ਸਿਰਫ 75 ਕਿੱਲੋਮੀਟਰ ਦੀ ਟ੍ਰੈਕਿੰਗ ਕੀਤੀ, ਸਗੋਂ ਪੰਜਾਬ ਦੇ ਪਹਾੜੀ ਇਲਾਕਿਆਂ ਦੀ ਬਨਸਪਤੀ, ਵਾਤਾਵਰਨ ਅਤੇ ਭੂਗੋਲਿਕ ਵਿਸ਼ੇਸ਼ਤਾਵਾਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ | ਇਕਾਂਤ ਪ੍ਰਕਿਰਤਿਕ ਮਾਹੌਲ 'ਚ ਪੰਛੀਆਂ ਦੀ ਮਨਮੋਹਕ ਚਹਚਹਾਟ ਦੇ ਦਰਮਿਆਨ ਟ੍ਰੈਕਿੰਗ ਕਰਨਾ ਉਨ੍ਹਾਂ ਲਈ ਯਾਦਗਾਰ ਤਜਰਬਾ ਸਾਬਤ ਹੋਇਆ | ਉਨ੍ਹਾਂ ਦੱਸਿਆ ਕਿ ਵਰਲਡ ਵਾਚ ਸੈਂਟਰ ਵਿਖੇ ਵੱਖ-ਵੱਖ ਐਡਵੈਂਚਰ ਗਤੀਵਿਧੀਆਂ 'ਚ ਭਾਗ ਲੈਂਦੇ ਹੋਏ ਉਨ੍ਹਾਂ ਨੇ ਸਰੀਰਕ ਸਮਰੱਥਾ ਦੇ ਨਾਲ-ਨਾਲ ਟੀਮ ਵਰਕ ਅਤੇ ਅਨੁਸ਼ਾਸਨ ਦੀ ਮਹੱਤਤਾ ਨੂੰ ਵੀ ਮਹਿਸੂਸ ਕੀਤਾ | ਕੈਂਪ ਇੰਚਾਰਜ ਪਿ੍ਯੰਕਾ ਦੀ ਪ੍ਰੇਰਣਾ ਸਦਕਾ ਕਿੱਟ ਲੇਆਉਟ, ਖੇਡਾਂ, ਸਭਿਆਚਾਰਕ ਪ੍ਰੋਗਰਾਮਾਂ ਅਤੇ ਸਮਾਂ-ਸਾਰਣੀ ਅਨੁਸਾਰ ਹੋਈਆਂ ਗਤੀਵਿਧੀਆਂ 'ਚ ਉਤਸ਼ਾਹ ਨਾਲ ਹਿੱਸਾ ਲਿਆ ਗਿਆ |
ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਵਿਸ਼ੇਸ਼ ਸਕੱਤਰ ਸਰਬਜੀਤ ਸਿੰਘ, ਆਈ.ਏ.ਐੱਸ. ਦੇ ਦਿਸ਼ਾ-ਨਿਰਦੇਸ਼ਾਂ ਹੇਠ ਡਾਇਰੈਕਟਰ ਹਰਪ੍ਰੀਤ ਸਿੰਘ ਸੂਦਨ ਦੀ ਅਗਵਾਈ 'ਚ ਇਹ ਕੈਂਪ ਕਰਵਾਇਆ ਗਿਆ | ਸਮਾਪਤੀ ਸਮਾਰੋਹ ਦੌਰਾਨ ਡਿਪਟੀ ਡਾਇਰੈਕਟਰ ਕੁਲਵਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਕੈਂਪਾਂ ਦਾ ਮਕਸਦ ਨੌਜਵਾਨਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਮਜ਼ਬੂਤ ਬਣਾਉਣਾ ਅਤੇ ਉਨ੍ਹਾਂ 'ਚ ਨਿਡਰਤਾ ਤੇ ਸਾਹਸ ਦੀ ਭਾਵਨਾ ਪੈਦਾ ਕਰਨਾ ਹੈ | ਕੈਂਪ 'ਚ ਸਵਰਨ ਕੌਰ, ਪ੍ਰੋਗਰਾਮ ਅਫ਼ਸਰ ਐਨ.ਐੱਸ.ਐੱਸ., ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਨੇ ਕੈਂਪ ਇੰਚਾਰਜ ਵਜੋਂ ਡਿਊਟੀ ਨਿਭਾਈ | ਕੈਂਪ 'ਚ ਭਾਗ ਲੈਣ ਵਾਲੀਆਂ ਵਲੰਟੀਅਰ ਲੜਕੀਆਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਨ.ਐੱਸ.ਐੱਸ ਵਿਭਾਗ ਦੇ ਕੋਆਰਡੀਨੇਟਰ ਡਾ. ਅਨਹਦ ਗਿੱਲ ਅਤੇ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੀ ਪਿ੍ੰਸੀਪਲ ਡਾ. ਨਿਸ਼ਠਾ ਤਿ੍ਪਾਠੀ ਸਮੇਤ ਸਮੂਹ ਸਟਾਫ਼ ਵਲੋਂ ਵਧਾਈ ਦਿੱਤੀ ਗਈ | ਨੌਜਵਾਨ ਲੜਕੀਆਂ ਨੇ ਇਸ ਉਪਰਾਲੇ ਲਈ ਪੰਜਾਬ ਸਰਕਾਰ ਅਤੇ ਯੁਵਕ ਸੇਵਾਵਾਂ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਨੌਜਵਾਨਾਂ ਦੀ ਸ਼ਖ਼ਸੀਅਤ ਨਿਰਮਾਣ 'ਚ ਮੀਲ ਪੱਥਰ ਸਾਬਤ ਹੋਣਗੇ |
ਪਿਛਲੀ ਖ਼ਬਰ ਦੀਪ ਇੰਗਲਿਸ਼ ਮਾਡਲ ਹਾਈ ਸਕੂਲ 'ਚ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਲਈ ਵਿਸ਼ੇਸ਼ ਉਪਰਾਲੇ ਅਗਲੀ ਖ਼ਬਰ ਅਧਿਆਪਕਾਂ ਨੇ ਫੂਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਰਥੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।