23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਪੰਜਾਬੀ ਯੂਨੀਵਰਸਿਟੀ ਵਿਖੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਆਰੰਭ

ਅਜੀਤ ਡੈਸਕ 18-02-2026
ਪਟਿਆਲਾ, 17 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਵਿਖੇ ਸਥਾਪਿਤ ਗੁਰੂ ਰਵਿਦਾਸ ਚੇਅਰ ਵਲੋਂ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਦੋ ਦਿਨਾਂ ਰਾਸ਼ਟਰੀ ਸੈਮੀਨਾਰ ਆਰੰਭ ਹੋ ਗਿਆ ਹੈ | ਜਿਸ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਗੁਰੂ ਰਵਿਦਾਸ ਜੀ ਦੀ ਬਾਣੀ ਅਤੇ ਫ਼ਲਸਫ਼ੇ ਦੀ ਮੌਜੂਦਾ ਦੌਰ 'ਚ ਪ੍ਰਸੰਗਿਕਤਾ 'ਤੇ ਜੋਰ ਦਿੱਤਾ | ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ 'ਬੇਗਮਪੁਰਾ' ਦੇ ਸੰਕਲਪ ਰਾਹੀਂ ਇਕ ਅਜਿਹੇ ਸਮਾਜ ਦੀ ਸਿਰਜਣਾ ਦਾ ਸੁਪਨਾ ਲਿਆ ਸੀ, ਜਿੱਥੇ ਕੋਈ ਦੁੱਖ, ਭੇਦਭਾਵ ਜਾਂ ਬੇਇਨਸਾਫ਼ੀ ਨਾ ਹੋਵੇ | ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ ਦਾ ਫ਼ਰਜ਼ ਹੈ ਕਿ ਉਹ ਅਜਿਹੇ ਸੈਮੀਨਾਰਾਂ ਰਾਹੀਂ ਮਨੁੱਖੀ ਬਰਾਬਰੀ ਅਤੇ ਭਾਈਚਾਰਕ ਸਾਂਝ ਦੇ ਸੰਦੇਸ਼ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ | ਡਾ. ਜਸਪਾਲ ਕੌਰ ਕਾਂਗ, ਪ੍ਰੋਫੈਸਰ ਆਫ ਐਮੀਨੈਂਸ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ ਉਦਘਾਟਨੀ ਭਾਸ਼ਣ ਵਿਚ ਭਗਤ ਰਵਿਦਾਸ ਜੀ ਦੀ ਬਾਣੀ ਨਾਲ ਸਬੰਧਿਤ ਅਧਿਐਨ ਨੂੰ ਜ਼ਰੂਰੀ ਦੱਸਿਆ ਤਾਂ ਕਿ ਸਮਾਜ ਵਿਚ ਜਾਤ ਅਤੇ ਵਰਣ ਦੇ ਅਧਾਰ 'ਤੇ ਕੀਤੇ ਜਾਂਦੇ ਵਖਰੇਵਿਆਂ ਨੂੰ ਖ਼ਤਮ ਕੀਤਾ ਜਾ ਸਕੇ | ਡਾ. ਗੁਰਪਾਲ ਸਿੰਘ ਸੰਧੂ, ਅਕਾਦਮਿਕ ਮੁਖੀ, ਗੁਰੂ ਨਾਨਕ ਸਿੱਖ ਅਧਿਐਨ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਆਪਣੇ ਮੁੱਖ-ਸੁਰ ਭਾਸ਼ਣ 'ਚ ਭਗਤੀ ਲਹਿਰ ਨੂੰ ਪੰਜਾਬ ਦੀ ਗਿਆਨ ਰਵਾਇਤ ਨਾਲ਼ ਜੋੜਦੇ ਹੋਏ ਪੰਜਾਬ ਨੂੰ ਭਗਤੀ ਲਹਿਰ ਦੇ ਪ੍ਰਮੁੱਖ ਸਥਾਨ ਵਜੋਂ ਨਿਰਧਾਰਿਤ ਕਰਨ ਦੀ ਕੋਸ਼ਿਸ਼ ਕੀਤੀ | ਉਨ੍ਹਾਂ ਕਿਹਾ ਕਿ ਭਗਤੀ ਲਹਿਰ ਨੇ ਜਾਤੀ ਦੇ ਸੰਕਲਪ ਨੂੰ ਤੋੜਦੇ ਹੋਏ ਗਿਆਨ ਗ੍ਰੰਥਾਂ 'ਚ ਸਥਾਪਿਤ ਵਰਣ ਨੂੰ ਪੁਨਰ ਪ੍ਰਭਾਸ਼ਿਤ ਕਰਨ ਦੀ ਕੋਸ਼ਿਸ਼ ਕੀਤੀ | ਡਾ. ਗੁਰਮੀਤ ਸਿੰਘ ਸਿੱਧੂ, ਪ੍ਰੋਫੈਸਰ ਇੰਚਾਰਜ, ਗੁਰੂ ਗੋਬਿੰਦ ਸਿੰਘ ਚੇਅਰ, ਨੇ ਸੈਮੀਨਾਰ ਦੇ ਵਿਸ਼ੇ ਦੀ ਜਾਣ ਪਹਿਚਾਣ ਕਰਵਾਉਂਦਿਆਂ ਕਿਹਾ ਕਿ ਇਹ ਸੈਮੀਨਾਰ ਉਨ੍ਹਾਂ ਦੀ ਬਾਣੀ ਦੀ ਅਧਿਆਤਮਿਕਤਾ ਨੂੰ ਆਪਣੇ ਅਧਿਐਨ ਦਾ ਪ੍ਰਮੁੱਖ ਵਿਸ਼ਾ ਬਣਾਉਂਦਾ ਹੋਇਆ ਉਨ੍ਹਾਂ ਦੀ ਬਾਣੀ ਦੇ ਪ੍ਰਮੁੱਖ ਵਿਸ਼ੇ ਜਿਵੇਂ ਸਮਾਜਿਕ ਬਰਾਬਰੀ ਅਤੇ ਸੁਤੰਤਰਤਾ ਆਦਿ ਵਿਸ਼ਿਆਂ ਨੂੰ ਪਹਿਲ ਦੇ ਆਧਾਰ 'ਤੇ ਵਿਚਾਰਨ ਦੀ ਕੋਸ਼ਿਸ਼ ਕਰੇਗਾ | ਡਾ. ਤੇਜਿੰਦਰ ਕੌਰ ਧਾਲੀਵਾਲ, ਇੰਚਾਰਜ, ਗੁਰੂ ਰਵਿਦਾਸ ਚੇਅਰ ਅਤੇ ਮੁਖੀ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ, ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਡਾ. ਜਸਵਿੰਦਰ ਸਿੰਘ, ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਨੇ ਧੰਨਵਾਦ ਕੀਤਾ | ਇਸ ਸੈਸ਼ਨ ਦੌਰਾਨ ਮੰਚ ਸੰਚਾਲਨ ਡਾ. ਗੁਰਮੇਲ ਸਿੰਘ ਨੇ ਕੀਤਾ | ਇਸ ਸੈਮੀਨਾਰ 'ਚ ਦੋ ਅਕਾਦਮਿਕ ਸੈਸ਼ਨ ਹੋਏ, ਜਿਨ੍ਹਾਂ ਦੀ ਪ੍ਰਧਾਨਗੀ ਡਾ. ਜਗਜੀਵਨ ਸਿੰਘ ਅਤੇ ਡਾ. ਗੁਰਮੀਤ ਸਿੰਘ ਸਿੱਧੂ ਵਲੋਂ ਕੀਤੀ ਗਈ |
ਪਿਛਲੀ ਖ਼ਬਰ ਪੰਜਾਬ ਕਾਲਜ ਆਫ ਐਜੂਕੇਸ਼ਨ ਵਿਖੇ 7 ਦਿਨਾਂ ਐਨ.ਐੱਸ.ਐੱਸ. ਕੈਂਪ ਆਰੰਭ ਅਗਲੀ ਖ਼ਬਰ -ਮਾਮਲਾ ਪਿੰਡ ਬਠੋਈ ਖ਼ੁਰਦ ਦੀ ਪੰਚਾਇਤੀ ਜ਼ਮੀਨ ਦਾ- ਬੀ.ਡੀ.ਪੀ.ਓ. ਟਿਵਾਣਾ ਤੇ ਪੰਚਾਇਤ ਸਕੱਤਰ ਅਸ਼ੋਕ ਕੁਮਾਰ ਮੁਅੱਤਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।