ਸੀ.ਬੀ.ਐਸ.ਈ. ਵਲੋਂ 10ਵੀਂ ਤੇ 12ਵੀਂ ਦੀ ਪ੍ਰੀਖਿਆ ਸ਼ੁਰੂ
ਅਜੀਤ ਡੈਸਕ
18-02-2026
ਇਸ ਵਾਰੀ ਪ੍ਰੀਖਿਆ ਦੇ ਰਹੇ 10ਵੀਂ ਦੇ ਵਿਦਿਆਰਥੀਆਂ ਲਈ ਸੀਬੀਐਸਈ ਵਲੋਂ ਪਹਿਲੀ ਬੋਰਡ ਪ੍ਰੀਖਿਆ ਹੋਣ ਕਾਰਨ ਹਾਜਰ ਰਹਿਣਾ ਜ਼ਰੂਰੀ ਕੀਤਾ ਗਿਆ ਹੈ ਅਤੇ ਇਹ ਵੀ ਸਾਫ਼ ਕੀਤਾ ਹੈ ਕਿ ਜੇਕਰ ਵਿਦਿਆਰਥੀ ਪ੍ਰੀਖਿਆ ਦੇ ਪਹਿਲੇ ਚਰਣ ਵਿਚ ਤਿੰਨ ਵਿਸ਼ਿਆਂ ਵਿਚ ਹਾਜਰ ਨਾ ਹੋਏ ਤਾਂ ਉਹ ਅਗਲੇ ਸਾਲ ਫਰਵਰੀ ਵਿਚ ਹੋਣ ਵਾਲੀ ਹੀ ਪ੍ਰੀਖਿਆ ਵਿਚ ਬੈਠ ਸਕਣਗੇ | ਸੀਬੀਐਸਈ ਵਲੋਂ ਇਸ ਸਾਲ 10ਵੀਂ ਦੇ ਲਈ ਦੋ ਬੋਰਡ ਪ੍ਰੀਖਿਆਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ | ਜੇਕਰ ਕਿਸੇ ਕਾਰਨ 10ਵੀਂ ਦੇ ਵਿਦਿਆਰਥੀ ਪਹਿਲੀ ਵਾਰ ਪ੍ਰੀਖਿਆ ਵਿਚ ਸ਼ਾਮਲ ਨਹੀਂ ਹੋ ਸਕਿਆ ਤਾਂ ਉਸ ਨੂੰ ਦੂਜੀ ਬੋਰਡ ਦੀ ਪ੍ਰੀਖਿਆ ਵਿਚ ਬੈਠਣ ਦੀ ਆਗਿਆ ਦਿੱਤੀ ਜਾਵੇਗੀ | ਸੀਬੀਐਸਈ ਵਲੋਂ ਇਸ ਸਾਲ ਦੋ ਬੋਰਡ ਪ੍ਰੀਖਿਆ ਨੀਤੀ 'ਤੇ ਆਪਣੀ ਸਥਿਤੀ ਸਪਸ਼ਟ ਕੀਤੀ ਗਈ ਹੈ | ਸੀਬੀਐਸਈ ਵਲੋਂ ਇਸ ਵਾਰੀ ਕਿਸੇ ਪ੍ਰਕਾਰ ਦੀ ਬਿਮਾਰੀ ਨਾਲ ਜੂਝਣ ਵਾਲੇ ਵਿਦਿਆਰਥੀਆਂ ਨੂੰ ਕੁਝ ਛੂਟ ਵੀ ਦਿੱਤੀ ਗਈ ਹੈ ਜਿਸ ਦੇ ਤਹਿਤ ਪ੍ਰੀਖਿਆ ਹਾਲ ਵਿਚ ਪਾਣੀ ਦੇ ਨਾਲ ਨਾਲ ਫਲ ਫਰੂਟ, ਦਵਾਈ, ਚੌਕਲੇਟ ਬਗੈਰਾ ਲੈ ਕੇ ਜਾ ਸਕਦੇ ਹਨ | ਇਸ ਤੋਂ ਇਲਾਵਾ ਕਿਸੇ ਪ੍ਰਕਾਰ ਦੀ ਡਾਈਟ ਵਾਲੇ ਭੋਜਨ ਦੀ ਵੀ ਛੂਟ ਵੀ ਦਿੱਤੀ ਗਈ ਹੈ | ਇਸ ਸਾਲ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਵਿਚ ਪਟਿਆਲਾ ਦੇ 31 ਪ੍ਰੀਖਿਆ ਕੇਂਦਰਾਂ ਵਿਚ ਲਗਪਗ 13 ਹਜਾਰ ਦੇ ਕਰੀਬ ਵਿਦਿਆਰਥੀਆਂ ਨੇ ਆਪਣਾ ਪਹਿਲਾ ਪੇਪਰ ਦਿੱਤਾ | ਅੱਜ 10ਵੀਂ ਦੇ ਵਿਦਿਆਰਥੀਆਂ ਵਲੋਂ ਗਣਿਤ ਅਤੇ 12ਵੀਂ ਦੇ ਵਿਦਿਆਰਥੀਆਂ ਵਲੋਂ ਬਾਓਟੈਕਨਾਲੋਜੀ ਅਤੇ ਸ਼ਾਰਟਹੈਂਡ ਦੀ ਪ੍ਰੀਖਿਆ ਦਿੱਤੀ ਗਈ | ਪ੍ਰੀਖਿਆ ਉਪਰੰਤ 10ਵੀਂ ਦੇ ਵਿਦਿਆਰਥੀਆਂ ਵਲੋਂ ਗਣਿਤ ਦਾ ਪੇਪਰ ਹੋਣ ਉੱਤੇ ਸੁਖ ਦਾ ਸਾਹ ਲਿਆ ਅਤੇ ਪ੍ਰੀਖਿਆ ਕੇਂਦਰਾਂ ਵਿਚੋਂ ਨਿਕਲਦੇ ਸਾਰ ਹੀ ਅਗਲੀ ਪ੍ਰੀਖਿਆ ਦੀ ਤਿਆਰੀ ਕਰਨ ਲਈ ਘਰਾਂ ਨੂੰ ਜਾਣ ਲਈ ਕਾਹਲ ਕਰਦੇ ਨਜ਼ਰ ਆਏ |