ਰਾਜਪੁਰਾ, 29 ਜਨਵਰੀ (ਜੀ.ਪੀ. ਸਿੰਘ)-ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨੂੰ ਉਸ ਵੇਲੇ ਰਾਜਪੁਰਾ ਤਹਿਸੀਲ ਅਧੀਨ ਪੈਂਦੇ ਪਿੰਡ ਪਹਿਰ 'ਚ ਭਾਰੀ ਮਜ਼ਬੂਤੀ ਮਿਲੀ ਜਦੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਜ਼ਿਲ੍ਹਾ ਪਟਿਆਲਾ ਦੇ ਸਾਬਕਾ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਮਰਹੂਮ ਕੈਪਟਨ ਕੰਵਲਜੀਤ ਸਿੰਘ ਦੇ ਨਜ਼ਦੀਕੀ ਰਹੇ ਸਾਥੀ ਨਿਸ਼ਾਨ ਸਿੰਘ ਸਿੱਧੂ ਪਹਿਰ ਨੇ ਸੈਂਕੜੇ ਸਾਥੀਆਂ ਸਮੇਤ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਦੀਆਂ ਲੋਕਹਿਤ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਅਲਵਿਦਾ ਕਹਿ ਕੇ ਪਾਰਟੀ ਦੇ ਮੁੱਖ ਸੇਵਾਦਾਰ ਮੈਂਬਰ ਪਾਰਲੀਮੈਂਟ ਭਾਈ ਅੰਮਿ੍ਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਦੀ ਹਾਜ਼ਰੀ 'ਚ ਅਕਾਲੀ ਦਲ ਵਾਰਸ ਪੰਜਾਬ ਪਾਰਟੀ 'ਚ ਸੈਂਕੜੇ ਸਾਥੀਆਂ ਸਮੇਤ ਸ਼ਾਮਿਲ ਹੋ ਗਏ | ਇਸ ਤੋਂ ਪਹਿਲਾਂ ਬਾਪੂ ਤਰਸੇਮ ਸਿੰਘ ਹਲਕਾ ਘਨੌਰ 'ਚ ਪੈਂਦੇ ਪਿੰਡ ਪਹਿਰ 'ਚ ਨਿਸ਼ਾਨ ਸਿੰਘ ਸਿੱਧੂ ਦੇ ਘਰ ਪਹੁੰਚੇ | ਜਿੱਥੇ ਵੱਡੀ ਗਿਣਤੀ 'ਚ ਉਨ੍ਹਾਂ ਦਾ ਸਵਾਗਤ ਕੀਤਾ | ਇਸ ਦੌਰਾਨ ਬਾਪੂ ਤਰਸੇਮ ਸਿੰਘ ਨੇ ਨਿਸ਼ਾਨ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸਿਰੋਪਾਉ ਪਾ ਕੇ ਪਾਰਟੀ 'ਚ ਸ਼ਾਮਿਲ ਕੀਤਾ | ਇਸ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਪੰਜਾਬ ਦਾ ਹਰ ਵਰਗ ਰਵਾਇਤੀ ਸਿਆਸੀ ਪਾਰਟੀਆਂ ਮੌਜੂਦਾ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਦੀਆਂ ਲੋਕ-ਮਾਰੂ ਨੀਤੀਆਂ ਤੋਂ ਬਹੁਤ ਦੁਖੀ ਹੈ ਅਤੇ 2027 'ਚ ਹੋਣ ਵਾਲੀਆਂ ਆਗਾਮੀ ਵਿਧਾਨ ਸਭਾ ਚੋਣਾਂ 'ਚ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਚੜ੍ਹਦੀ ਕਲਾ ਅਤੇ ਉਜਲੇ ਭਵਿੱਖ ਲਈ ਪੰਜਾਬ ਦੀ ਵਾਗ ਡੋਰ ਭਾਈ ਅੰਮਿ੍ਤ ਪਾਲ ਸਿੰਘ ਨੂੰ ਸੌਂਪਣ ਲਈ ਉਤਾਵਲੇ ਹਨ | ਉਨ੍ਹਾਂ ਕਿਹਾ ਕਿ ਪੰਜਾਬ 'ਚ ਅੱਜ ਅਮਨ ਕਾਨੂੰਨ ਨਾਮ ਦੀ ਕੋਈ ਚੀਜ਼ ਦਿਖਾਈ ਨਹੀਂ ਦੇ ਰਹੀ | ਦਿਨ ਦਿਹਾੜੇ ਹੋ ਰਹੇ ਕਤਲ ਅਤੇ ਫਿਰੌਤੀਆਂ ਮੰਗਣ ਦੇ ਰੁਝਾਨ ਕਾਰਨ ਪੰਜਾਬ ਵਾਸੀ ਦਹਿਸ਼ਤ ਦੇ ਮਾਹੌਲ 'ਚ ਆਪਣਾ ਜੀਵਨ ਬਤੀਤ ਕਰ ਰਹੇ ਹਨ | ਇਸ ਮੌਕੇ ਪਰਮਜੀਤ ਸਿੰਘ ਜੌਹਲ, ਬਰਜਿੰਦਰ ਸਿੰਘ ਹੁਸੈਨਪੁਰ ਜਥੇਦਾਰ ਗੁਰਮਿੰਦਰ ਸਿੰਘ ਚਾਵਲਾ, ਜਸਵਿੰਦਰ ਸਿੰਘ ਡਰੋਲੀ ਨੇ ਵੀ ਸੰਬੋਧਨ ਕੀਤਾ | ਨਿਸ਼ਾਨ ਸਿੰਘ ਸਿੱਧੂ ਨੇ ਪਾਰਟੀ ਹਾਈ ਕਮਾਂਡ ਨੂੰ ਭਰੋਸਾ ਦਵਾਇਆ ਕਿ ਪਾਰਟੀ ਵਲੋਂ ਜੋ ਵੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਜਾਵੇਗੀ ਉਹ ਪੂਰੀ ਤਨਦੇਹੀ ਨਾਲ ਉਸ ਨੂੰ ਨਿਭਾਉਣ ਦਾ ਯਤਨ ਕਰਨਗੇ | ਇਸ ਮੌਕੇ ਸਰਬਜੀਤ ਸਿੰਘ ਘੜਾਮ, ਜੈ ਸਿੰਘ ਘੜਾਮ, ਜਸਵਿੰਦਰ ਸਿੰਘ ਸਾਬਕਾ ਸਰਪੰਚ ਭੇੜਵਾਲ, ਗਗਨਦੀਪ ਸਿੰਘ ਅਮੀਰਪੁਰ, ਗੁਲਜ਼ਾਰ ਸਿੰਘ, ਗੁਰਮੀਤ ਸਿੰਘ ਘੜਾਮਾ, ਗੁਰਸੇਵਕ ਸਿੰਘ ਸੈਬੀ, ਰਾਣਾ ਰਾਜਗੜ੍ਹ, ਪ੍ਰੀਤਮ ਸਿੰਘ ਆਕੜੀ, ਵਜੀਰ ਸਿੰਘ ਆਕੜੀ, ਬੂਟਾ ਸਿੰਘ ਜਨਸੂਈ, ਬਲਜਿੰਦਰ ਸਿੰਘ ਸੰਧੂ, ਬਾਬਾ ਕੁਲਦੀਪ ਸਿੰਘ, ਬਾਬਾ ਨਿੰਦਰ ਸਿੰਘ, ਕੁਲਰਾਜ ਸਿੰਘ ਚੀਮਾ, ਮੁਖ਼ਤਿਆਰ ਸਿੰਘ ਪਹਿਰ ਕਲਾਂ, ਕੀਤ ਸਿੰਘ ਔਜਲਾ, ਪਰਮਜੀਤ ਸਿੰਘ ਬਾਠ, ਕਰਨਵੀਰ ਸਿੰਘ ਚੀਮਾ, ਸਤਵਿੰਦਰ ਸਿੰਘ ਚੌਹਾਨ, ਜਸਪਾਲ ਸਿੰਘ ਆਲਮਪੁਰ, ਵਿਰਸਾ ਸਿੰਘ, ਜਤਿੰਦਰ ਸਿੰਘ ਸਿੱਧੂ ਸਮੇਤ ਵੱਡੀ ਗਿਣਤੀ ਵਿਚ ਵੱਖ-ਵੱਖ ਪਿੰਡਾਂ ਦੇ ਲੋਕ ਹਾਜ਼ਰ ਸਨ |