ਪਟਿਆਲਾ, 29 ਜਨਵਰੀ (ਧਰਮਿੰਦਰ ਸਿੰਘ ਸਿੱਧੂ)-ਸੀਨੀਅਰ ਸੈਕੰਡਰੀ ਮਾਡਲ ਸਕੂਲ, ਪੰਜਾਬੀ ਯੂਨੀਵਰਸਿਟੀ ਦਾ ਬੀਤੇ ਦਿਨ 48ਵੀਂ ਸਲਾਨਾ ਸਪੋਰਟਸ ਮੀਟ ਅਤੇ ਅਕਾਦਮਿਕ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਸਮਾਪਤੀ ਸਮਾਰੋਹ 'ਚ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਗਦੀਪ ਸਿੰਘ, ਵਿੱਤ ਅਫ਼ਸਰ ਡਾ. ਬੀ.ਬੀ. ਸਿੰਗਲਾ ਅਤੇ ਮੁਖੀ ਐਜੂਕੇਸ਼ਨ ਵਿਭਾਗ ਡਾ. ਜਗਦੀਪ ਕੌਰ ਸ਼ਾਮਿਲ ਹੋਏ | ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਜੇਤੂ ਖਿਡਾਰੀਆਂ ਅਤੇ ਮੈਰਿਟ 'ਚ ਆਏ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਵਿਦਿਆਰਥੀਆਂ ਦਾ ਹੌਸਲਾ ਵਧਾਇਆ | ਉਨ੍ਹਾਂ ਨੇ ਸਕੂਲ ਦੇ ਸਟਾਫ਼ ਅਤੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ | ਉਨ੍ਹਾਂ ਵਲੋਂ ਸਾਰਾ ਸਕੂਲ ਦੌਰਾ ਕਰਕੇ ਵੇਖਿਆ ਅਤੇ ਸਕੂਲ 'ਚ ਜੇਤੂ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਵੇਖ ਕੇ ਇੰਚਾਰਜ ਸਕੂਲ ਅਤੇ ਸਟਾਫ਼ ਪ੍ਰਤੀ ਮਾਣ ਮਹਿਸੂਸ ਕੀਤਾ | ਵਾਈਸ ਚਾਂਸਲਰ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੀਆ ਗਤੀਵਿਧੀਆਂ 'ਚ ਵੀ ਵਧ-ਚੜ ਦੇ ਹਿੱਸਾ ਲੈਣ ਲਈ ਸੁਨੇਹਾ ਦਿੱਤਾ | ਇਸ ਮੌਕੇ ਉਪ ਕੁਲਪਤੀ ਨੇ ਸਕੂਲ ਵਲੋਂ ਤਿਆਰ ਕੀਤਾ ਸਕੂਲ ਕਲੰਡਰ ਜਾਰੀ ਕੀਤਾ | ਸਮਾਗਮ ਦੀ ਸ਼ੁਰੂਆਤ ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ ਅਤੇ ਡੀਨ ਕਾਲਜ ਵਿਕਾਸ ਕੌਂਸਲ ਡਾ. ਬਲਰਾਜ ਸਿੰਘ ਸੈਣੀ ਨੇ ਕੀਤੀ | ਇਸ ਤੋਂ ਇਲਾਵਾ ਡਾਇਰੈਕਟਰ ਐਮ.ਐਮ.ਟੀ.ਟੀ.ਸੀ. ਡਾ. ਰਮਨ ਮੈਣੀ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਗੀਨਾ ਮੈਣੀ ਨੇ ਵੀ ਸ਼ਿਰਕਤ ਕੀਤੀ | ਸਾਰਾ ਦਿਨ ਟਰੈਕ ਅਤੇ ਫ਼ੀਲਡ ਈਵੈਂਟਸ ਕਰਵਾਏ ਗਏ, ਜਿਸ 'ਚ ਵੱਖ-ਵੱਖ ਵਿਦਿਆਰਥੀਆਂ ਨੇ ਭਾਗ ਲਿਆ | ਸਕੂਲ ਇੰਚਾਰਜ ਸਤਵੀਰ ਸਿੰਘ ਗਿੱਲ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ | ਸਮਾਰੋਹ 'ਚ ਹਾਜ਼ਰੀਨ ਮੁੱਖ ਮਹਿਮਾਨਾਂ ਨੇ ਫਲੈਗ ਹੋਸਟਿੰਗ ਕੀਤੀ | ਇਸ ਉਪਰੰਤ ਖਿਡਾਰੀ ਦੁਆਰਾ ਸਹੁੰ ਚੁੱਕਣ ਦੀ ਰਸਮ ਵੀ ਕੀਤੀ ਅਤੇ ਡੀਨ ਅਕਾਦਮਿਕ ਮਾਮਲੇ ਨੇ ਇਹ ਸਮਾਰੋਹ ਸ਼ੁਰੂ ਕੀਤੇ ਜਾਣ ਦਾ ਐਲਾਨ ਕੀਤਾ | ਰੰਗ-ਬਰੰਗੀਆਂ ਵਰਦੀਆਂ 'ਚ ਸਜੇ ਵਿਦਿਆਰਥੀਆਂ ਨੇ ਰਵਾਇਤੀ ਮਾਰਚ ਪਾਸਟ 'ਚ ਹਿੱਸਾ ਲਿਆ | ਇਸ ਤੋਂ ਬਾਅਦ ਪੀ.ਟੀ. ਦੀ ਯਾਦਗਾਰੀ ਪੇਸ਼ਕਾਰੀ ਕੀਤੀ ਗਈ | ਇਸ ਮੌਕੇ ਪੀ.ਟੀ.ਏ. ਪ੍ਰਧਾਨ ਕਸ਼ਮੀਰ ਸਿੰਘ ਅਤੇ ਸਕੂਲ ਦਾ ਸਾਰਾ ਸਟਾਫ਼ ਮੌਜੂਦ ਸੀ | ਸਪੋਰਟਸ ਮੀਟ ਦੇ ਇੰਚਾਰਜ ਹਰਪ੍ਰੀਤ ਸਿੰਘ, ਗੁਰਨਾਮ ਕੌਰ ਅਤੇ ਸਾਰੇ ਸਟਾਫ਼ ਦੀ ਮਿਹਨਤ ਸਦਕੇ ਕਾਮਯਾਬ ਹੋਈ |