ਰਾਜਪੁਰਾ 29 ਜਨਵਰੀ (ਰਣਜੀਤ ਸਿੰਘ)-ਰਾਜਪੁਰਾ-ਅੰਬਾਲਾ ਹਾਈਵੇਅ 'ਤੇ ਫੋਕਲ ਪੁਆਇੰਟ ਦੇ ਸਾਹਮਣੇ ਵਾਲੇ ਮੋੜ 'ਤੇ ਡੂੰਘੇ ਟੋਏ ਜਿੱਥੇ ਪ੍ਰਸ਼ਾਸਨ ਦੀ ਕੁੰਭਕਰਨੀ ਨੀਂਦ 'ਤੇ ਮੋਹਰ ਲਾਉਂਦੇ ਹਨ ਉੱਥੇ ਹੀ ਇਹ ਟੋਏ ਰਾਹਗੀਰਾਂ ਲਈ ਮੌਤ ਦਾ ਜਾਲ ਸਾਬਤ ਹੋ ਰਹੇ ਹਨ | ਟੋਲ ਰੋਡ ਹੋਣ ਦੇ ਬਾਵਜੂਦ ਵੀ ਸੜਕ ਦਾ ਅਤੀ ਮਾੜਾ ਹਾਲ ਹੈ | ਜਦੋਂ ਲੋਕੀ ਟੋਲ ਭਰਦੇ ਹਨ ਤਾਂ ਉਹ ਸਾਫ਼-ਸੁਥਰੀਆਂ ਸੜਕਾਂ ਦੇ ਵੀ ਹੱਕਦਾਰ ਹਨ | ਇਨ੍ਹਾਂ ਟੋਇਆਂ ਕਾਰਨ ਜਿੱਥੇ ਰਾਹਗੀਰਾਂ ਦਾ ਸਮਾਂ ਖ਼ਰਾਬ ਹੁੰਦਾ ਹੈ ਉੱਥੇ ਹੀ ਵਹੀਕਲਾਂ ਦੀ ਟੁੱਟ ਭੱਜ ਕਾਰਨ ਆਰਥਿਕ ਤੌਰ 'ਤੇ ਮੋਟਾ ਚੂਨਾ ਲੱਗਦਾ ਹੈ | ਇਸ ਸੜਕ 'ਤੇ ਬਾਰਸ਼ ਦੇ ਦਿਨਾਂ 'ਚ ਹਾਲਾਤ ਹੋਰ ਵੀ ਬਦਤਰ ਹੋ ਜਾਂਦੇ ਹਨ | ਜਾਣਕਾਰੀ ਮੁਤਾਬਿਕ ਰਾਜਪੁਰਾ ਸ਼ਹਿਰ ਨੂੰ ਪੰਜਾਬ ਦਾ ਪ੍ਰਵੇਸ਼ ਦੁਆਰ ਹੋਣ ਦਾ ਮਾਣ ਤਾਂ ਹਾਸਲ ਹੈ ਪਰ ਇਸ ਸ਼ਹਿਰ 'ਚ ਦਾਖਲ ਹੋਣ ਵਾਲੇ ਰਾਹਗੀਰਾਂ ਨੂੰ ਪ੍ਰਵੇਸ਼ ਦੁਆਰ ਵਾਲੀ ਕੋਈ ਗੱਲ ਨਜ਼ਰ ਨਹੀਂ ਆਉਂਦੀ | ਰਾਜਪੁਰਾ ਸ਼ਹਿਰ ਦੇ ਬਿਲਕੁਲ ਐਂਟਰੀ 'ਤੇ ਫੋਕਲ ਪੁਆਂਇਟ ਵਾਲੇ ਮੋੜ ਅਤੇ ਨਿੱਜੀ ਹੋਟਲ ਦੇ ਮੂਹਰੇ ਸੜਕ 'ਤੇ ਵੱਡੇ-ਵੱਡੇ ਅਤੇ ਡੂੰਘੇ ਟੋਏ ਪਏ ਹੋਏ ਹਨ | ਇਨ੍ਹਾਂ ਟੋਇਆ ਕਾਰਨ ਦਰਜਨਾਂ ਹੀ ਛੋਟੇ-ਵੱਡੇ ਹਾਦਸੇ ਵਾਪਰਦੇ ਰਹਿੰਦੇ ਹਨ | ਕਈ ਵਾਰ ਇੱਥੇ ਵਾਹਨ ਪਲਟੀ ਮਾਰ ਜਾਂਦੇ ਹਨ ਅਤੇ ਰਾਹਗੀਰਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋ ਜਾਂਦਾ ਹੈ | ਇਕ ਤਰ੍ਹਾਂ ਨਾਲ ਜਿੱਥੇ ਇਹ ਪ੍ਰਸ਼ਾਸਨ ਦੀ ਲਾਪਰਵਾਹੀ ਹੈ ਉੱਥੇ ਹੀ ਆਮ ਰਾਹਗੀਰਾਂ ਲਈ ਮੌਤ ਦਾ ਜਾਲ ਸਾਬਤ ਹੋ ਰਹੇ ਹਨ | ਇਹ ਸੜਕ ਪੰਜਾਬ ਦਾ ਸਭ ਤੋ ਜ਼ਿਆਦਾ ਚੱਲਣ ਵਾਲੀ ਸੜਕ ਹੈ, ਇੱਥੇ ਦੀ ਦਿਨ-ਰਾਤ ਵਾਹਨ ਲੰਘਦੇ ਰਹਿੰਦੇ ਹਨ | ਇਹ ਸੜਕ ਪੰਜਾਬ ਨੂੰ ਉਤਰੀ ਭਾਰਤ ਨਾਲ ਜੋੜਦੀ ਹੈ ਅਤੇ ਇੱਥੋਂ ਦੀ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਵਾਹਨ ਲੰਘਦੇ ਹਨ | ਰਾਜਪੁਰਾ ਸਰਹਿੰਦ ਅੰਬਾਲਾ ਐਨ.ਐਚ.-44 ਸੜਕ ਟੋਲ ਰੋਡ ਹੈ | ਇਸ ਤੋਂ ਦੀ ਗੁਜ਼ਰਨ ਵਾਲੇ ਰਾਹਗੀਰਾਂ ਨੂੰ ਇੱਥੋਂ ਦੀ ਲੰਘਣ ਲਈ ਆਪਣੀ ਟੋਲ ਦੇ ਨਾਮ 'ਤੇ ਜੇਬ ਢਿੱਲੀ ਕਰਨੀ ਪੈਂਦੀ ਹੈ ਪਰ ਐਨ.ਐਚ.ਏ.ਆਈ. ਵਲੋਂ ਇਸ ਤਰ੍ਹਾਂ ਲੱਗਦਾ ਹੈ ਕਿ ਕੋਈ ਵੀ ਸਾਂਭ ਸੰਭਾਲ ਨਹੀਂ ਹੁੰਦੀ | ਸੜਕ 'ਤੇ ਪਏ ਟੋਇਆ ਕਾਰਨ ਰਾਹਗੀਰਾਂ ਨੂੰ ਆਪਣੇ ਵਾਹਨਾਂ ਦੀ ਸਪੀਡ ਘੱਟ ਕਰਨੀ ਪੈਂਦੀ ਹੈ ਜਿਸ ਕਾਰਨ ਜਿੱਥੇ ਰਾਹਗੀਰਾਂ ਦੇ ਸਮੇਂ ਦੀ ਬਰਬਾਦੀ ਹੁੰਦੀ ਹੈ ਉੱਥੇ ਹੀ ਵਾਹਨਾਂ ਦੇ ਟਾਇਰਾਂ ਤੇ ਇੰਜਨ ਸਮੇਤ ਹੋਰ ਵੱਡੇ ਪੱਧਰ 'ਤੇ ਨੁਕਸਾਨ ਹੋ ਜਾਂਦਾ ਹੈ | ਸੜਕ ਦੀ ਮਾੜੀ ਹਾਲਤ ਕਾਰਨ ਕਈ ਵਾਰ ਮੀਲਾਂ ਲੰਮੇ ਜਾਮ ਵੀ ਲੱਗ ਜਾਂਦੇ ਹਨ | ਬਰਸਾਤ ਦੇ ਦਿਨਾਂ 'ਚ ਹਾਲਤ ਹੋਰ ਵੀ ਬਦਤਰ ਬਣ ਜਾਂਦੇ ਹਨ | ਆਮ ਰਾਹਗੀਰਾਂ ਦੀ ਮੰਗ ਹੈ ਕਿ ਜੇਕਰ ਐਨ.ਐੱਚ.ਏ.ਆਈ. ਸਹੂਲਤਾਂ ਨਹੀਂ ਦੇ ਸਕਦੀ ਤਾਂ ਟੋਲ ਲੈਣਾ ਵੀ ਬੰਦ ਕਰ ਦੇਵੇ | ਇਸ ਸੰਬੰਧੀ ਐਨ.ਐੱਚ.ਏ.ਆਈ. ਅਥਾਰਿਟੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਹੋਇਆ | ਇਸ ਸੰਬੰਧੀ ਐੱਸ.ਡੀ.ਐਮ. ਰਾਜਪੁਰਾ ਨਮਨ ਮੜਕਣ ਦਾ ਕਹਿਣਾ ਹੈ ਕਿ ਉਹ ਸੰਬੰਧਿਤ ਅਧਿਕਾਰੀ ਨੂੰ ਨਿਰਦੇਸ਼ ਜਾਰੀ ਕਰਨਗੇ |