ਪਾਤੜਾਂ, 29 ਜਨਵਰੀ (ਖ਼ਾਲਸਾ)-ਉਪ ਪੁਲਿਸ ਕਪਤਾਨ ਪਾਤੜਾਂ ਇੰਦਰਪਾਲ ਸਿੰਘ ਚੌਹਾਨ ਨੇ ਪਾਤੜਾਂ ਵਿਖੇ ਪੈੱ੍ਰਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਅਤੇ ਗੈਂਗਸਟਰ ਖ਼ਿਲਾਫ਼ ਚਲਾਈ ਮੁਹਿੰਮ ਦੇ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਪਟਿਆਲਾ ਵਰੁਣ ਸ਼ਰਮਾ ਦੇ ਹੁਕਮਾਂ ਤਹਿਤ ਪਾਤੜਾਂ ਪੁਲਿਸ ਵਲੋਂ ਦੋ ਵੱਖ-ਵੱਖ ਥਾਵਾਂ 'ਤੇ ਨਾਕੇਬੰਦੀ ਦੌਰਾਨ ਤਿੰਨ ਵਿਅਕਤੀਆਂ ਨੂੰ ਦੋ ਕਿੱਲੋ ਅਫ਼ੀਮ ਅਤੇ 200 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਹੈ | ਉਪ ਪੁਲਿਸ ਕਪਤਾਨ ਪਾਤੜਾਂ ਇੰਦਰਪਾਲ ਸਿੰਘ ਚੌਹਾਨ ਨੇ ਦੱਸਿਆ ਕਿ ਪਾਤੜਾਂ ਸਦਰ ਥਾਣਾ ਮੁਖੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਹੌਲਦਾਰ ਗੁਰਸੇਵਕ ਸਿੰਘ ਸਮੇਤ ਪੁਲਿਸ ਪਾਰਟੀ ਵਲੋਂ ਅਨਾਜ ਮੰਡੀ ਪਾਤੜਾਂ ਵਿਖੇ ਕੀਤੀ ਗਈ ਨਾਕੇਬੰਦੀ ਦੌਰਾਨ ਬਲਜਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਬੂਰੜ ਨੂੰ 200 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਹੈ | ਇਸੇ ਲੜੀ ਤਹਿਤ ਏਐੱਸਆਈ ਨਿਸ਼ਾਨ ਸਿੰਘ ਸਮੇਤ ਪੁਲਿਸ ਪਾਰਟੀ ਵਲੋਂ ਗੁਪਤ ਸੂਚਨਾ ਦੇ ਅਧਾਰ 'ਤੇ ਨਿਆਲ-ਹਮਝੇੜੀ ਬਾਈਪਾਸ ਪਾਤੜਾਂ ਵਿਖੇ ਕੀਤੀ ਗਈ ਨਾਕੇਬੰਦੀ ਦੌਰਾਨ ਵਿਸ਼ਾਲ ਪੁੱਤਰ ਬਾਲਾ ਰਾਮ ਅਤੇ ਰਾਹੁਲ ਪੁੱਤਰ ਬਾਲੂਰਾਮ ਵਾਸੀਆਨ ਸ਼ਾਮਗੜ੍ਹ ਜ਼ਿਲ੍ਹਾ ਮੰਡਸੇਰ ਮੱਧ ਪ੍ਰਦੇਸ਼ ਨੂੰ ਦੋ ਕਿੱਲੋ ਅਫ਼ੀਮ ਸਮੇਤ ਕਾਬੂ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਮੁੱਢਲੀ ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਉਪਰੋਕਤ ਕਥਿਤ ਦੋਸ਼ੀਆਂ ਨੇ ਇਹ ਅਫ਼ੀਮ ਮੱਧ ਪ੍ਰਦੇਸ ਤੋਂ ਲਿਆ ਕੇ ਵਾਇਆ ਹਰਿਆਣਾ ਦੀਆਂ ਲਿੰਕ ਸੜਕਾਂ ਰਾਹੀਂ ਹੁੰਦੇ ਹੋਏ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਸਪਲਾਈ ਕਰਨੀ ਸੀ | ਇਸ ਸੰਬੰਧੀ ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਜਿਨ੍ਹਾਂ ਕੋਲੋਂ ਹੋਰ ਵੀ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ | ਪਾਤੜਾਂ ਪੁਲਿਸ ਵਲੋਂ ਉਕਤ ਵਿਅਕਤੀਆਂ ਖ਼ਿਲਾਫ਼ ਐਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ |