24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਅਮਰੀਕਾ ਤੇ ਕੈਨੇਡਾ ਰਹਿੰਦੇ ਗੈਂਗਸਟਰਾਂ ਦੇ ਇਸ਼ਾਰੇ 'ਤੇ ਫਿਰੌਤੀਆਂ ਮੰਗਣ ਵਾਲੇ ਗਰੋਹ ਦੇ 8 ਮੈਂਬਰ ਗਿ੍ਫ਼ਤਾਰ

ਅਜੀਤ ਡੈਸਕ 02-01-2026
ਪਟਿਆਲਾ, 1 ਜਨਵਰੀ (ਮਨਦੀਪ ਸਿੰਘ ਖਰੌੜ)-ਪੰਜਾਬ ਦੀ ਕਾਨੂੰਨ ਵਿਵਸਥਾ ਬਰਕਰਾਰ ਰੱਖਣ ਲਈ ਪੰਜਾਬ ਸਰਕਾਰ ਅਤੇ ਪੁਲਿਸ ਵਿਭਾਗ ਵਲੋਂ ਨਿਰੰਤਰ ਕੰਮ ਕੀਤਾ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਵੀ ਵਿਦੇਸ਼ਾਂ 'ਚ ਰਹਿੰਦੇ ਗੈਂਗਸਟਰਾਂ ਦਾ ਪੰਜਾਬ 'ਚ ਫੈਲਿਆ ਵੱਡਾ ਨੈੱਟਵਰਕ ਸੂਬੇ ਦੀ ਕਾਨੂੰਨ ਵਿਵਸਥਾ ਲਈ ਖ਼ਤਰਾ ਬਣਦਾ ਜਾ ਰਿਹਾ ਹੈ | ਅਮਰੀਕਾ ਤੇ ਕੈਨੇਡਾ 'ਚ ਡੌਂਕੀ ਰੂਟ ਰਾਹੀਂ ਗਏ ਗੈਂਗਸਟਰਾਂ ਦੇ ਇਸ਼ਾਰੇ 'ਤੇ ਪੰਜਾਬ 'ਚ ਫਿਰੌਤੀਆਂ ਮੰਗਣ, ਕਾਰੋਬਾਰੀਆਂ 'ਤੇ ਗੋਲੀਆਂ ਚਲਾਉਣ, ਗੈਂਗਵਾਰ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਨਾਲ ਗੈਂਗਸਟਰਾਂ ਦੇ ਕਹੇ 'ਤੇ ਅਸਲਾ ਮੁਹੱਈਆ ਕਰਵਾਉਣ ਦਾ ਕੰਮ ਕਰਨ ਵਾਲੇ ਗਰੋਹ ਦੇ 8 ਮੈਂਬਰਾਂ ਨੂੰ ਸੀ.ਆਈ.ਏ. ਪਟਿਆਲਾ ਦੇ ਮੁਖੀ ਪ੍ਰਦੀਪ ਸਿੰਘ ਬਾਜਵਾ ਤੇ ਇੰਸ. ਜਸਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਗਿ੍ਫ਼ਤਾਰ ਕਰ ਲਿਆ ਹੈ | ਮੁਲਜ਼ਮਾਂ ਦੀ ਪਹਿਚਾਣ ਗੁਰਦੀਪ ਦੁੱਗਲ, ਡਿੰਪਲ ਕੋਸਲ, ਧਰੁਵ, ਪ੍ਰਥਮ, ਸਚਿਨ ਗੁਪਤਾ, ਦੀਪਾਸ਼ੂ, ਹੁਸਨਪ੍ਰੀਤ ਸਿੰਘ ਅਤੇ ਸ਼ੌਕਤ ਅਲੀ ਵਾਸੀਅਨ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ | ਇਸ ਸੰਬੰਧੀ ਡੀ.ਆਈ.ਜੀ. ਕੁਲਦੀਪ ਸਿੰਘ ਚਹਿਲ ਅਤੇ ਐੱਸ.ਐੱਸ.ਪੀ. ਵਰੁਣ ਸ਼ਰਮਾ ਨੇ ਦਸਿਆ ਕਿ ਐੱਸ.ਪੀ. (ਡੀ) ਗੁਰਬੰਸ ਸਿੰਘ ਬੈਂਸ, ਐੱਸ.ਪੀ. (ਸਿਟੀ) ਪਲਵਿੰਦਰ ਸਿੰਘ ਚੀਮਾ, ਡੀ.ਐੱਸ.ਪੀ. (ਡੀ) ਰਾਜੇਸ਼ ਮਲਹੋਤਰਾ, ਡੀ.ਐੱਸ.ਪੀ. (ਸਿਟੀ) ਸਤਨਾਮ ਸਿੰਘ ਅਤੇ ਐੱਸ.ਆਈ. ਗੁਰਤਿੰਦਰ ਸਿੰਘ ਦੀਆਂ ਟੀਮਾਂ ਨੇ ਉਕਤ ਮੁਲਜ਼ਮਾਂ ਨੂੰ ਵਾਰਦਾਤ ਨੂੰ ਅੰਜਾਮ ਦੇਣ ਲਈ ਵਿਉਂਤਬੰਦੀ ਕਰਦਿਆਂ ਪਟਿਆਲਾ ਤੋਂ ਗਿ੍ਫ਼ਤਾਰ ਕੀਤਾ ਹੈ | ਐੱਸ.ਐੱਸ.ਪੀ. ਸ਼ਰਮਾ ਨੇ ਦਸਿਆ ਕਿ ਇਨ੍ਹਾਂ ਮੁਲਜ਼ਮਾਂ ਦੀ ਤਲਾਸ਼ੀ ਦੌਰਾਨ 10 ਪਿਸਟਲ ਬਰਾਮਦ ਹੋਏ ਹਨ, ਜਿਨ੍ਹਾਂ 'ਚ ਇਕ ਪਿਸਟਲ 30 ਬੋਰ ਦਾ ਪਾਕਿਸਤਾਨ ਤੋਂ ਆਇਆ ਹੋਇਆ ਵੀ ਮਿਲਿਆ ਹੈ | ਬਾਕੀ ਦੇ ਹਥਿਆਰ ਵੀ ਬਹੁਤ ਹੀ ਆਧੁਨਿਕ ਹਨ | ਅਜਿਹੇ ਹਥਿਆਰ ਮੁਲਜ਼ਮ ਕਿਥੋਂ ਲਿਆਏ ਹਨ, ਇਸ ਸੰਬੰਧੀ ਹਾਲੇ ਪੜਤਾਲ ਚੱਲ ਰਹੀ ਹੈ ਤੇ ਪੜਤਾਲ ਪੂਰੀ ਹੋਣ ਤੋਂ ਬਾਅਦ ਹੀ ਹਥਿਆਰਾਂ ਦੀ ਸਪਲਾਈ ਸੰਬੰਧੀ ਕੁੱਝ ਦਸਿਆ ਜਾ ਸਕਦਾ ਹੈ |
ਮੁਲਜ਼ਮਾਂ ਦੀ ਪੁੱਛਗਿੱਛ ਦੌਰਾਨ ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਹੁਣ ਤੱਕ ਮੁਲਜ਼ਮਾਂ ਨੇ ਕਿਥੇ-ਕਿਥੇ ਗੋਲੀਆਂ ਚਲਾਈਆਂ ਹਨ ਅਤੇ ਕਿਸ ਤੋਂ ਫਿਰੌਤੀ ਮੰਗੀ ਹੈ, ਫਿਰੌਤੀ ਮੰਗਣ ਦੇ ਨਾਲ-ਨਾਲ ਕਿਹੜੇ-ਕਿਹੜੇ ਅਪਰਾਧ ਕੀਤੇ ਹਨ | ਇਸ ਕੇਸ ਨਾਲ ਪੰਜਾਬ 'ਚ ਹੋਈਆਂ ਕਈਆਂ ਵਾਰਦਾਤਾਂ ਦੇ ਹੱਲ ਹੋਣ ਦੀ ਸੰਭਾਵਨਾ ਹੈ |
ਪਿਛਲੀ ਖ਼ਬਰ ਬਿਜਲੀ ਕਰਮਚਾਰੀਆਂ ਵਲੋਂ ਸਰਬੱਤ ਦੇ ਭਲੇ ਲਈ ਅਖੰਡ ਪਾਠ ਦੇ ਭੋਗ ਪਾਏ ਅਗਲੀ ਖ਼ਬਰ ਜੀ.ਆਰ.ਪੀ. ਨੂੰ ਅਣਪਛਾਤੀ ਲਾਸ਼ ਮਿਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।