ਸੜਕੀ ਅਵਾਜਾਈ ਦੌਰਾਨ ਕੁਝ ਲੋਕਾਂ ਵਲੋਂ ਵਰਤੀਆਂ ਜਾਣ ਵਾਲੀਆਂ ਬੇਨਿਯਮੀਆਂ ਬਣਦੀਆਂ ਹਨ ਜਾਮ ਦਾ ਕਾਰਨ
ਅੰਮ੍ਰਿਤਸਰ, 19 ਨਵੰਬਰ (ਹਰਮਿੰਦਰ ਸਿੰਘ)- ਵੈਸੇ ਤਾਂ ਹਰ ਵੱਡੇ ਸ਼ਹਿਰ ਵਿਚ ਆਵਾਜਾਈ ਦੇ ਜਾਮ ਲੱਗਦੇ ਹਨ। ਜਿਸ ਦਾ ਮੁੱਖ ਕਾਰਨ ਆਵਾਜਾਈ ਨਿਯਮਾਂ ’ਚ ਵਰਤੀਆਂ ਜਾਣ ਵਾਲੀਆਂ ਬੇਨਿਯਮੀਆਂ ਮੁੱਖ ਕਾਰਨ ਬਣਦੀਆਂ ਹਨ ।
ਅੰਮ੍ਰਿਤਸਰ, 19 ਨਵੰਬਰ (ਹਰਮਿੰਦਰ ਸਿੰਘ)- ਵੈਸੇ ਤਾਂ ਹਰ ਵੱਡੇ ਸ਼ਹਿਰ ਵਿਚ ਆਵਾਜਾਈ ਦੇ ਜਾਮ ਲੱਗਦੇ ਹਨ। ਜਿਸ ਦਾ ਮੁੱਖ ਕਾਰਨ ਆਵਾਜਾਈ ਨਿਯਮਾਂ ’ਚ ਵਰਤੀਆਂ ਜਾਣ ਵਾਲੀਆਂ ਬੇਨਿਯਮੀਆਂ ਮੁੱਖ ਕਾਰਨ ਬਣਦੀਆਂ ਹਨ । ਕੁਝ ਲੋਕਾਂ ਵਲੋਂ ਦੂਸਰੇ ਤੋਂ ਪਹਿਲਾਂ ਲੰਘਣ ਦੀ ਦੌੜ ਲਗਾ ਕੇ ਆਵਾਜਾਈ ਦਾ ਸਤੁੰਲਨ ਹੀ ਵਿਗਾੜ ਕੇ ਰੱਖ ਦਿੱਤਾ ਜਾਂਦਾ। ਇਨ੍ਹਾਂ ਵਿਚ ਵਧੇਰੇ ਕਰਕੇ ਆਟੋ ਰਿਕਸ਼ਾ ਅਤੇ ਈ ਰਿਕਸ਼ਾ ਚਾਲਕ ਜਾਂ ਦੋ ਪਹੀਆਂ ਵਾਹਨ ਚਾਲਕ ਹੀ ਹੁੰਦੇ ਹਨ। ਜਿਸ ਕਾਰਨ ਸੜਕਾਂ ਦੇ ਜਾਮ ਲੱਗ ਜਾਂਦੇ ਹਨ ਅਤੇ ਇਕ ਮਿੰਟ ਦੀ ਕਾਹਲੀ ਘੰਟਿਆਂ ਤੱਕ ਲੱਗੇ ਰਹਿਣ ਵਾਲੇ ਜਾਮ ਨੂੰ ਪੈਦਾ ਕਰ ਦਿੰਦੀ ਹੈ। ਅੰਮ੍ਰਿਤਸਰ ਸ਼ਹਿਰ ਦੀਆਂ ਸੜਕਾਂ ਤੋਂ ਸਥਾਨਕ ਲੋਕਾਂ ਦੇ ਚੱਲਣ ਤੋਂ ਇਲਾਵਾ ਦੋ ਲੱਖ ਦੇ ਕਰੀਬ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂ ਅਤੇ ਸੈਲਾਨੀ ਵੀ ਸ਼ਹਿਰ ਦੀਆਂ ਸੜਕਾਂ ’ਤੇ ਘੁੰਮਦੇ ਹਨ ਜਿਸ ਕਾਰਨ ਸ਼ਹਿਰ ਵਿਚ ਆਵਾਜਾਈ ਬਹੁਤ ਵਧੇਰੇ ਹੁੰਦੀ ਹੈ। ਇਥੋਂ ਤੱਕ ਕਿ ਕਈ ਸੜਕਾਂ ਤਾਂ ਰਾਤ ਨੂੰ ਦਿਨ ਦੀ ਤਰ੍ਹਾਂ ਚੱਲਦੀਆਂ ਹਨ। ਸ਼ਹਿਰ ਦੇ ਚੌਕਾਂ ਵਿਚ ਟਰੈਫਿਕ ਸਿੰਗਲਨ ਲਾਈਟਾਂ ਤਾਂ ਲੱਗੀਆਂ ਹਨ ਪਰ ਇਨ੍ਹਾਂ ਵਿਚੋਂ ਵਧੇਰੇ ਚੌਕਾਂ ਵਿਚ ਟਰੈਫਿਕ ਲਾਈਟਾਂ ਬੰਦ ਹਨ। ਜਿਸ ਕਾਰਨ ਟਰੈਫਿਕ ਪੁਲਿਸ ਦੇ ਮੁਲਾਜ਼ਮ ਅਵਾਜਾਈ ’ਤੇ ਕੰਟਰੋਲ ਕਰਨ ’ਚ ਲੱਗੇ ਹੁੰਦੇ ਹਨ। ਆਮ ਤੌਰ ’ਤੇ ਦੇਖਣ ਵਿਚ ਆਇਆ ਹੈ ਕਈ ਲੋਕ ਆਵਾਜਾਈ ਸਿਗਨਲਾਂ ਦੀ ਵੀ ਪ੍ਰਵਾਹ ਨਹੀਂ ਕਰਦੇ, ਪਹਿਲਾਂ ਲੰਘਣ ਦੀ ਦੌੜ ਵਿਚ ਜਾਮ ਲਗਾ ਦਿੰਦੇ ਹਨ। ਕਈ ਨਿੱਜੀ ਬੱਸਾਂ ਵਾਲੇ ,ਈ ਰਿਕਸ਼ਾ ਅਤੇ ਆਟੋ ਚਾਲਕ ਤਾਂ ਆਨ ਲਾਈਨ ਚਲਾਨਾਂ ਵਾਲੀਆਂ ਸਿਗਨਲ ਲਾਈਟਾਂ ’ਤੇ ਵੀ ਪ੍ਰਵਾਹ ਨਹੀਂ ਕਰਦੇ ਅਤੇ ਆਪਣੀ ਲਾਈਟ ਨਾ ਹੋਣ ਦੇ ਬਾਵਜੂਦ ਆਪਣੇ ਵਾਹਨ ਚੌਕ ’ਚੋਂ ਕੱਢ ਦਿੰਦੇ ਹਨ। ਟਰੈਫਿਕ ਪੁਲਿਸ ਵਲੋਂ ਸ਼ਹਿਰ ਵਿਚ ਈ ਚਲਾਨ ਦੀ ਸ਼ੁਰੂ ਕੀਤੇ ਗਏ ਹਨ, ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਫੋਨਾਂ ’ਤੇ ਚਲਾਨ ਦੀ ਟੂੰ-ਟੂੰ ਜਾਂਦੀ ਹੈ ਪਰ ਬਹੁਤ ਸਾਰੇ ਈ ਰਿਕਸ਼ਿਆਂ ਅਤੇ ਆਟੋ ਰਿਕਸ਼ਿਆਂ ਦੀਆਂ ਨੰਬਰ ਪਲੇਟਾਂ ਹੀ ਨਹੀਂ ਲੱਗੀਆਂ ਅਤੇ ਜਾ ਫਿਰ ਉਹ ਸਪਸ਼ਟ ਦਿਖਾਈ ਨਹੀਂ ਦਿੰਦੀਆਂ, ਜਿਸ ਕਾਰਨ ਉਹ ਤੀਸਰੀ ਅੱਖ ਤੋਂ ਬੱਚ ਨਿਕਲਦੇ ਹਨ। ਕੁਝ ਲੋਕਾਂ ਵਲੋਂ ਵਰਤੀਆਂ ਜਾਣ ਵਾਲੀਆਂ ਆਵਾਜਾਈ ’ਚ ਬੇਨਿਯਮੀਆਂ ਸੜਕੀ ਆਵਾਜਾਈ ਨੂੰ ਪ੍ਰਭਾਵਿਤ ਕਰਦੀਆਂ ਹਨ ਅਤੇ ਪੁਲਿਸ ਦੇ ਪ੍ਰਬੰਧਾਂ ਦੇ ਬਾਵਜੂਦ ਸੜਕਾਂ ’ਤੇ ਨਿਕਲੇ ਹਜਾਰਾਂ ਲੋਕ ਆਵਾਜਾਈ ਜਾਮ ਵਿਚ ਉਲਝ ਕੇ ਰਹਿ ਜਾਂਦੇ ਹਨ। ਸ਼ਹਿਰ ਦੇ ਕੇਂਦਰ ਬੱਸ ਅੱਡੇ ਨੇੜੇ ਮਹਾਂ ਸਿੰਘ ਚੌਕ ਵਿਖੇ ਤਾਂ ਹਮੇਸ਼ਾ ਹੀ ਟਰੈਫਿਕ ਲਾਈਟਾਂ ਬੰਦ ਰਹਿੰਦੀਆਂ ਹਨ ਅਤੇ ਇਥੇ ਤਾਂ ਪਹਿਲਾਂ ਲੰਘਣ ਦੀ ਦੌੜ ਆਮ ਹੀ ਲੱਗੀ ਰਹਿੰਦੀ ਹੈ ।