27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਅੰਮ੍ਰਿਤਸਰ ’ਚ ਨਸ਼ਾ ਛੁਡਾਊ ਕੇਂਦਰ ਦੇ ਸੰਚਾਲਕ ਸਮੇਤ 2 ਹਥਿਆਰ ਤਸਕਰ ਕਾਬੂ

ਅਜੀਤ ਡੈਸਕ 02-07-2026
ਅੰਮ੍ਰਿਤਸਰ, 1 ਜੁਲਾਈ (ਰੇਸ਼ਮ ਸਿੰਘ)-ਅੰਮ੍ਰਿਤਸਰ ’ਚ ਨਸ਼ਾ ਛੁਡਾਊ ਕੇਂਦਰ ਚਲਾ ਰਹੇ ਸੰਚਾਲਕ ਸਮੇਤ 2 ਹਥਿਆਰ ਤਸਕਰਾਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ ਜੋ ਕਿ ਸਰਹੱਦ ਪਾਰ ਤੋਂ ਹਥਿਆਰਾਂ ਦੀਆਂ ਖੇਪਾਂ ਮੰਗਵਾ ਕੇ ਅੱਗੇ ਅਪਰਾਧਿਕ ਤੱਤਾਂ ਨੂੰ ਸਪਲਾਈ ਕਰਦੇ ਸਨ। ਪੁਲਿਸ ਨੇ ਇਨ੍ਹਾਂ ਪਾਸੋਂ 7 ਅਤਿ ਆਧੁਨਿਕ ਵਿਦੇਸ਼ੀ ਪਿਸਤੌਲ ਤੇ 40 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਇਹ ਪ੍ਰਗਟਾਵਾ ਅੱਜ ਇਥੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਰਵਾਏ ਪੱਤਰਕਾਰ ਸੰਮੇਲਨ ’ਚ ਕੀਤਾ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਤਰਨਤਾਰਨ ਦੇ ਪਿੰਡ ਸੁਰ ਸਿੰਘ ਦੇ ਵਸਨੀਕ ਸੁਰਜੀਤ ਸਿੰਘ ਉਰਫ਼ ਰਾਣਾ (33) ਅਤੇ ਅੰਮ੍ਰਿਤਸਰ ਦੇ ਭਾਈ ਮੰਝ ਰੋਡ ਦੇ ਵਸਨੀਕ ਗੁਲਬਾਗ ਸਿੰਘ ਉਰਫ਼ ਬਾਠ (26) ਵਜੋਂ ਹੋਈ ਹੈ। ਇਨ੍ਹਾਂ ’ਚ ਗੁਲਬਾਗ ਸਿੰਘ ਜੋ ਕਿ ਸੁਲਤਾਨਵਿੰਡ ਖੇਤਰ ’ਚ ਇਕ ਨਸ਼ਾ ਛੁਡਾਊ ਕੇਂਦਰ ਦਾ ਸੰਚਾਲਕ ਹੈ। ਇਨ੍ਹਾਂ ਪਾਸੋਂ ਬਰਾਮਦ ਕੀਤੇ ਗਏ ਪਿਸਤੌਲਾਂ ਵਿਚ ਇਕ 9 ਐੱਮ.ਐੱਮ. ਗਲੌਕ, ਇਕ .30 ਬੋਰ ਤਿਸਾਸ (ਤੁਰਕੀ), ਇਕ .30 ਬੋਰ ਸਪੈਸ਼ਲ ਮੋਡੀਫਾਈਡ ਪਿਸਤੌਲ, ਚਾਰ .30 ਬੋਰ ਪਿਸਤੌਲ ਸ਼ਾਮਿਲ ਹਨ। ਸੀ.ਪੀ. ਸ: ਭੁੱਲਰ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸੋਸ਼ਲ ਮੀਡੀਆ ਐਪਸ ਰਾਹੀਂ ਵਿਦੇਸ਼ੀ ਤਸਕਰਾਂ ਦੇ ਸੰਪਰਕ ਵਿਚ ਸਨ ਅਤੇ ਸਰਹੱਦੀ ਰਸਤਿਆਂ ਰਾਹੀਂ ਗ਼ੈਰ-ਕਾਨੂੰਨੀ ਹਥਿਆਰਾਂ ਦੀ ਖੇਪ ਪ੍ਰਾਪਤ ਕਰਕੇ ਅਪਰਾਧਿਕ ਤੱਤਾਂ ਨੂੰ ਸਪਲਾਈ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਭਰੋਸੇਯੋਗ ਸੂਤਰਾਂ ਤੋਂ ਮਿਲੀ ਪੁਖ਼ਤਾ ਇਤਲਾਹ ‘ਤੇ ਕਾਰਵਾਈ ਕਰਦੇ ਹੋਏ ਪੁਲਿਸ ਟੀਮਾਂ ਨੇ ਸੁਰਜੀਤ ਉਰਫ ਰਾਣਾ ਅਤੇ ਗੁਲਬਾਗ ਉਰਫ ਬਾਠ ਨੂੰ 2 ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਨਿਰੰਤਰ ਪੁੱਛਗਿੱਛ ਅਤੇ ਉਨ੍ਹਾਂ ਦੇ ਬਿਆਨਾਂ ’ਤੇ, ਪੁਲਿਸ ਟੀਮਾਂ ਨੇ 5 ਹੋਰ ਆਧੁਨਿਕ ਪਿਸਤੌਲ ਬਰਾਮਦ ਕੀਤੇ, ਜਿਸ ਨਾਲ ਬਰਾਮਦਗੀ ਦੀ ਕੁੱਲ ਗਿਣਤੀ 7 ਹੋ ਗਈ ਹੈ। ਗ੍ਰਿਫਤਾਰ ਕੀਤੇ ਮੁਲਜ਼ਮਾਂ ਦੀ ਅਪਰਾਧਿਕ ਪਿਛੋਕੜ ਦੀ ਤਫ਼ਤੀਸ਼ ਤੋਂ ਪਤਾ ਲੱਗਾ ਹੈ ਕਿ ਸੁਰਜੀਤ ਉਰਫ਼ ਰਾਣਾ ਪਹਿਲਾਂ ਹੀ ਤਰਨਤਾਰਨ ਦੇ ਥਾਣਾ ਭਿੱਖੀਵਿੰਡ ਵਿਖੇ ਦਰਜ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਵਿਚ ਲੋੜੀਂਦਾ ਹੈ ਜੋ ਕਿ ਸੰਗਠਿਤ ਅਪਰਾਧਿਕ ਗਤੀਵਿਧੀਆਂ ਵਿਚ ਉਸਦੀ ਸ਼ਮੂਲੀਅਤ ਨੂੰ ਦਰਸਾਉਂਦਾ ਹੈ। ਇਸ ਸੰਬੰਧੀ ਥਾਣਾ ਸੁਲਤਾਨਵਿੰਡ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਡੀ.ਸੀ.ਪੀ. ਰਵਿੰਦਰਪਾਲ ਸਿੰਘ, ਏ.ਸੀ.ਪੀ. ਪ੍ਰੀਤਇੰਦਰ ਸਿੰਘ, ਸੀ.ਆਈ.ਏ. ਸਟਾਫ ਦੇ ਇੰਚਾਰਜ਼ ਇੰਸ: ਅਮਲੋਕਦੀਪ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ 1 ਮਹੀਨੇ ਬਾਅਦ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ’ਚ ਪਰਤੀਆਂ ਰੌਣਕਾਂ ਅਗਲੀ ਖ਼ਬਰ ਬੱਚਿਆਂ ਦੇ ਪੇਟ ’ਚ ਦਰਦ ਹੋਣ ’ਤੇ ਤੁਰੰਤ ਚੈੱਕਅੱਪ ਜ਼ਰੂਰੀ : ਡਾ. ਸੁਪ੍ਰਿਯਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।