02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਜ਼ਮੀਨੀ ਵਿਵਾਦ ਨੂੰ ਲੈ ਕੇ ਨਿਹੰਗ ਸਿੰਘ ਜਥੇਬੰਦੀ ਤੇ ਕਿਸਾਨ ਆਹਮੋ-ਸਾਹਮਣੇ <br/>

ਅਜੀਤ ਡੈਸਕ 08-05-2026
ਰਾਮ ਤੀਰਥ, 7 ਮਈ (ਧਰਵਿੰਦਰ ਸਿੰਘ ਔਲਖ)-ਪਿੰਡ ਖਿਆਲਾ ਖੁਰਦ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਨਿਹੰਗ ਸਿੰਘ ਜਥੇਬੰਦੀ ਤੇ ਪਿੰਡ ਖਿਆਲਾ ਕਲਾਂ ਦੇ ਸਾਬਕਾ ਸਰਪੰਚ ਕੁੰਨਣ ਸਿੰਘ ਨਾਰਲੀ ਵਾਲਾ ਦੇ ਪੁੱਤਰ ਜਗੀਰ ਸਿੰਘ ਕਾਲਾ ਆਹਮੋ-ਸਾਹਮਣੇ ਹੋ ਗਏ ਹਨ ਤੇ ਸ਼ੁਰੂ ਹੋਇਆ ਇਹ ਵਿਵਾਦ ਕਿਸੇ ਵੇਲੇ ਖੂਨੀ ਰੂਪ ਵੀ ਧਾਰ ਸਕਦਾ ਹੈ, ਕਿਉਂਕਿ ਦੋਵਾਂ ਧਿਰਾਂ ਵਲੋਂ ਜ਼ਮੀਨ ਦੇ ਮਾਲਕ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ | ਪਿੰਡ ਖਿਆਲਾ ਖੁਰਦ ਦੇ ਵਾਸੀ ਨਿਹੰਗ ਬੇਅੰਤ ਸਿੰਘ ਅਤੇ ਬਲਵਿੰਦਰ ਸਿੰਘ ਨੇ ਕਿਹਾ ਕਿ ਇਹ ਪੈਲੀ ਸਾਡੇ ਨਾਂ ਹੈ ਅਤੇ ਇਸ 'ਤੇ ਕੁਝ ਲੋਕ ਕਬਜ਼ਾ ਕਰਨਾ ਚਾਹੁੰਦੇ ਹਨ | ਉਨ੍ਹਾਂ ਕਿਹਾ ਕਿ ਜਗੀਰ ਸਿੰਘ ਕਾਲਾ ਨਾਰਲੀ ਵਾਲਾ, ਸਰਪੰਚ ਮੰਗਾ ਜੌਹਲ ਤੇ ਸੁਖਵਿੰਦਰ ਸਿੰਘ ਆਦਿ 8-10 ਹਥਿਆਰਬੰਦ ਵਿਅਕਤੀਆਂ ਨੇ ਉਨ੍ਹਾਂ ਦੀ ਪੈਲੀ ਧੱਕੇ ਨਾਲ ਵਾਹੁਣੀ ਸ਼ੁਰੂ ਕਰ ਦਿੱਤੀ, ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਸਾਡੇ 'ਤੇ ਹਮਲਾ ਕਰਕੇ ਛੋਟੇ ਭਰਾ ਬਲਵਿੰਦਰ ਸਿੰਘ ਦੀ ਬਾਂਹ ਤੋੜ ਦਿੱਤੀ ਅਤੇ ਬਿਜਲੀ ਵਾਲਾ ਖੰਭਾ ਵੀ ਭੰਨ ਕੇ ਡੇਗ ਦਿੱਤਾ | ਨਿਹੰਗ ਬੇਅੰਤ ਸਿੰਘ ਤੇ ਬਲਵਿੰਦਰ ਸਿੰਘ ਦੇ ਹੱਕ ਵਿਚ ਆਏ ਸ਼੍ਰੋਮਣੀ ਪੰਥ ਅਕਾਲੀ ਤਰਨਾ ਦਲ ਵਲੋਂ ਆਏ ਜਥੇਦਾਰ ਰਣਜੀਤ ਸਿੰਘ ਨੇ ਕਿਹਾ ਕਿ ਬੇਅੰਤ ਸਿੰਘ ਅਤੇ ਬਲਵਿੰਦਰ ਸਿੰਘ ਦੋਵੇਂ ਭਰਾ ਬਾਬਾ ਮੇਜਰ ਸਿੰਘ ਸੋਢੀ ਨਾਲ ਜੁੜੇ ਹੋਏ ਹਨ ਅਤੇ ਇਨ੍ਹਾਂ ਨੇ ਇਹ ਜ਼ਮੀਨ ਦਲ ਪੰਥ ਨੂੰ ਦਾਨ ਕਰ ਦਿੱਤੀ ਹੈ, ਪਰ ਕੁਝ ਲੋਕ ਗੁੰਡਾਗਰਦੀ ਕਰਕੇ ਇਸ ਜ਼ਮੀਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਵਿਚ ਹਨ | ਉਨ੍ਹਾਂ ਕਿਹਾ ਕਿ ਇਸ ਜ਼ਮੀਨ 'ਤੇ ਧੱਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਖਿਲਾਫ ਉਹ ਕਾਨੂੰਨੀ ਕਾਰਵਾਈ ਕਰਵਾਉਣਗੇ |
ਜ਼ਮੀਨ ਵਹਾਉਣ ਵਾਲੇ ਸਾਬਕਾ ਸਰਪੰਚ ਕੁੰਨਣ ਸਿੰਘ ਨਾਰਲੀ ਵਾਲਾ ਦੇ ਪੁੱਤਰ ਜਗੀਰ ਸਿੰਘ ਕਾਲਾ ਨਾਰਲੀ ਵਾਲਾ ਨੇ ਕਿਹਾ ਕਿ ਅਸੀਂ ਇਹ ਜ਼ਮੀਨ ਕਸ਼ਮੀਰ ਸਿੰਘ ਚੇਅਰਮੈਨ ਕੋਲੋਂ ਮੁੱਲ ਖ਼ਰੀਦੀ ਹੈ ਅਤੇ ਨਿਹੰਗਾਂ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ | ਉਨ੍ਹਾਂ ਕਿਹਾ ਕਿ ਅਸੀਂ ਜਦੋਂ ਕੱਲ੍ਹ ਪੈਲੀ ਵਹਾਉਣ ਆਏ ਤਾਂ ਨਿਹੰਗਾਂ ਨੇ ਸਾਡੇ 'ਤੇ ਹਮਲਾ ਕਰ ਦਿੱਤਾ | ਉਨ੍ਹਾਂ ਦਾਅਵਾ ਕੀਤਾ ਕਿ ਇਸ ਜ਼ਮੀਨ ਦੀ ਰਜਿਸਟਰੀ ਤੇ ਇੰਤਕਾਲ ਉਨ੍ਹਾਂ ਦੇ ਨਾਂ ਹੈ, ਜਦੋਂ ਕਿ ਨਿਹੰਗ ਉਨ੍ਹਾਂ ਨਾਲ ਨਜਾਇਜ਼ ਪੰਗਾ ਲੈ ਰਹੇ ਹਨ | ਇਸ ਮੌਕੇ ਸਰਪੰਚ ਮੰਗਾ ਜੌਹਲ ਅਤੇ ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸੱਤਾਧਾਰੀ 'ਆਪ' ਦੀ ਸਰਕਾਰ ਹਰ ਮੁਕਾਮ 'ਤੇ ਫੇਲ੍ਹ-ਮਜੀਠੀਆ <br/> ਅਗਲੀ ਖ਼ਬਰ ਸੂਬੇ ਅੰਦਰ ਬੀ.ਐੱਸ.ਐੱਫ. ਹੈੱਡਕੁਆਟਰ ਤੇ ਆਰਮੀ ਕੈਂਟ ਦੇ ਬਾਹਰ ਧਮਾਕੇ ਹੋਣਾ ਚਿੰਤਾਜਨਕ-ਹਰਪ੍ਰਤਾਪ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।