ਜੰਡਿਆਲਾ ਗੁਰੂ, (ਹਰਜਿੰਦਰ ਸਿੰਘ ਕਲੇਰ, ਪ੍ਰਮਿੰਦਰ ਸਿੰਘ ਜੋਸਨ)-ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਸਮਾਜਿਕ ਨਿਆਂ ਦੇ ਮਸੀਹਾ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਮੌਕੇ ਅੱਜ ਜੰਡਿਆਲਾ ਗੁਰੂ ਵਿਖੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਇਸ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕੀਤੀ | ਸਮਾਗਮ ਦੌਰਾਨ 'ਜੈ ਭੀਮ ਜੈ ਭਾਰਤ' ਦੇ ਨਾਅਰਿਆਂ ਨਾਲ ਪੂਰਾ ਪੰਡਾਲ ਗੂੰਜ ਉੱਠਿਆ ਅਤੇ ਬਾਬਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ | ਇਸ ਮੌਕੇ ਮੰਤਰੀ ਈ. ਟੀ. ਓ. ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਬਾਬਾ ਸਾਹਿਬ ਵਲੋਂ ਬਣਾਏ ਗਏ ਭਾਰਤੀ ਸੰਵਿਧਾਨ ਨੇ ਦੇਸ਼ ਦੇ ਹਰ ਨਾਗਰਿਕ ਨੂੰ ਸਮਾਨਤਾ ਦਾ ਅਧਿਕਾਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਇਸੇ ਸੰਵਿਧਾਨ ਦੀ ਬਦੌਲਤ ਇਕ ਗਰੀਬ ਪਰਿਵਾਰ ਦਾ ਪੁੱਤ ਅੱਜ ਪੰਜਾਬ ਦਾ ਲੋਕ ਨਿਰਮਾਣ ਮੰਤਰੀ ਬਣ ਸਕਿਆ ਹੈ | ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਦੀਆਂ ਬੇਟੀਆਂ ਅਤੇ ਪਿੱਛੜੇ ਵਰਗਾਂ ਦੇ ਬੱਚੇ ਅੱਜ ਉੱਚੇ ਅਹੁਦਿਆਂ ਤੱਕ ਪਹੁੰਚ ਰਹੇ ਹਨ, ਜੋ ਬਾਬਾ ਸਾਹਿਬ ਦੀ ਦੂਰਦਰਸ਼ੀ ਸੋਚ ਦਾ ਨਤੀਜਾ ਹੈ ਤੇ ਗੁਰੂ ਚਰਨਾਂ 'ਚ ਸਰਬੱਤ ਦੇ ਭਲੇ, ਸ਼ਾਂਤੀ, ਤਰੱਕੀ ਅਤੇ ਭਾਈਚਾਰੇ ਦੀ ਮਜ਼ਬੂਤੀ ਲਈ ਅਰਦਾਸ ਕੀਤੀ | ਉਨ੍ਹਾਂ ਕਿਹਾ ਕਿ ਵਿਸਾਖੀ ਦਾ ਪਵਿੱਤਰ ਦਿਹਾੜਾ ਅਤੇ ਨਵੇਂ ਮਹੀਨੇ ਦੀ ਸ਼ੁਰੂਆਤ ਆਪ ਸਭ ਦੇ ਜੀਵਨ ਵਿਚ ਖ਼ੁਸ਼ੀਆਂ-ਖੇੜੇ ਤੇ ਚੜ੍ਹਦੀ ਕਲਾ ਲੈ ਕੇ ਆਵੇ |
ਜੰਡਿਆਲਾ ਗੁਰੂ ਵਿਖੇ ਅੰਬੇਡਕਰ ਜੈਅੰਤੀ ਮਨਾਈ <br/>
ਅਜੀਤ ਡੈਸਕ
15-04-2026