ਟਾਂਗਰਾ, 1 ਅਪ੍ਰੈਲ (ਹਰਜਿੰਦਰ ਸਿੰਘ ਕਲੇਰ)-ਪੁਲਿਸ ਥਾਣਾ ਖਲਚੀਆਂ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਵੱਡੇ ਨਸ਼ਾ ਤਸਕਰੀ ਗਰੋਹ ਨੂੰ ਬੇਨਕਾਬ ਕੀਤਾ ਹੈ | ਉਨ੍ਹਾਂ ਕੋਲੋਂ ਦੋ ਕਿੱਲੋਗ੍ਰਾਮ ਹੈਰੋਇਨ ਅਤੇ 2250 ਰੁਪਏ ਡਰੱਗ ਮਨੀ ਬਰਾਮਦ ਕਰਨ ਵਿਚ ਭਾਰੀ ਸਫਲਤਾ ਹਾਸਿਲ ਕੀਤੀ ਹੈ | ਪੁਲਿਸ ਥਾਣਾ ਖਲਚੀਆਂ ਦੇ ਐੱਸ. ਐੱਚ. ਓ. ਮੁਖਤਾਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਮਿਲੀ ਜਾਣਕਾਰੀ ਮੁਤਾਬਕ, ਇਹ ਗਰੋਹ ਕਾਫ਼ੀ ਸਮੇਂ ਤੋਂ ਇਲਾਕੇ ਵਿਚ ਹੈਰੋਇਨ ਦੀ ਸਪਲਾਈ ਕਰ ਰਿਹਾ ਸੀ ਅਤੇ ਨੌਜਵਾਨਾਂ ਨੂੰ ਨਸ਼ੇ ਦੀ ਲਤ ਵੱਲ ਧੱਕ ਰਿਹਾ ਸੀ | ਪੁਲਿਸ ਅਧਿਕਾਰੀਆਂ ਅਨੁਸਾਰ, ਗੁਪਤ ਸੂਚਨਾ ਮਿਲੀ ਸੀ ਕਿ ਦਲਜੀਤ ਸਿੰਘ ਉਰਫ਼ ਲਾਲਾ ਪੁੱਤਰ ਤਰਸੇਮ ਸਿੰਘ ਵਾਸੀ ਬੁੱਢਾ ਥੇਹ ਇਸ ਗਰੋਹ ਦਾ ਮੁੱਖ ਸਰਗਨਾ ਹੈ | ਇਸ ਦੇ ਨਾਲ ਨਵਪ੍ਰੀਤ ਸਿੰਘ ਉਰਫ਼ ਨਵ ਭੁੱਲਰ ਵਾਸੀ ਵਜ਼ੀਰ ਭੁੱਲਰ, ਸਾਹਿਲ ਵਾਸੀ ਮਾਧੋਪੁਰ ਰੋਡ ਖਲਚੀਆਂ, ਕਿ੍ਸਦੀਪ ਸਿੰਘ ਉਰਫ਼ ਕਿ੍ਸ ਵਾਸੀ ਖਲਚੀਆਂ, ਗੁਰਬਲਰਾਜ ਸਿੰਘ ਉਰਫ਼ ਫੌਜੀ ਅਤੇ ਬਲਵਿੰਦਰ ਸਿੰਘ ਵਾਸੀ ਪੰਜਾਲਾ ਮੰਡਲ ਆਦਿ ਇਸ ਗਰੋਹ ਨਾਲ ਸੰਬੰਧਿਤ ਹਨ | ਸੂਚਨਾ ਵਿਚ ਇਹ ਵੀ ਖੁਲਾਸਾ ਹੋਇਆ ਕਿ ਉਕਤ ਦੋਸ਼ੀ ਵਿਦੇਸ਼ਾਂ ਵਿਚ ਬੈਠੇ ਕੁਝ ਸਾਥੀਆਂ ਨਾਲ ਮਿਲ ਕੇ ਨਸ਼ਾ ਤਸਕਰੀ ਦਾ ਜਾਲ ਚਲਾ ਰਹੇ ਸਨ | ਇਹ ਗਰੋਹ ਕਾਲੇਕੇ ਵਾਲੀ ਪਿੰਡ ਵਲੋਂ ਖਲਚੀਆਂ ਇਲਾਕੇ ਵਿਚ ਹੈਰੋਇਨ ਦੀ ਵੱਡੀ ਖੇਪ ਲਿਆਉਂਦਾ ਸੀ | ਪੁਲਿਸ ਨੂੰ ਇਹ ਵੀ ਜਾਣਕਾਰੀ ਮਿਲੀ ਕਿ ਜੇ ਕਾਲੇਕੇ ਰੋਡ 'ਤੇ ਨਾਕਾਬੰਦੀ ਕੀਤੀ ਜਾਵੇ ਤਾਂ ਦੋਸ਼ੀਆਂ ਨੂੰ ਵੱਡੀ ਮਾਤਰਾ ਵਿਚ ਨਸ਼ੇ ਸਮੇਤ ਕਾਬੂ ਕੀਤਾ ਜਾ ਸਕਦਾ ਹੈ | ਇਸ ਸੂਚਨਾ ਨੂੰ ਪੱਕੀ ਅਤੇ ਭਰੋਸੇਯੋਗ ਮੰਨਦੇ ਹੋਏ ਸਬ ਇੰਸਪੈਕਟਰ ਹਰਦਿਆਲ ਸਿੰਘ ਨੇ ਤੁਰੰਤ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਉਨ੍ਹਾਂ ਦੇ ਹੁਕਮਾਂ 'ਤੇ ਪੁਲਿਸ ਪਾਰਟੀ ਵਲੋਂ ਕਾਰਵਾਈ ਸ਼ੁਰੂ ਕੀਤੀ ਗਈ | ਇਸ ਦੌਰਾਨ ਪੁਲਿਸ ਪਾਰਟੀ ਸਰਕਾਰੀ ਗੱਡੀ ਵਿਚ ਮੌਕੇ 'ਤੇ ਮੌਜੂਦ ਸੀ ਅਤੇ ਅਗਲੇ ਕਦਮ ਚੁੱਕੇ ਗਏ | ਪੁਲਿਸ ਨੇ ਉਕਤ ਸਾਰੇ ਦੋਸ਼ੀਆਂ ਖ਼ਿਲਾਫ਼ ਸੰਬੰਧਿਤ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ | ਮੁੱਖ ਅਫਸਰ ਮੁਖਤਾਰ ਸਿੰਘ ਵਲੋਂ ਦੱਸਿਆ ਹੈ ਕਿ ਪੁਲਿਸ ਦੋਸ਼ੀਆਂ ਦੀ ਗਿ੍ਫ਼ਤਾਰੀ ਲਈ ਨਾਕਾਬੰਦੀ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ |