ਨਵਾਂ ਪਿੰਡ, 30 ਮਾਰਚ (ਜਸਪਾਲ ਸਿੰਘ)-ਅਕਾਲੀ ਦਲ ਵਾਰਿਸ ਪੰਜਾਬ ਦੇ ਮੁੱਖ ਸੇਵਾਦਾਰ ਤੇ ਹਲਕਾ ਖਡੂਰ ਸਾਹਿਬ ਤੋਂ ਸੰਸਦ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਨੂੰ ਲੋਕ ਸਭਾ ਦੇ ਬਜਟ ਸੈਸ਼ਨ 'ਚ ਹਲਕਾ ਵਾਸੀਆਂ ਦੀ ਗੱਲ ਰੱਖਣ ਲਈ ਉਨ੍ਹਾਂ ਨੂੰ ਪੈਰੋਲ (ਅਸਥਾਈ ਰਿਹਾਈ) ਨਾ ਦਿੱਤੇ ਜਾਣਾ ਲੋਕ ਤੰਤਰ ਦੀ ਹੱਤਿਆ ਹੈ | ਇਗ ਪ੍ਰਗਟਾਵਾ ਭਾਈ ਅਮਨਦੀਪ ਸਿੰਘ ਡੱਡੂਆਣਾ ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅੰਮਿ੍ਤਸਰ ਤੇ ਬਾਬਾ ਬਿਬੇਕ ਸਿੰਘ ਹਲਕਾ ਇੰਚਾਰਜ ਜੰਡਿਆਲਾ ਗੁਰੂ ਨੇ ਕੀਤਾ | ਉਨ੍ਹਾਂ ਕਿਹਾ ਭਾਈ ਸਾਹਿਬ ਲੋਕਾਂ ਦਾ ਵੱਡਾ ਫਤਵਾ ਲੈ ਕੇ ਸੰਸਦ ਚੁਣੇ ਗਏ ਹਨ | ਉਨ੍ਹਾਂ ਨੇ ਲੋਕ ਸਭਾ ਕਾਰਵਾਈ 'ਚ ਭਾਗ ਲੈ ਕੇ ਹਲਕਾ ਖਡੂਰ ਸਾਹਿਬ ਦੇ 11 ਲੱਖ ਤੋਂ ਵੱਧ ਲੋਕਾਂ ਦੀ ਆਵਾਜ਼ ਤੇ ਪੰਜਾਬ ਦੇ ਮੁੱਦੇ ਸੰਸਦ 'ਚ ਰੱਖਣੇ ਸਨ | ਉਨ੍ਹਾਂ ਨੂੰ ਪੈਰੋਲ ਨਾ ਦੇ ਕੇ ਲੱਖਾਂ ਲੋਕਾਂ ਦੇ ਸੰਵਿਧਾਨਕ ਹੱਕਾਂ ਨੂੰ ਕੁਚਲਿਆ ਗਿਆ ਹੈ | ਉਨ੍ਹਾਂ ਨੇ ਮੰਗ ਕੀਤੀ ਕਿ ਭਾਰਤੀ ਸੰਵਿਧਾਨ ਦੇ ਦਾਇਰੇ ਅੰਦਰ ਰਹਿ ਕੇ ਚੋਣ ਜਿੱਤੇ ਸੰਸਦ ਭਾਈ ਅੰਮਿ੍ਤਪਾਲ ਸਿੰਘ ਦੀ ਤੁਰੰਤ ਰਿਹਾਈ ਕੀਤੀ ਜਾਵੇ, ਤਾਂ ਕਿ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਆਹਤ ਹੋਣੋ ਬਚ ਸਕਣ |