ਢੇਰ ਵਿਚ ਲਾਇਬ੍ਰੇਰੀ ਤੇ ਕਮਿਊਨਿਟੀ ਸੈਂਟਰ ਦਾ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤਾ ਉਦਘਾਟਨ ਢੇਰ ਲੋਕ ਮਿਲਣੀ ਦੌਰਾਨ ਹਰਜੋਤ ਬੈਂਸ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਢੇਰ, 1 ਸਤੰਬਰ (ਸ਼ਿਵ ਕੁਮਾਰ ਕਾਲੀਆ)-ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਿੰਡ ਢੇਰ ਵਿਖੇ ਲੋਕ ਮਿਲਣੀ ਦੌਰਾਨ ਪਿੰਡ ਵਾਸੀਆਂ ਨਾਲ ਸਿੱਧਾ ਰਾਬਤਾ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ ’ਤੇ ਮੌਜੂਦ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋਕਾਂ ਦੀਆਂ ਮੁਸ਼ਕਿਲਾਂ ਦਾ ਤੁਰੰਤ ਹੱਲ ਕਰਨ ਲਈ ਨਿਰਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਨੇ ਪਿੰਡ ਦੀ ਲਾਇਬ੍ਰੇਰੀ ਅਤੇ ਕਮਿਊਨਿਟੀ ਸੈਂਟਰ ਦਾ ਵੀ ਉਦਘਾਟਨ ਕੀਤਾ ਅਤੇ ਕਿਹਾ ਕਿ ਉਨ੍ਹਾਂ ਲਈ ਆਪਣੇ ਹਲਕੇ ਦੇ ਲੋਕਾਂ ਦੀ ਸੇਵਾ ਕਰਨਾ ਕੋਈ ਅਹਿਸਾਨ ਨਹੀਂ, ਸਗੋਂ ਫਰਜ਼ ਅਤੇ ਜ਼ਿੰਮੇਵਾਰੀ ਹੈ।
ਢੇਰ, 1 ਸਤੰਬਰ (ਸ਼ਿਵ ਕੁਮਾਰ ਕਾਲੀਆ)-ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਿੰਡ ਢੇਰ ਵਿਖੇ ਲੋਕ ਮਿਲਣੀ ਦੌਰਾਨ ਪਿੰਡ ਵਾਸੀਆਂ ਨਾਲ ਸਿੱਧਾ ਰਾਬਤਾ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ ’ਤੇ ਮੌਜੂਦ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋਕਾਂ ਦੀਆਂ ਮੁਸ਼ਕਿਲਾਂ ਦਾ ਤੁਰੰਤ ਹੱਲ ਕਰਨ ਲਈ ਨਿਰਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਨੇ ਪਿੰਡ ਦੀ ਲਾਇਬ੍ਰੇਰੀ ਅਤੇ ਕਮਿਊਨਿਟੀ ਸੈਂਟਰ ਦਾ ਵੀ ਉਦਘਾਟਨ ਕੀਤਾ ਅਤੇ ਕਿਹਾ ਕਿ ਉਨ੍ਹਾਂ ਲਈ ਆਪਣੇ ਹਲਕੇ ਦੇ ਲੋਕਾਂ ਦੀ ਸੇਵਾ ਕਰਨਾ ਕੋਈ ਅਹਿਸਾਨ ਨਹੀਂ, ਸਗੋਂ ਫਰਜ਼ ਅਤੇ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਨਾਲ ਉਨ੍ਹਾਂ ਦਾ ਡੂੰਘਾ ਰਿਸ਼ਤਾ ਹੈ ਅਤੇ ਇੱਥੋਂ ਦੇ ਲੋਕਾਂ ਨੇ ਉਨ੍ਹਾਂ ਨੂੰ ਆਪਣੇ ਪੁੱਤਰ ਅਤੇ ਭਰਾ ਵਾਂਗ ਪਿਆਰ ਦੇ ਕੇ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪਿੰਡ ਢੇਰ ਵਿਚ ਇਸ ਸਮੇਂ ਕਰੀਬ 2 ਕਰੋੜ 70 ਲੱਖ ਰੁਪਏ ਦੇ ਵਿਕਾਸ ਕਾਰਜ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਪ੍ਰਾਇਮਰੀ ਸਕੂਲ ਲਈ ਕਰੀਬ 35 ਲੱਖ ਰੁਪਏ, ਸੀਨੀਅਰ ਸੈਕੰਡਰੀ ਸਕੂਲ ਲਈ 1 ਕਰੋੜ 14 ਲੱਖ ਰੁਪਏ, ਖੇਡ ਮੈਦਾਨ ਲਈ 57 ਲੱਖ ਰੁਪਏ, ਗਲੀਆਂ-ਨਾਲੀਆਂ ਲਈ 20 ਲੱਖ ਰੁਪਏ, ਸਿਲਾਈ ਸੈਂਟਰ ਲਈ 7 ਲੱਖ ਰੁਪਏ, ਠੋਸ ਕੂੜਾ ਪ੍ਰਬੰਧਨ ਲਈ 8 ਲੱਖ ਰੁਪਏ ਅਤੇ ਪੀਣ ਵਾਲੇ ਪਾਣੀ ਲਈ 8 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਖੇਡ ਮੈਦਾਨ ਦਾ ਕੰਮ ਅਗਲੇ ਕੁੱਝ ਦਿਨਾਂ ਵਿਚ ਮੁਕੰਮਲ ਹੋ ਜਾਵੇਗਾ ਅਤੇ ਪਿੰਡ ਦੇ ਬੱਚਿਆਂ ਨੂੰ ਖੇਡਾਂ ਲਈ ਵਧੀਆ ਸਹੂਲਤ ਮਿਲੇਗੀ। ਉਨ੍ਹਾਂ ਪਿੰਡ ਦੀਆਂ ਹੋਰ ਲੋੜਾਂ ਬਾਰੇ ਵੀ ਜਾਣਕਾਰੀ ਲੈਂਦਿਆਂ ਕਿਹਾ ਕਿ ਸ਼ਮਸ਼ਾਨਘਾਟ ਅਤੇ ਨਵੇਂ ਬਣੇ ਖੇਡ ਮੈਦਾਨ ਨੂੰ ਜੋੜਦੀ ਸੜਕ ਸਮੇਤ ਹੋਰ ਜ਼ਰੂਰੀ ਸੜਕਾਂ ਦਾ ਕੰਮ ਵੀ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡ ਦੇ ਵਿਕਾਸ ਲਈ ਲੋੜੀਂਦੇ ਫ਼ੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਹਰਜੋਤ ਸਿੰਘ ਬੈਂਸ ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਯੋਜਨਾ ਰਾਹੀਂ ਬਜ਼ੁਰਗਾਂ ਅਤੇ ਹੋਰ ਸੰਗਤਾਂ ਨੂੰ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਢੇਰ ਪਿੰਡ ਤੋਂ ਵੀ ਦੋ ਬੱਸਾਂ ਪਹਿਲਾਂ ਹੀ ਤੀਰਥ ਯਾਤਰਾ ’ਤੇ ਜਾ ਚੁੱਕੀਆਂ ਹਨ ਅਤੇ ਆਉਣ ਵਾਲੇ ਸਮੇਂ ਵਿਚ ਹੋਰ ਬੱਸਾਂ ਵੀ ਧਾਰਮਿਕ ਅਸਥਾਨਾਂ ਲਈ ਰਵਾਨਾ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਲੋਕਾਂ ਨੂੰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਉਣ ਦੇ ਨਾਲ-ਨਾਲ ਸਮਾਜਿਕ ਸਾਂਝ ਨੂੰ ਵੀ ਮਜ਼ਬੂਤ ਕਰਨਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਜੋ ਪਿਆਰ ਅਤੇ ਸਤਿਕਾਰ ਦਿੱਤਾ ਹੈ, ਉਸ ਲਈ ਉਹ ਹਮੇਸ਼ਾ ਧੰਨਵਾਦੀ ਰਹਿਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਹਲਕੇ ਦੇ ਵਿਕਾਸ ਲਈ ਜਿੱਥੇ ਵੀ ਜਾਣਾ ਪਵੇ, ਉਹ ਜਾਣ ਅਤੇ ਜਿਸ ਵੀ ਵਿਭਾਗ ਤੋਂ ਫ਼ੰਡ ਲਿਆਉਣੇ ਪੈਣ, ਉਹ ਲਿਆ ਕੇ ਆਪਣੇ ਇਲਾਕੇ ਦੇ ਵਿਕਾਸ ’ਤੇ ਖਰਚ ਕੀਤੇ ਜਾਣ। ਉਨ੍ਹਾਂ ਕਿਹਾ ਕਿ ਨੰਗਲ ਅਤੇ ਸ੍ਰੀ ਅਨੰਦਪੁਰ ਸਾਹਿਬ ਸਮੇਤ ਪੂਰੇ ਹਲਕੇ ਦੀ ਤਸਵੀਰ ਬਦਲਣ ਲਈ ਲਗਾਤਾਰ ਕੰਮ ਚੱਲ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ ਵਿਚ ਵੀ ਵਿਕਾਸ ਕਾਰਜਾਂ ਦੀ ਰਫ਼ਤਾਰ ਘੱਟ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਮਾਤਾਵਾਂ, ਬਜ਼ੁਰਗਾਂ, ਨੌਜਵਾਨਾਂ ਅਤੇ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਦਾ ਆਸ਼ੀਰਵਾਦ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਪੂੰਜੀ ਹੈ ਅਤੇ ਉਹ ਇਸੇ ਤਰ੍ਹਾਂ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਦੇ ਰਹਿਣਗੇ। ਇਸ ਮੌਕੇ ਸੰਦੀਪ ਕੁਮਾਰ ਤਹਿਸੀਲਦਾਰ, ਇਸ਼ਾਨ ਚੋਧਰੀ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ, ਸਰਪੰਚ ਮੱਖਣ ਸਿੰਘ, ਅਮਰੀਕ ਸਿੰਘ ਕਾਕੂ, ਗੁਰਮੀਤ ਸਿੰਘ, ਜਸਵਿੰਦਰ ਸਿੰਘ ਕੂਨਰ, ਜਸਵੀਰ ਸਿੰਘ ਕੂਨਰ, ਸੁਰਿੰਦਰਪਾਲ ਸਿੰਘ ਨੰਬਰਦਾਰ, ਮਨਪ੍ਰੀਤ ਕੌਰ, ਮਨਦੀਪ ਅਕੁਰ, ਪਵਨ ਕੁਮਾਰ, ਹਰਜਾਪ ਸਿੰਘ ਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।