ਨੰਗਲ-ਚੰਡੀਗੜ੍ਹ ਮੁੱਖ ਮਾਰਗ ’ਤੇ ਪਏ ਡੂੰਘੇ ਖੱਡੇ ਰਾਹਗੀਰ ਡਾਹਢੇ ਪਰੇਸ਼ਾਨ
ਨੰਗਲ, 17 ਅਗਸਤ (ਪ੍ਰੀਤਮ ਸਿੰਘ ਬਰਾਰੀ)- ਨੰਗਲ-ਚੰਡੀਗੜ੍ਹ ਮੁੱਖ ਮਾਰਗ ’ਤੇ ਫਲਾਈਓਵਰ ਤੋਂ ਹਿਮਾਚਲ ਪ੍ਰਦੇਸ਼ ਵਲੋਂ ਨੰਗਲ ਸ਼ਹਿਰ ਵੱਲ ਉਤਰਦਿਆਂ ਸੜਕ ਦੀ ਖਸਤਾ ਹਾਲਤ ਨੇ ਰਾਹਗੀਰਾਂ ਅਤੇ ਵਾਹਨ ਚਾਲਕਾਂ ਲਈ ਗੰਭੀਰ ਸਮੱਸਿਆ ਖੜ੍ਹੀ ਕਰ ਦਿੱਤੀ ਹੈ। ਸੜਕ ਦੇ ਕਈ ਹਿੱਸਿਆਂ ਵਿਚ ਡੂੰਘੇ ਟੋਏ ਪਏ ਹੋਣ ਕਾਰਨ ਆਮ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਬਰਸਾਤ ਦੇ ਦਿਨਾਂ ਵਿੱਚ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ।
ਨੰਗਲ, 17 ਅਗਸਤ (ਪ੍ਰੀਤਮ ਸਿੰਘ ਬਰਾਰੀ)- ਨੰਗਲ-ਚੰਡੀਗੜ੍ਹ ਮੁੱਖ ਮਾਰਗ ’ਤੇ ਫਲਾਈਓਵਰ ਤੋਂ ਹਿਮਾਚਲ ਪ੍ਰਦੇਸ਼ ਵਲੋਂ ਨੰਗਲ ਸ਼ਹਿਰ ਵੱਲ ਉਤਰਦਿਆਂ ਸੜਕ ਦੀ ਖਸਤਾ ਹਾਲਤ ਨੇ ਰਾਹਗੀਰਾਂ ਅਤੇ ਵਾਹਨ ਚਾਲਕਾਂ ਲਈ ਗੰਭੀਰ ਸਮੱਸਿਆ ਖੜ੍ਹੀ ਕਰ ਦਿੱਤੀ ਹੈ। ਸੜਕ ਦੇ ਕਈ ਹਿੱਸਿਆਂ ਵਿਚ ਡੂੰਘੇ ਟੋਏ ਪਏ ਹੋਣ ਕਾਰਨ ਆਮ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਬਰਸਾਤ ਦੇ ਦਿਨਾਂ ਵਿੱਚ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ। ਪਾਣੀ ਨਾਲ ਭਰੇ ਟੋਏ ਦਿਖਾਈ ਨਾ ਦੇਣ ਕਾਰਨ ਦੋ-ਪਹੀਆ ਵਾਹਨ ਚਾਲਕਾਂ ਲਈ ਹਾਦਸੇ ਦਾ ਖਤਰਾ ਬਣਿਆ ਰਹਿੰਦਾ ਹੈ।ਇਸ ਜਗਾ ਦੀ ਢਲਾਨ ਕਾਰਨ ਬਰਸਾਤ ਦਾ ਪਾਣੀ ਹੌਲੀ-ਹੌਲੀ ਨਹਿਰ ਵੱਲ ਵਹਿ ਜਾਂਦਾ ਹੈ, ਪਰ ਸੜਕ ਦੇ ਨਾਲ ਲੱਗਦਾ ਖੁੱਲ੍ਹਾ ਗੰਦਾ ਨਾਲਾ ਵੀ ਮੀਂਹ ਦੌਰਾਨ ਪਾਣੀ ਦਾ ਵੱਡਾ ਭਾਰ ਨਹੀਂ ਸੰਭਾਲ ਸਕਦਾ ਅਤੇ ਓਵਰਫਲੋਅ ਹੋਣ ਲੱਗਦਾ ਹੈ। ਇਸ ਕਾਰਨ ਸੜਕ ’ਤੇ ਪਾਣੀ ਖੜ੍ਹਾ ਹੋ ਕੇ ਕਈ ਵਾਰ ਛੱਪੜ ਵਰਗੀ ਸਥਿਤੀ ਪੈਦਾ ਕਰ ਦਿੰਦਾ ਹੈ। ਪਾਣੀ ਵਿੱਚ ਡੁੱਬੇ ਟੋਇਆਂ ਦੀ ਡੂੰਘਾਈ ਦਾ ਅੰਦਾਜ਼ਾ ਨਾ ਲੱਗਣ ਕਾਰਨ ਵਾਹਨ ਚਾਲਕਾਂ ਨੂੰ ਬੇਹੱਦ ਸਾਵਧਾਨੀ ਨਾਲ ਲੰਘਣਾ ਪੈਂਦਾ ਹੈ। ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਸਬੰਧਤ ਵਿਭਾਗ ਵਲੋਂ ਸੜਕ ਦੇ ਖੱਡਿਆਂ ਵਿੱਚ ਮਿੱਟੀ ਤੇ ਬਜਰੀ ਪਾ ਕੇ ਆਰਜ਼ੀ ਤੌਰ ’ਤੇ ਰਸਤਾ ਸੁਧਾਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਇਸ ਤੋਂ ਬਾਅਦ ਹੋਈ ਬਰਸਾਤ ਨਾਲ ਮਿੱਟੀ ਅਤੇ ਬਜਰੀ ਮੁੜ ਖਿਸਕ ਗਈ, ਜਿਸ ਕਾਰਨ ਸੜਕ ਦੀ ਹਾਲਤ ਪਹਿਲਾਂ ਵਰਗੀ ਹੋ ਗਈ। ਲੋਕਾਂ ਦਾ ਕਹਿਣਾ ਹੈ ਕਿ ਇਸ ਸਮੱਸਿਆ ਦਾ ਸਥਾਈ ਹੱਲ ਸਿਰਫ਼ ਖੱਡੇ ਭਰਨ ਦੀ ਬਜਾਏ ਸੜਕ ਦੀ ਪੱਕੀ ਮੁਰੰਮਤ ਅਤੇ ਪਾਣੀ ਦੀ ਨਿਕਾਸੀ ਦਾ ਢੁਕਵਾਂ ਪ੍ਰਬੰਧ ਕਰਨ ਨਾਲ ਹੀ ਸੰਭਵ ਹੈ।ਇਸ ਸਮੇਂ ਮਾਤਾ ਦਾ ਮੇਲਾ ਚੱਲ ਰਿਹਾ ਹੈ, ਜਿਸ ਵਿਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਸ਼ਿਰਕਤ ਕਰ ਰਹੀਆਂ ਹਨ। ਨੰਗਲ ਰਾਹੀਂ ਹਿਮਾਚਲ ਪ੍ਰਦੇਸ਼ ਸਥਿਤ ਮਾਤਾ ਸ੍ਰੀ ਨੈਣਾ ਦੇਵੀ ਜੀ ਅਤੇ ਮਾਤਾ ਚਿੰਤਪੁਰਨੀ ਜੀ ਬਾਬਾ ਬਾਲਕ ਨਾਥ ਜੀ ਸਮੇਤ ਹੋਰ ਧਾਰਮਿਕ ਸਥਾਨਾਂ ਵੱਲ ਜਾਣ ਵਾਲੇ ਸ਼ਰਧਾਲੂਆਂ ਦੀ ਆਵਾਜਾਈ ਵੀ ਇਸ ਮਾਰਗ ’ਤੇ ਵਧ ਜਾਂਦੀ ਹੈ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਮਹੱਤਵਪੂਰਨ ਮਾਰਗ ਦੀ ਸਥਿਤੀ ਦਾ ਤੁਰੰਤ ਜਾਇਜ਼ਾ ਲੈ ਕੇ ਡੂੰਘੇ ਟੋਇਆਂ ਨੂੰ ਪੱਕੇ ਤੌਰ ’ਤੇ ਦੂਰ ਕੀਤਾ ਜਾਵੇ।