ਨੰਗਲ, 31 ਮਾਰਚ (ਗੁਰਪ੍ਰੀਤ ਸਿੰਘ ਗਰੇਵਾਲ)-ਇਲਾਕੇ ਦੇ ਪ੍ਰਸਿੱਧ ਵਕੀਲ ਵਿਸ਼ਾਲ ਸੈਣੀ ਅਤੇ ਆਰ.ਟੀ.ਆਈ. ਕਾਰਕੁੰਨ ਸ੍ਰੀ ਯੋਗੇਸ਼ ਸੱਚਦੇਵਾ ਨੇ ਇਲਾਕਾ ਸੰਘਰਸ਼ ਕਮੇਟੀ ਦੇ ਮੋਹਰੀ ਆਗੂ ਕਾਮਰੇਡ ਸੁਰਜੀਤ ਢੇਰ ਨੂੰ ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਗਿ੍ਫ਼ਤਾਰ ਕਰਨ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ | ਚੇਤੇ ਰਹੇ ਕਿ ਕਾਮਰੇਡ ਸੁਰਜੀਤ ਢੇਰ ਇਲਾਕੇ 'ਚ ਹੋ ਰਹੀ ਨਾਜਾਇਜ਼ ਮਾਈਨਿੰਗ ਵਿਰੁੱਧ ਇੱਕ ਮੰਗ-ਪੱਤਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇਣਾ ਚਾਹੁੰਦੇ ਸਨ | ਇਸੇ ਦੌਰਾਨ ਕਾਮਰੇਡ ਸੁਰਜੀਤ ਢੇਰ ਨੇ ਦੱਸਿਆ ਕਿ ਉਨ੍ਹਾਂ ਨੇ ਬਿਨਾ ਕੋਈ ਖ਼ਾਸ ਕਾਰਨ ਗਿ੍ਫ਼ਤਾਰ ਕੀਤਾ ਗਿਆ ਹੈ, ਜਦੋਂ ਕਿ ਉਹ ਸ਼ਾਂਤੀਪੂਰਵਕ ਤਰੀਕੇ ਨਾਲ ਹੀ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣਾ ਚਾਹੁੰਦੇ ਸਨ | ਇੱਥੇ ਇਹ ਦੱਸਣਾ ਬਣਦਾ ਹੈ ਕਿ ਇਲਾਕੇ 'ਚ ਵੱਡੇ ਪੱਧਰ 'ਤੇ ਨਜਾਇਜ਼ ਮਾਈਨਿੰਗ ਹੋ ਰਹੀ ਹੈ | ਬੇਸ਼ੱਕ ਸਰਕਾਰ ਵਲੋਂ ਕਦੇ ਕਦੇ ਖਾਨਾਪੂਰਤੀ ਕਾਰਵਾਈ ਵੀ ਕੀਤੀ ਜਾਂਦੀ ਹੈ | ਇਲਾਕੇ ਦੀਆਂ ਸੜਕਾਂ ਉਨ੍ਹਾਂ ਟਿੱਪਰਾਂ ਨੇ ਤੋੜ ਦਿੱਤੀਆਂ ਹਨ, ਜਿਹੜੇ ਮਾਈਨਿੰਗ'ਚ ਲੱਗੇ ਹੋਏ ਹਨ ਅਤੇ ਉਨ੍ਹਾਂ ਦੇ ਨੰਬਰ ਵੀ ਨਹੀਂ ਹਨ |