ਨੂਰਪੁਰ ਬੇਦੀ, 19 ਫਰਵਰੀ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ-ਸਰਾਂ ਪੱਤਣ ਮਾਰਗ ਨੂੰ ਚੌੜਾ ਕਰਨ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਹੋ ਗਿਆ ਹੈ | ਇਸ ਮਾਰਗ ਨੂੰ 18 ਫੁੱਟ ਤੋਂ ਚੌੜਾ ਕਰਕੇ 23 ਫੁੱਟ ਕੀਤਾ ਜਾ ਰਿਹਾ ਹੈ ਜਿਸ ਨਾਲ ਇਸ ਮਾਰਗ ਤੇ ਆਵਾਜਾਈ ਸੌਖੀ ਹੋਣ ਦੇ ਨਾਲ ਨਾਲ ਹਾਦਸੇ ਵੀ ਘੱਟਣਗੇ | ਦੱਸਣਯੋਗ ਹੈ ਕਿ ਲੰਬੇ ਅਰਸੇ ਬਾਅਦ ਇਸ ਮਾਰਗ ਨੂੰ ਚੌੜਾ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ | ਸਰਾਂ ਪੱਤਣ 'ਤੇ ਪਹਿਲਾਂ ਢੋਲਾ ਵਾਲਾ ਪੁਲ ਹੋਣ ਕਾਰਨ ਇਸ ਮਾਰਗ ਤੇ ਵਾਹਨਾਂ ਦੀ ਆਵਾਜਾਈ ਘੱਟ ਸੀ | ਪਰ ਨੂਰਪੁਰ ਬੇਦੀ ਇਲਾਕੇ ਵਿਚ ਮਾਈਨਿੰਗ ਕਾਰਨ ਇੱਥੋਂ ਲੰਘਦੇ ਟਿੱਪਰਾਂ ਨੇ ਇਸ ਮਾਰਗ ਨੂੰ ਨਸ਼ਟ ਕਰਨ ਵਿਚ ਆਪਣਾ ਯੋਗਦਾਨ ਪਾਇਆ | ਹੈਵੀ ਲੋਡ ਵਾਲੇ ਵਾਹਨਾਂ ਕਾਰਨ ਇਸ ਮਾਰਗ ਦੀ ਖਸਤਾ ਹਾਲਤ ਬਣਦੀ ਰਹੀ ਹੈ | ਪਰ ਹੁਣ ਇਸ ਮਾਰਗ ਦੇ ਚੌੜਾ ਹੋਣ ਨਾਲ ਇਲਾਕੇ ਵਿਚ ਆਵਾਜਾਈ ਲਈ ਵਾਹਨ ਚਾਲਕਾਂ ਨੂੰ ਵੱਡੀ ਰਾਹਤ ਮਿਲੇਗੀ | ਸ਼ੁਰੂਆਤੀ ਦੌਰ ਵਿਚ ਪਿੰਡ ਬਸੀ ਅਤੇ ਬੜਵਾ ਲਾਗੇ ਇਸ ਮਾਰਗ ਨੂੰ ਚੌੜਾ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ | ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਇਲਾਕੇ ਦੀਆਂ ਸਾਰੀਆਂ ਸੜਕਾਂ ਨੂੰ ਚੌੜਾ ਕਰਕੇ ਬਣਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿਚ ਨੂਰਪੁਰ ਬੇਦੀ ਇਲਾਕੇ ਵਿਚ ਨਵੀਆਂ ਨਿਕੋਰ ਸੜਕਾਂ ਲੋਕਾਂ ਨੂੰ ਰਾਹਤ ਦੇਣਗੀਆਂ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਹਲਕੇ ਦੀਆਂ ਸੜਕਾਂ ਦੀ ਹਾਲਤ ਸੁਧਾਰੀ ਜਾਵੇਗੀ |