26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਹੋਲੇ ਮਹੱਲੇ ਤੋਂ ਪਹਿਲਾਂ ਚਰਨ ਗੰਗਾ ਸਟੇਡੀਅਮ 'ਚ ਵੱਡੇ ਪੱਧਰ 'ਤੇ ਸਫ਼ਾਈ ਮੁਹਿੰਮ ਸ਼ੁਰੂ

ਅਜੀਤ ਡੈਸਕ 20-02-2026
ਸ੍ਰੀ ਅਨੰਦਪੁਰ ਸਾਹਿਬ, 19 ਫਰਵਰੀ (ਜੇ. ਐਸ. ਨਿੱਕੂਵਾਲ)-ਕੌਮੀ ਜੋੜ ਮੇਲਾ ਹੋਲੇ ਮਹੱਲੇ ਨੂੰ ਲੈ ਕੇ ਸਥਾਨਕ ਚਰਨ ਗੰਗਾ ਸਟੇਡੀਅਮ ਵਿਖੇ ਵਣ ਵਿਭਾਗ ਵਲੋਂ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਜਾ ਰਹੀ ਹੈ | ਹੋਲੇ ਮਹੱਲੇ ਦੌਰਾਨ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਦੀ ਆਮਦ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ | ਸਟੇਡੀਅਮ ਅਤੇ ਇਸਦੇ ਆਲੇ-ਦੁਆਲੇ ਇਕੱਠੇ ਹੋਏ ਕੂੜੇ-ਕਰਕਟ ਨੂੰ ਹਟਾਇਆ ਜਾ ਰਿਹਾ ਹੈ ਅਤੇ ਸਫ਼ਾਈ ਕਰਮਚਾਰੀ ਲਗਾਤਾਰ ਕੰਮ ਕਰ ਰਹੇ ਹਨ | ਵਣ ਵਿਭਾਗ ਦੀਆਂ ਟੀਮਾਂ ਵਲੋਂ ਸਫ਼ਾਈ ਅਤੇ ਖੁੱਲ੍ਹੇ ਮੈਦਾਨ ਨੂੰ ਸੁਚੱਜਾ ਬਣਾਉਣ ਲਈ ਮਿੱਟੀ ਸਮਤਲ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ | ਅਧਿਕਾਰੀਆਂ ਨੇ ਦੱਸਿਆ ਕਿ ਸਟੇਡੀਅਮ ਦੇ ਆਲੇ-ਦੁਆਲੇ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਖਤਰਨਾਕ ਟਾਹਣੀਆਂ ਨੂੰ ਵੀ ਕੱਟਿਆ ਜਾ ਰਿਹਾ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਹੋਣੀ ਤੋਂ ਬਚਿਆ ਜਾ ਸਕੇ | ਪ੍ਰਸ਼ਾਸਨ ਵਲੋਂ ਕਿਹਾ ਗਿਆ ਹੈ ਕਿ ਹੋਲੇ ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਸ਼ਹਿਰ ਵਿਚ ਵੱਡੀ ਗਿਣਤੀ ਵਿਚ ਸੰਗਤ ਪਹੁੰਚਦੀ ਹੈ ਅਤੇ ਚਰਨ ਗੰਗਾ ਸਟੇਡੀਅਮ ਸਮੇਤ ਕਈ ਖੁੱਲ੍ਹੇ ਮੈਦਾਨ ਅਸਥਾਈ ਠਹਿਰਾਉ ਅਤੇ ਸਮਾਗਮਾਂ ਲਈ ਵਰਤੇ ਜਾਂਦੇ ਹਨ | ਵਣ ਵਿਭਾਗ ਨੇ ਸ਼ਹਿਰ ਵਾਸੀਆਂ ਅਤੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਤਿਉਹਾਰ ਦੌਰਾਨ ਸਫ਼ਾਈ ਦਾ ਧਿਆਨ ਰੱਖਣ, ਕੂੜਾ ਨਿਰਧਾਰਤ ਥਾਵਾਂ 'ਤੇ ਹੀ ਪਾਉਣ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰਨ ਇਸ ਸਾਂਝੀ ਕੋਸ਼ਿਸ਼ ਨਾਲ ਹੋਲ਼ੇ ਮਹੱਲੇ ਨੂੰ ਸੁਚੱਜੇ ਅਤੇ ਸੁਰੱਖਿਅਤ ਢੰਗ ਨਾਲ ਮਨਾਇਆ ਜਾ ਸਕੇਗਾ |
ਪਿਛਲੀ ਖ਼ਬਰ ਐੱਨ. ਪੀ. ਐੱਸ. ਕਰਮਚਾਰੀਆਂ ਵਲੋਂ ਅਰਥੀ ਫੂਕ ਮੁਜ਼ਾਹਰਾ ਅਗਲੀ ਖ਼ਬਰ ਗਿਆਨੀ ਰਘਵੀਰ ਸਿੰਘ ਨੇ ਸਾਡੇ ਬਿਆਨਾਂ 'ਤੇ ਮੋਹਰ ਲਗਾਈ- ਦੁੱਮਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।